Loading Now

ਭੇਡ ਚਾਲ ਦਾ ਫੈਸ਼ਨ/ਐਡਵੋਕੇਟ ਦਰਸ਼ਨ ਸਿੰਘ ਰਿਆੜ

ਭੇਡ ਚਾਲ ਦਾ ਫੈਸ਼ਨ/ਐਡਵੋਕੇਟ ਦਰਸ਼ਨ ਸਿੰਘ ਰਿਆੜ

ਭੇਡ ਚਾਲ ਕਿ ਫ਼ੈਸ਼ਨ! ਆਧੁਨਿਕ ਦੌਰ ਇਸ਼ਤਿਹਾਰਬਾਜ਼ੀ ਤੇ ਵਿਖਾਵੇ ਦਾ ਯੁੱਗ ਹੈ।ਫੇਸਬੁੱਕ ਤੇ ਸੋਸ਼ਲ ਮੀਡੀਏ ਦਾ ਜ਼ਮਾਨਾ ਹੈ।ਕਦੇ ਉਹ ਵੇਲਾ ਹੁੰਦਾ ਸੀ ਕਿ ਕਿਸੇ ਦੇ ਘਰ ਕੀ ਰਿੱਝਦਾ ਪੱਕਦਾ ਹੈ,ਉਹ ਕੀ ਖਾ ਰਹੇ ਹਨ,ਘਰ ਵਿੱਚ ਹਨ ਕਿ ਜਾਂ ਬਾਹਰ ਅੰਦਰ ਗਏ ਹੋਏ ਹਨ, ਸਭ ਕੁਝ ਗੁਪਤ ਜਿਹਾ ਹੁੰਦਾ ਸੀ।ਵਿਆਹ ਸ਼ਾਦੀਆਂ ਤੇ ਜਾਣ ਦਾ ਪਤਾ ਵੀ ਘਰ ਵਾਲਿਆਂ ਨੂੰ ਹੀ ਹੁੰਦਾ ਸੀ ਜਾਂ ਫਿਰ ਕਿਸੇ ਖ਼ਾਸ ਮਿੱਤਰ ਜਾਂ ਸਕੇ ਸਬੰਧੀ ਨੂੰ।ਹੁਣ ਤਾਂ ਲੋਕ ਵਿਖਾਵੇ ਦੇ ਏਨੇ ਸ਼ੌਕੀਨ ਹੋ ਗਏ ਹਨ ਕਿ ਜਦੋਂ ਤੱਕ ਖਾਧੀ ਪੀਤੀ ਦੀ ਗੱਲ ਜਾਂ ਫਿਰ ਨਵੇਂ ਫ਼ੈਸ਼ਨ ਦੇ ਕੱਪੜੇ ਪਹਿਨੇ ਹੋਣ ਦੀ ਵੀਡੀਓ ਫੇਸਬੁੱਕ ਉੱਪਰ ਲੋਡ ਨਾ ਕੀਤੀ ਜਾਵੇ,ਤਦ ਤੱਕ ਰੋਟੀ ਹਜ਼ਮ ਹੀ ਨਹੀਂ ਹੁੰਦੀ?ਕਿਹੋ ਜਿਹਾ ਚੰਦਰਾ ਜ਼ਮਾਨਾ ਆ ਗਿਆ ਏ,ਜਿਹੜੀਆਂ ਗੱਲਾਂ ਦਾ ਪਤਾ ਘਰ ਵਾਲਿਆਂ ਨੂੰ ਵੀ ਨਹੀਂ ਹੁੰਦਾ ਉਹ ਆਮ ਲੋਕਾਂ ਤੱਕ ਜੰਗਲ ਦੀ ਅੱਗ ਵਾਂਗ ਫੈਲ ਗਈਆਂ ਹੁੰਦੀਆਂ ਨੇ।

ਬੌਲੀਵੁੱਡ ਹੋਵੇ ਜਾਂ ਹਾਲੀਵੁੱਡ ਇਹਨਾਂ ਦੇ ਹੀਰੋ ਤੇ ਹੀਰੋਇਨਾਂ,ਮੰਨਿਆ ਮਸ਼ਹੂਰ ਹੁੰਦੇ ਹਨ ਉਹਨਾਂ ਦੇ ਇੱਕ ਦੂਜੇ ਨਾਲ ਇਸ਼ਕ-ਮੁਸ਼ਕ ਦੇ ਕਿਸੇ ਕਹਾਣੀਆਂ ਤਾਂ ਪ੍ਰਸਿੱਧ ਹੋਣੇ ਹੀ ਹੁੰਦੇ ਨੇ,ਗਰਭ ਧਾਰਨ ਕਰਨ ਦੀਆਂ ਖ਼ਬਰਾਂ ਵੀ ਅਖਬਾਰੀ ਸੁਰਖ਼ੀਆਂ ਬਣ ਜਾਂਦੀਆਂ ਨੇ।ਨਾ ਕੋਈ ਸੰਗ ਤੇ ਨਾ ਕੋਈ ਸ਼ਰਮ!ਘਰ ਵਿੱਚ ਨਵਾਂ ਜੀਅ ਆਉਣ ਦਾ ਚਾਅ ਤਾਂ ਭਾਵੇਂ ਸਾਰਿਆਂ ਨੂੰ ਹੀ ਹੁੰਦਾ ਹੈ ਤੇ ਇਹ ਇਕ ਕੁਦਰਤੀ ਪ੍ਰਕ੍ਰਿਆ ਵੀ ਹੈ,ਪਰ ਪਹਿਲਾਂ ਇਸ ਦਾ ਪਤਾ ਬੱਚੇ ਦੇ ਜਨਮ ਹੋਣ ਤੇ ਹੀ ਲੱਗਦਾ ਸੀ।ਹੁਣ ਤਾਂ…….। ਦੋਸਤ ਮਿੱਤਰ ਬਣਨਾ ਤੇ ਦੋਸਤੀ ਪੁਗਾਉਣੀ ਉਂਜ ਤਾਂ ਮਨੁੱਖੀ ਫ਼ਿਤਰਤ ਹੈ।ਆਧੁਨਿਕਤਾ ਦੇ ਦੌਰ ਨਾਲ ਹੁਣ ਇਸਤਰੀ-ਮਰਦ,ਬੁੱਢੇ ਤੇ ਬਚੇ,ਵਿਆਹੇ,ਕੁਆਰੇ ਤੇ ਛੜੇ ਸਭ ਨੂੰ ਦੋਸਤੀ ਦਾ ਬੁਖ਼ਾਰ ਚੜ੍ਹਿਆ ਹੋਇਆ ਹੈ।ਰਿਸ਼ਤੇ ਨਾਤੇ ਵੀ ਹੁਣ ਤਾਂ ਦੋਸਤੀ ਦੇ ਅਧਾਰ ਤੇ ਹੀ ਤਹਿ ਹੋਣ ਲਗ ਪਏ ਹਨ।ਉਂਜ ਤਾਂ ਇੱਕ ਗੱਲੋਂ ਇਹ ਲਾਭਕਾਰੀ ਵੀ ਹੈ ਕਿ ਹਿੰਗ ਲੱਗੇ ਨਾ ਫਟਕੜੀ,ਰੰਗ ਚੋਖਾ!ਦੋਵੇਂ ਧਿਰਾਂ ਇਕ ਦੂਜੇ ਨੂੰ ਜਾਣਦੇ ਬੁੱਝਦੇ ਹੋਣ ,ਇੱਕ ਦੂਜੇ ਦੀਆਂ ਆਦਤਾਂ ਤੋਂ ਜਾਣੂ ਹੋਣ ਤਾਂ ਬਾਦ ਵਿਚ ਕਿਸੇ ਝਗੜੇ ਦਾ ਡਰ ਨਹੀਂ ਰਹਿੰਦਾ?ਪਰ ਡੁੱਬੀ ਤਾਂ ਜੇ ਸਾਹ ਨਾ ਅਇਆ?ਅਜਿਹੇ ਰਿਸ਼ਤੇ ਧੁਰ ਕਿੱਥੇ ਚੜ੍ਹਦੇ ਨੇ।

ਲੱਗਦੀ ਬਾਦ ਵਿੱਚ ਤੇ ਟੁੱਟ ਪਹਿਲਾਂ ਜਾਂਦੀ ਏ।ਫਿਰ ਮਨ ਮੁਟਾਵ,ਮੂੰਹ ਮੋਟਾ! ਹੋਰ ਤਾਂ ਹੋਰ ,ਸਭ ਤੋਂ ਪਹਿਲਾਂ ਤਾਂ ਫ਼ੋਨ ਬਲੌਕ ਹੁੰਦੇ ਨੇ।ਫਿਰ ਇਕ ਦੂਜੇ ਵਿਰੁੱਧ ਰੱਜ ਕੇ ਭੜਾਸ ਵੀ ਕੱਢਦੇ ਨੇ।ਵੰਨ ਸੁਵੰਨੀਆਂ ਟੂਕਾਂ ਤੇ ਮੁਹਾਵਰੇ ਸੁਣਨ ਨੂੰ ਮਿਲਦੇ ਨੇ: ” ਲੱਗੀ ਨਾਲੋਂ ਟੁੱਟੀ ਚੰਗੀ ਬੇਕਦਰਾਂ ਦੀ ਯਾਰੀ,ਤੇ ਟੁੱਟ ਗਈ ਤੜੱਕ ਕਰਕੇ……..”ਜਾਂ ਫਿਰ ” ਭਲਾ ਹੋਇਆ ਮੇਰਾ ਚਰਖਾ ਟੁੱਟਾ,ਜਿੰਦ ਅਜ਼ਾਬੋਂ ਛੁੱਟੀ” ਵਗ਼ੈਰਾ ਵਗੈਰਾ! ਰਿਲੇਸ਼ਨਸ਼ਿਪ ਵਿੱਚ ਰਹਿਣਾ ਅੱਜਕੱਲ੍ਹ ਵਿਆਹ ਸ਼ਾਦੀ ਤੋਂ ਬਿਨਾਂ ਹੀ ਸ਼ਾਦੀ ਵਾਲੇ ਬੰਧਨ ਵਿਚ ਰਹਿਣਾ,ਬੱਚੇ ਵੀ ਪੈਦਾ ਕਰ ਲੈਣੇ ਤੇ ਫਿਰ ਅਚਾਨਕ ਪਈ ਬ੍ਰੇਕ ਕਾਰਨ ਸਭ ਕੁਝ ਖਿੱਲਰ ਪੁੱਲਰ ਜਾਣਾ! ਇਹਨੂੰ ਕਹਿੰਦੇ ਨੇ ਆਧੁਨਿਕਤਾ।ਪੰਜਾਹ ਤੋਂ ਟੱਪੀਆਂ ਬੀਬੀਆਂ ਤੇ ਸਤਰਾਂ ਤੋਂ ਉੱਪਰ ਉਮਰ ਦੇ ਬਾਬੇ ਵੀ ਬੜੇ ਸ਼ੌਕ ਨਾਲ ਦੱਸਦੇ ਨੇ ਕਿ ਅਸੀਂ ਤਾਂ ਰਿਲੇਸ਼ਨ ਵਿਚ ਹਾਂ।ਕੋਈ ਦੂਸਰੇ ਰਿਲੇਸ਼ਨ ਸਿੱਪ ਵਿਚ ਹੈ ਤੇ ਕੋਈ ਤੀਸਰੇ ਵਿੱਚ!ਵਿਆਹਾਂ ਦੇ ਬਾਦ ਤਾਂ ਤਲਾਕ ਹੁੰਦੇ ਸਨ ਤੇ ਤਲਾਕ ਦੇ ਲੰਬੇ ਝੰਜਟ ਬਾਦ ਦੋਹਾਂ ਧਿਰਾਂ ਨੂੰ ਅਜ਼ਾਦੀ ਮਿਲਦੀ ਸੀ।ਫਿਰ ਕਿਤੇ ਜਾ ਕੇ ਉਹ ਨਵੇਂ ਸਿਰੇ ਤੋਂ ਜ਼ਿੰਦਗੀ ਅਰੰਭਣ ਦੇ ਯੋਗ ਹੁੰਦੇ ਸਨ।

ਤਲਾਕ ਤਾਂ ਉਂਜ ਹੀ ਪੱਛਮੀ ਕਲਚਰ ਦੀ ਉਪਜ ਸੀ ,ਆਧੁਨਿਕਤਾ ਨਾਲ ਸਾਡੇ ਭਾਰਤੀ ਕਲਚਰ ਵਿਚ ਵੀ ਐਸੇ ਆਣ ਘੁਸਰੇ ਹਨ ਕਿ ਦੇਸ਼ ਭਰ ਦੀਆਂ ਅਦਾਲਤਾਂ ਤਲਾਕ ਦੇ ਮੁਕੱਦਮਿਆਂ ਨਾਲ ਭਰੀਆਂ ਪਈਆਂ ਹਨ।ਇਹਨਾਂ ਪਰਿਵਾਰਕ ਝਗੜਿਆਂ ਨੂੰ ਨਿਬੇੜਨ ਵਾਸਤੇ ਸਪੈਸ਼ਲ ਫੈਮਲੀ ਕੋਰਟਾਂ ਦਾ ਗਠਨ ਵੀ ਕੀਤਾ ਗਿਆ ਹੈ।ਫਿਰ ਵੀ ਵਿਆਹ ਸ਼ਾਦੀ ਦੇ ਝਗੜਿਆਂ ਤੋਂ ਉਪਜੇ ਮੁਕੱਦਮਿਆਂ ਦੀ ਏਨੀ ਭਰਮਾਰ ਹੈ ਕਿ ਸਾਲਾਂ ਬੱਧੀ ਲਟਕਣ ਬਾਦ ਵੀ ਮਸਲੇ ਹੱਲ ਨਹੀਂ ਹੁੰਦੇ ਤੇ ਉਲਝਦੇ ਹੀ ਰਹਿੰਦੇ ਹਨ। ਭਾਰਤੀ ਕਲਚਰ ਵਿੱਚ ਤਾਂ ਤਲਾਕ ਦਾ ਕੋਈ ਨਾਂ ਪਤਾ ਹੀ ਨਹੀਂ ਸੀ ਜਾਣਦਾ ਹੁੰਦਾ।ਜਿਸ ਘਰ ਜ਼ਨਾਨੀ ਵਿਆਹ ਕੇ ਆਈ ਹੁੰਦੀ ਸੀ ਉਸੇ ਘਰੋਂ ਹੀ ਉਸ ਦੀ ਅਰਥੀ ਉੱਠਦੀ ਹੁੰਦੀ ਸੀ।

ਅਜ਼ਾਦੀ ਦੀ ਖੁੱਲ੍ਹ ਖ਼ੁਲਾਸਾ ਨਾਲ ਹਉਮੈ ਤੇ ਈਗੋ ਦੀ ਭਾਵਨਾ ਵੀ ਪਰਿਵਾਰਕ ਝਗੜਿਆਂ ਦਾ ਮੁੱਖ ਕਾਰਨ ਬਣੀ ਹੈ।ਅਜ਼ਾਦੀ ਨਾਲ ਔਰਤ ਤੇ ਮਰਦ ਦੋਵੇਂ ਬਰਾਬਰਤਾ ਦੀ ਮਹੱਤਤਾ ਸਮਝਦੇ ਹੋਏ ਸਬਰ ਤੇ ਸੰਜਮ ਨਾਲ ਰਹਿਣ ਤੋਂ ਮੁਨਕਰ ਹੋਣ ਲੱਗ ਪਏ ਹਨ। ਸਹਿਣਸ਼ੀਲਤਾ ਦਾ ਮਾਦਾ ਖ਼ਤਮ ਹੋਣਾ ਵੀ ਪਰਿਵਾਰਕ ਝਗੜਿਆਂ ਦਾ ਕਾਰਨ ਬਣ ਰਿਹਾ ਹੈ।ਪੜ੍ਹਨ ਲਿਖਣ ਨਾਲ ਸਿਆਣੇ ਹੋਣ ਤੇ ਆਪੋ ਆਪਣੀ ਜ਼ਿੰਮੇਵਾਰੀ ਤੇ ਅਧਿਕਾਰਾਂ ਬਾਰੇ ਜਾਣੂ ਹੋਣਾ ਵਧੀਆ ਗੱਲ ਹੈ। ਅਜਿਹਾ ਗ੍ਰਹਿਸਤੀ ਗੱਡੀ ਦੀ ਸਫਲਤਾ ਲਈ ਜ਼ਰੂਰੀ ਵੀ ਸੀ।ਪਰ ਜਦੋਂ ਹੈਂਕੜਬਾਜ਼ੀ ਉਤਪੰਨ ਹੋਣ ਲਗ ਪਵੇ ਤੇ ਬਰਦਾਸ਼ਤ ਕਰਨ ਦਾ ਮਾਦਾ ਨਾ ਰਹੇ ਤਾਂ ਪੜੇ ਲਿਖੇ ਲੋਕ ਕਿੱਥੇ ਸਮਝਦੇ ਹਨ? ਇਹੀ ਕਾਰਨ ਹੈ ਕਿ ਅੱਜਕੱਲ੍ਹ ਉੱਚ ਪੱਧਰ ਦੇ ਪੜ੍ਹੇ ਲਿਖੇ ਜੋੜਿਆਂ ਦੇ ਤਲਾਕ ਵਧੇਰੇ ਹੁੰਦੇ ਹਨ।ਉਹਨਾਂ ਲੋਕਾਂ ਵਿੱਚ ਸ਼ੱਕ ਤੇ ਈਰਖਾ ਜ਼ਿਆਦਾ ਹੁੰਦੀ ਹੈ।ਸ਼ੱਕ ਤੇ ਈਰਖਾ ਘਰਾਂ ਨੂੰ ਤਬਾਹ ਕਰਕੇ ਰੱਖ ਦਿੰਦੀ ਹੈ।

ਵਿਆਹ ਪਿਆਰ ਦੇ ਨਤੀਜੇ ਵਾਲੇ ਅਰਥਾਤ ਲਵ-ਮੈਰਿਜ ਤੇ ਅਧਾਰਤ ਹੋਣ ਜਾਂ ਫਿਰ ਪਰਿਵਾਰਕ ਰਜ਼ਾਮੰਦੀ ਅਨੁਸਾਰ ਤਹਿ ਕਰਨ ਅਨੂਸਾਰ,ਉਹਨਾਂ ਵਿੱਚ ਉਤਪੰਨ ਹੋਏ ਝਗੜੇ ਜਾਂ ਤਾਂ ਰਿਸ਼ਤੇਦਾਰ ਤੇ ਸੰਬੰਧੀਆਂ ਦੀ ਦਖ਼ਲਅੰਦਾਜ਼ੀ ਨਾਲ ਹੱਲ ਹੋ ਜਾਂਦੇ ਸਨ ਜਾਂ ਫਿਰ ਪੰਚਾਇਤਾਂ ਦੇ ਦਖ਼ਲ ਦੇਣ ਨਾਲ।ਉਂਜ ਤਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਅੱਜਕੱਲ੍ਹ ਇਹ ਝਗੜੇ ਨਿਪਟਾਉਣ ਦੇ ਕੁਝ ਕੁਝ ਹੱਕ ਪ੍ਰਾਪਤ ਹਨ।ਪਰ ਆਖ਼ਰੀ ਛੁਟਕਾਰਾ ਅਦਾਲਤੀ ਕਾਰਵਾਈ ਨਾਲ ਹੀ ਹੁੰਦਾ ਹੈ।ਔਖਾ ਹੋਵੇ ਜਾਂ ਸੌਖਾ,ਗਲ਼ ਪਿਆ ਢੋਲ ਵਜਾਉਣਾ ਹੀ ਪੈਂਦਾ ਹੈ।ਉੱਖਲੀ ਵਿੱਚ ਸਿਰ ਦੇਵਾਂਗੇ ਤਾਂ ਮੋਹਲ਼ੇ ਤਾਂ ਵੱਜਣਗੇ ਹੀ।ਇਹ ਤਾਂ ਚਿੰਗਾੜੀ ਲੱਗਣ ਤੋਂ ਪਹਿਲਾਂ ਤੇ ਫਿਰ ਉਸ ਨੂੰ ਭਟਕਣ ਤੋਂ ਜਿਸ ਨੇ ਬਚਾ ਲਿਆ ਓਹੀ ਭਲਾ! ਨਹੀਂ ਤਾਂ ਅਦਾਲਤਾਂ ਦੇ ਚੱਕਰ ਤੇ ਤਰੀਕਾਂ ਦੀ ਖੱਜਲ ਖ਼ਰਾਬੀ ਮੂੰਹ ਦੂਜੇ ਪਾਸੇ ਲਗਾ ਦੇਂਦੀ ਏ।

ਏਸੇ ਲਈ ਤਾਂ ਸਾਡੇ ਕਲਚਰ ਵਿਚ ਇਹ ਮੁਹਾਵਰਾ ਜਿਹਾ ਬੜਾ ਹੀ ਮਸ਼ਹੂਰ ਸੀ ਕਿ-ਬਿਮਾਰੀਆਂ ਤੇ ਮੁਕੱਦਮਿਆਂ ਤੋਂ ਤਾਂ ਰੱਬ ਹੀ ਬਚਾਵੇ! ਉਂਜ ਅੱਜਕੱਲ੍ਹ ਡਾਕਟਰ ਵੀ ਦੂਜੇ ਰੱਬ ਬਣ ਚੁੱਕੇ ਹਨ।ਮਰਦੇ ਮਰਦੇ ਨੂੰ ਬਚਾ ਦੇਣ ਦੀ ਯੋਗਤਾ ਰੱਖਦੇ ਹਨ।ਹਰ ਕੋਈ ਇਹਨਾਂ ਦੀ ਇੱਜ਼ਤ ਵੀ ਬਹੁਤ ਕਰਦਾ ਹੈ।ਪਰ ਮਹਿੰਗਾਈ ਦੇ ਇਸ ਦੌਰ ਵਿੱਚ ਇਲਾਜ ਵੀ ਬਹੁਤ ਮਹਿੰਗੇ ਹੋ ਚੁੱਕੇ ਹਨ ਤੇ ਕਈ ਡਾਕਟਰ ਵੀ ਬਹੁਤ ਲਾਲਚੀ।ਮਜਬੂਰੀ ਵੱਸ ਮਰੀਜ਼ਾਂ ਨੂੰ ਹਸਪਤਾਲਾਂ ਵੱਲ ਦੌੜਨਾ ਪੈਂਦਾ ਹੈ।ਪਰ ਤੰਦਰੁਸਤੀ ਸਮੇਂ ਜਾਂ ਉਂਜ ਚਾਹ ਕੇ ਕੋਈ ਵੀ ਡਾਕਟਰਾਂ ਵਲ ਤੱਕਣਾ ਵੀ ਨਹੀਂ ਚਾਹੁੰਦਾ।ਇਸ ਦਾ ਇਹ ਅਰਥ ਹਰਗਿਜ਼ ਨਹੀਂ ਕਿ ਡਾਕਟਰ ਲੋਕ ਮਾੜੇ ਹੁੰਦੇ ਹਨ ਜਾਂ ਸਾਰੇ ਹੀ ਲਾਲਚੀ ਹੁੰਦੇ ਹਨ।ਪਰ ਇੱਕ ਲਿੱਬੜੀ ਮੱਝ ਦੇ ਸਾਰੀਆਂ ਨੂੰ ਲਬੇੜਨਾ ਵਾਂਗ ਬਦਨਾਮੀ ਤਾਂ ਸਾਰੇ ਖ਼ਿੱਤੇ ਨੂੰ ਹੀ ਸਹਿਣੀ ਪੈਂਦੀ ਹੈ।

ਇਹੀ ਹਾਲ ਵਕੀਲਾਂ ਦੇ ਪੇਸ਼ੇ ਦਾ ਹੈ।ਜਿਵੇਂ ਕਦੇ ਸ਼ਾਹਾਂ ਬਿਨਾਂ ਪੱਤ ਨਹੀਂ ਸੀ ਹੁੰਦੀ ,ਉਸੇ ਤਰ੍ਹਾਂ ਵਕੀਲਾਂ ਬਿਨਾਂ ਵੀ ਅੱਜਕੱਲ੍ਹ ਗਤ ਨਹੀਂ ਹੁੰਦੀ।ਏਧਰ ਵੀ ਚੰਗੇ ਤੇ ਮਾੜੇ,ਲਾਲਚੀ ਤੇ ਦਿਆਲੂ ਹਰ ਤਰ੍ਹਾਂ ਦੇ ਲੋਕ ਮਿਲ ਜਾਂਦੇ ਹਨ।ਕਈ ਜਾਣ ਬੁੱਝ ਕੇ ਮੁਕੱਦਮੇ ਲਟਕਾਉਂਦੇ ਰਹਿੰਦੇ ਹਨ ਤੇ ਕਈ ਮੁਕੱਦਮੇ ਦਾਇਰ ਕਰਨ ਤੋਂ ਬਿਨਾਂ ਹੀ ਫ਼ਰਜ਼ੀ ਤਰੀਕਾਂ ਦੱਸ ਕਿ ਸਾਇਲਾਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰਕੇ ਆਪਣੀ ਜੇਬ ਹਰੀ ਕਰਦੇ ਰਹਿੰਦੇ ਹਨ।ਪਰ ਜਦੋਂ ਹੇਰਾਫੇਰੀ ਦੀ ਅਸਲੀਅਤ ਜ਼ਾਹਰ ਹੁੰਦੀ ਹੈ ਤਾਂ ਉਹ ਪੀੜਿਤ ਲੋਕ ਅਜਿਹੀਆਂ ਬਦਦੁਆਵਾਂ ਦੇਂਦੇ ਹਨ ਕਿ ਰੱਬ ਵੀ ਸੁਣਨੋਂ ਮੁਨਕਰ ਹੋ ਜਾਵੇ! ਪਰ ਇਸ ਅਜਬ ਗ਼ਜ਼ਬ ਦੁਨੀਆ ਦਾ ਇਹ ਅਜੀਬ ਜਿਹਾ ਵਰਤਾਰਾ ਆਪਣੀ ਹੀ ਚਾਲੇ ਚੱਲੀ ਜਾਂਦਾ ਹੈ।

ਇਹ ਗੱਲ ਵੀ ਹਰ ਕੋਈ ਭਲੀ ਭਾਂਤ ਸਮਝਦਾ ਹੇ ਕਿ ਹੱਕ ਹਲਾਲ ਦੀ ਕਮਾਈ ਵਿੱਚ ਹੀ ਬਰਕਤ ਹੁੰਦੀ ਹੈ।ਪ੍ਰਸਿੱਧ ਗਾਇਕ ਗੁਰਦਾਸ ਮਾਨ ਦੇ ਗੀਤ ਦੀਆਂ ਲਾਈਨਾਂ ਬੜੀਆਂ ਪ੍ਰਭਾਵੀ ਹਨ: “ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਿਸ਼ਾਂ ਕਰੀਏ…”। ਪਰ ਇਹ ਦੁਨੀਆ ਸਮਝਦੀ ਕਿੱਥੇ ਹੈ ਜਨਾਬ! ਜਿਸ ਦੇ ਪੈਰ ਥੱਲੇ ਬਟੇਰਾ ਆ ਜਾਵੇ ਉਹ ਹੀ ਖ਼ੁਦ ਨੂੰ ਸ਼ਿਕਾਰੀ ਮੰਨ ਬੈਠਦਾ ਹੈ।ਗੱਲ ਰੋਟੀ ਦੀ ਚੱਲੀ ਤਾਂ ਯਾਦ ਆਇਆ ਕਿ ਰੋਟੀ ਤਾਂ ਘਰ ਦੀ ਹੀ ਸੰਤੁਸ਼ਟ ਕਰਦੀ ਹੈ।ਬਾਹਰੋਂ ਭਾਵੇਂ ਲੱਖ ਨਿਆਮਤਾਂ ਛਕ ਲਈਏ ਪਰ ਜੋ ਅਨੰਦ ਘਰ ਦੀ ਰੁੱਖੀ ਮਿੱਸੀ ਨਾਲ ਆਉਂਦਾ ਹੈ ਉਹ ਰੈਸਟੋਰੈਂਟ ਤੇ ਹੋਟਲਾਂ ਦੇ ਮਸਾਲਾ ਭਰਪੂਰ ਖਾਣਿਆਂ ਤੋਂ ਕਿੱਥੇ? ਏਸੇ ਕਾਰਨ ਤੇ ਸਾਡੇ ਮੁਹਾਵਰਾ ਪ੍ਰਚੱਲਿਤ ਹੋਇਆ ਸੀ: ” ਦਾਲ ਰੋਟੀ ਘਰ ਦੀ ਤੇ ਦੀਵਾਲੀ ਅੰਮ੍ਰਿਤਸਰ ਦੀ”।

ਸਿਹਤ ਦੀ ਸਿੱਖਿਆ ਦੇਣ ਵਾਲੇ ਡਾਕਟਰ ਤੇ ਡਾਈਟੀਸ਼ੀਅਨ ਵੀ ਏਹੀ ਸਲਾਹ ਦੇਂਦੇ ਹਨ ਕਿ ਅਜੋਕੀ ਮਿਲਾਵਟ ਭਰਪੂਰ ਜ਼ਿੰਦਗੀ ਤੋਂ ਆਪਣੇ ਆਪ ਨੂੰ ਮਹਿਫ਼ੂਜ਼ ਰੱਖਣ ਲਈ ਰੋਟੀ ਘਰ ਦੀ ਹੀ ਖਾਣੀ ਬਿਹਤਰ ਹੈ।ਪਰ ਲੋਕ ਕਿਥੇ ਸੰਤੁਸ਼ਟ ਹੁੰਦੇ ਹਨ।ਛੁੱਟੀਆਂ ਦੇ ਦਿਨ,ਜਨਮ ਦਿਨ ਤੇ ਸਾਲਗਿਰਾਹਾਂ ਦੇ ਬਹਾਨੇ ਜਾਂ ਫਿਰ ਕਿਸੇ ਨਾ ਕਿਸੇ ਪਾਰਟੀ ਦੀ ਆੜ ਵਿੱਚ ਮਸ਼ਹੂਰ ਢਾਬਿਆਂ,ਹੋਟਲਾਂ ਤੇ ਰੈਸਟੋਰੈਂਟਾਂ ਵਿੱਚੋਂ ਖਾਣਾ ਖਾਣ ਨੂੰ ਸ਼ਾਨ ਤੇ ਅਮੀਰੀ ਰੋਹਬ ਬਣਾ ਲੈਂਦੇ ਹਨ।ਜਲੰਧਰ ਲੁਧਿਆਣਾ ਰੋਡ ਉੱਪਰ ਅਜਿਹੇ ਉੱਚਕੋਟੀ ਦੇ ਢਾਬਿਆਂ ਤੇ ਰੈਸਟੋਰੈਂਟਾਂ ਦਾ ਜਾਲ ਜਿਹਾ ਵਿਛਿਆ ਪਿਆ ਹੈ।ਇਹਨਾਂ ਵਿੱਚੋਂ ਕਿਤੇ ਵੀ ਜਾ ਕੇ ਵੇਖ ਲਉ,ਰਾਤ ਨੂੰ ਬਾਰਾਂ ਵਜੇ ਤਕ ਸਹਿਜੇ ਸੀਟ ਹੀ ਨਹੀਂ ਮਿਲਦੀ।ਚਾਰ ਜਾਣਿਆਂ ਦੇ ਖਾਣੇ ਦਾ ਬਿੱਲ ਉਹ ਓਨਾ ਕੁ ਬਣਾ ਦੇਂਦੇ ਹਨ ਜਿਸ ਨਾਲ ਉਸ ਪਰਿਵਾਰ ਦਾ ਹਫ਼ਤਾ ਸੌਖਾ ਲੰਘ ਜਾਵੇ।

ਛੋਟੀਆਂ ਛੋਟੀਆਂ ਨਮੂਨੇ ਦੀਆਂ ਕੌਲੀਆਂ ਵਿਚੋਂ ਦਾਲ ਤੇ ਖੀਰ ਦੇ ਭਾਵੇਂ ਦੋ ਚਮਚੇ ਹੀ ਨਿਕਲਣ,” ਅਨੰਦ ਆ ਗਿਆ ਭਈ ” ਦੇ ਬੋਲ ਸੁਣਨ ਨੂੰ ਮਿਲਦੇ ਹਨ।ਬਿੱਲ ਦਾ ਭੁਗਤਾਨ ਕਰਕੇ ਪੰਜਾਹ ਜਾਂ ਸੌ ਰੁਪਏ ਟਿੱਪ ਨਾ ਦੇਣ ਤਾਂ ਉਹਨਾਂ ਨੂੰ ਬੇਇੱਜ਼ਤੀ ਮਹਿਸੂਸ ਹੁੰਦੀ ਹੈ,ਨਾਲ ਦੇ ਸਾਥੀਆਂ ਸਾਹਮਣੇ ਹੀਣ ਭਾਵਨਾ ਨਜ਼ਰ ਆਉਂਦੀ ਹੈ।ਗੱਡੀ ਪਾਰਕਿੰਗ ਵਿੱਚੋਂ ਕੱਢਦੇ ਸਮੇਂ ਸਕਿਉਰਿਟੀ ਗਾਰਡ ਵੀ ਆਪਣਾ ਲਾਗ ਲੈ ਕਿ ਹੀ ਰੁਖ਼ਸਤ ਹੋਣ ਦਿੰਦੇ ਨੇ।ਪਰ ਇਸ ਤੋਂ ਅੱਗੇ ਜੇ ਕਰ ਕੋਈ ਲਾਚਾਰ ਮੰਗਤਾ ਹੱਥ ਅੱਡੇ ਤੇ ਲਿਲ੍ਹਕੜੀਆਂ ਵੀ ਕਢੇ,ਮਜਾਲ ਕੀ ਗੱਡੀ ਦਾ ਸ਼ੀਸ਼ਾ ਵੀ ਥੱਲੇ ਕਰਨ? ਉਂਜ ਹੀ ਮੂੰਹ ਵਿਚ ਵਿੱਸ ਘੋਲਦੇ ਲੰਘ ਜਾਂਦੇ ਨੇ।” ਲਹੌਰ ਦੇ ਸ਼ੌਕੀਨ ਤੇ ਬੋਹਜੇ ਵਿੱਚ ਗਾਜ਼ਰਾਂ”ਵਾਲੇ ਲੋਕ ।ਹਾਲਾਂਕਿ ਬਹੁਤੇ ਮੰਗਤਿਆਂ ਨੇ ਵੀ ਆਦਤ ਤੇ ਪੇਸ਼ਾ ਬਣਾ ਲਿਆ ਹੈ ਜੋ ਬੁਰੀ ਆਦਤ ਵੀ ਹੈ। ਅਜਿਹੇ ਸ਼ੌਕੀਨ ਤੇ ਸ਼ੁਹਰਤ ਦੇ ਭੁੱਖੇ ਲੋਕਾਂ ਦੀਆਂ ਸਾਥਣਾਂ ਦਾ ਵੀ ਰੋਹਬ ਵੇਖਣ ਵਾਲਾ ਹੀ ਹੁੰਦਾ ਹੈ।

ਘਰ ਭਾਵੇਂ ਕਦੇ ਆਈਸ ਕਰੀਮ ਲੰਘਣ ਵੀ ਨਾ ਦੇਣ,ਬਾਹਰ ਖਾਣਾ ਖਾਣ ਸਮੇਂ ਆਈਸ ਕਰੀਮ ਜਾਂ ਕੋਈ ਨਾ ਕੋਈ ਹੋਰ ਡਿਸ਼ ਖਾਣੇ ਦੇ ਮੀਨੂ ਦਾ ਜ਼ਰੂਰੀ ਹਿੱਸਾ ਹੁੰਦਾ ਹੈ।ਕਿਹੋ ਜਿਹਾ ਜ਼ਮਾਨਾ ਆ ਗਿਆ ਏ?” ਉੱਚੀ ਦੁਕਾਨ ਤੇ ਫਿੱਕਾ ਪਕਵਾਨ” ਵਾਂਗ।ਗਲੀ ਮੁਹੱਲੇ ਵਿੱਚ ਸਬਜ਼ੀ ਦੀ ਰੇਹੜੀ ਵਾਲੇ ਨਾਲ ਰੁਪਏ ਦੋ ਰੁਪਿਆਂ ਬਦਲਦੇ ਬਹਿਸਦੀਆਂ ਨੇ ਬੀਬੀਆਂ,ਤੇ ਮੁਫ਼ਤ ਵਿਚ ਧਨੀਆਂ ਤੇ ਮਿਰਚਾਂ ਇਹਨਾਂ ਨੇ ਜਮਾਂਦਰੂ ਹੱਕ ਬਣਾਇਆ ਹੁੰਦਾ ਹੈ ।ਪਰ ਜਦੋਂ ਗੱਲ ਘੁੰਮਣ ਫਿਰਨ, ਪਿਕਨਿਕ ਤੇ ਮਨਘੜਤ ਪਾਰਟੀ ਵਰਗੀ ਫੇਰੀ ਦੀ ਹੋਵੇ ਤਾਂ ਮਹਿੰਗੇ ਤੇ ਉੱਚਕੋਟੀ ਦੇ ਹੋਟਲ- ਢਾਬੇ ਜਿਨ੍ਹਾਂ ਦੇ ਰੇਟ ਆਮ ਬੰਦਾ ਸੁਣ ਵੀ ਨਹੀਂ ਸਕਦਾ ਬੜੀ ਟੌਹਰ ਨਾਲ ਆਲੀਸ਼ਾਨ ਪਰਸ ਲਹਿਰਾਂਉਦਿਆਂ ਅਦਾ ਕੀਤੇ ਜਾਂਦੇ ਹਨ।ਅਜੀਬ ਜਿਹੀ ਇਸ ਭੇਡ ਚਾਲ ਨੂੰ ਫ਼ੈਸ਼ਨ ਦਾ ਮਖੌਟਾ ਬਣਾ ਦੋਗਲੀ ਜਿਹੀ ਜ਼ਿੰਦਗੀ ਜਿਊਣ ਦਾ ਢਕਵੰਜ ਬਣਾ ਰਹੇ ਨੇ ਸਾਡੇ ਮੁੱਫਤਖੋਰੇ ਲੋਕਾਂ ਵਾਲੇ ਦੇਸ਼ ਦੇ ਆਧੁਨਿਕ ਲੋਕ! ਰੱਬ ਖ਼ੈਰ ਕਰੇ!

ਐਡਵੋਕੇਟ ਦਰਸ਼ਨ ਸਿੰਘ ਰਿਆੜ

ਮੋ: 9316311677

Share this content:

Post Comment