Loading Now

ਭਾਰਤ-ਪਾਕਿ ਮੈਚ ਨਾ ਹੋਣ ’ਤੇ ਹੋਵੇਗਾ ਅਰਬਾਂ ਦਾ ਨੁਕਸਾਨ

ਭਾਰਤ-ਪਾਕਿ ਮੈਚ ਨਾ ਹੋਣ ’ਤੇ ਹੋਵੇਗਾ ਅਰਬਾਂ ਦਾ ਨੁਕਸਾਨ

ਨਵੀਂ ਦਿੱਲੀ, 3 ਫਰਵਰੀ – ਕ੍ਰਿਕਟ ਜਗਤ ਦੀ ਸਭ ਤੋਂ ਮਹਿੰਗੀ ਅਤੇ ਵੱਕਾਰੀ ਟੱਕਰ ’ਤੇ ਪਏ ਸਿਆਸੀ ਪਰਛਾਵੇਂ ਹੁਣ ਅਰਬਾਂ ਰੁਪਏ ਦੇ ਨੁਕਸਾਨ ਦਾ ਕਾਰਨ ਬਣਦੇ ਨਜ਼ਰ ਆ ਰਹੇ ਹਨ। 15 ਫਰਵਰੀ ਨੂੰ ਕੋਲੰਬੋ ਵਿੱਚ ਭਾਰਤ ਨਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਮੈਚ ਦਾ ਬਾਈਕਾਟ ਕਰਨ ਦੇ ਪਾਕਿਸਤਾਨ ਦੇ ਫੈਸਲੇ ਨੇ ਪੂਰੇ ਟੂਰਨਾਮੈਂਟ ਦਾ ਮਾਲੀ ਗਣਿਤ ਵਿਗਾੜ ਦਿੱਤਾ ਹੈ। ਮਾਹਿਰਾਂ ਅਨੁਸਾਰ ਇਹ ਮੈਚ ਰੱਦ ਹੋਣ ਨਾਲ ਆਈ ਸੀ ਸੀ ਅਤੇ ਵੱਖ-ਵੱਖ ਹਿੱਸੇਦਾਰਾਂ ਨੂੰ ਤਕਰੀਬਨ 250 ਮਿਲੀਅਨ ਡਾਲਰ (ਕਰੀਬ 2200 ਕਰੋੜ ਰੁਪਏ ਤੋਂ ਵੱਧ) ਦਾ ਨੁਕਸਾਨ ਹੋ ਸਕਦਾ ਹੈ।

ਦੋਵਾਂ ਰਵਾਇਤੀ ਵਿਰੋਧੀਆਂ ਵਿਚਾਲੇ ਤਣਾਅਪੂਰਨ ਸਬੰਧਾਂ ਕਾਰਨ ਉਹ ਸਿਰਫ਼ ਬਹੁ-ਕੌਮੀ ਟੂਰਨਾਮੈਂਟਾਂ ਵਿੱਚ ਹੀ ਆਹਮੋ-ਸਾਹਮਣੇ ਹੁੰਦੇ ਹਨ। ਇਸ ਮੈਚ ਦੀ ਕਮਾਈ ਨੂੰ ਦੇਖਦਿਆਂ ਹੀ ਆਈ ਸੀ ਸੀ ਹਰ ਵਿਸ਼ਵ ਕੱਪ ਵਿੱਚ ਦੋਵਾਂ ਟੀਮਾਂ ਨੂੰ ਇੱਕੋ ਗਰੁੱਪ ਵਿੱਚ ਰੱਖਦੀ ਹੈ। ਜੇ ਪਾਕਿਸਤਾਨ ਆਪਣੇ ਫੈਸਲੇ ’ਤੇ ਅੜਿਆ ਰਹਿੰਦਾ ਹੈ, ਤਾਂ ਭਾਰਤ ਨੂੰ ਵਾਕਓਵਰ ਮਿਲ ਜਾਵੇਗਾ ਅਤੇ ਪੂਰੇ ਅੰਕ ਹਾਸਲ ਕਰੇਗਾ, ਪਰ ਇਸ ਨਾਲ ਹੋਣ ਵਾਲੇ ਵਿੱਤੀ ਨੁਕਸਾਨ ਦੀ ਭਰਪਾਈ ਮੁਸ਼ਕਿਲ ਹੋ ਜਾਵੇਗੀ।

ਇਸ ਦਾ ਸਭ ਤੋਂ ਮਾਰੂ ਅਸਰ ਪ੍ਰਸਾਰਕ ‘ਜੀਓਸਟਾਰ’ ਉੱਤੇ ਪਵੇਗਾ, ਜੋ ਪਹਿਲਾਂ ਹੀ ਆਈ ਸੀ ਸੀ ਨਾਲ ਆਪਣੇ 3 ਅਰਬ ਡਾਲਰ ਦੇ ਸਮਝੌਤੇ ਬਾਰੇ ਮੁੜ ਵਿਚਾਰ ਕਰ ਰਹੀ ਹੈ। ਮੈਚ ਦੌਰਾਨ ਸਿਰਫ਼ 10 ਸੈਕਿੰਡ ਦੇ ਇਸ਼ਤਿਹਾਰ ਦੀ ਕੀਮਤ 40 ਲੱਖ ਰੁਪਏ ਤੱਕ ਪਹੁੰਚ ਜਾਂਦੀ ਹੈ। ਇਕੱਲੇ ਇਸ਼ਤਿਹਾਰਾਂ ਰਾਹੀਂ ਮਿਲਣ ਵਾਲੀ 200 ਤੋਂ 250 ਕਰੋੜ ਰੁਪਏ ਦੀ ਕਮਾਈ ਦਾ ਘਾਟਾ ਪੈਣਾ ਸੁਭਾਵਿਕ ਹੈ। ਪੀ ਸੀ ਬੀ ਦੇ ਸਾਬਕਾ ਅਧਿਕਾਰੀ ਸਮੀ-ਉਲ-ਹਸਨ ਬਰਨੀ ਮੁਤਾਬਕ ਪਾਕਿਸਤਾਨੀ ਬੋਰਡ ਦੀ ਪੂਰੇ ਸਾਲ ਦੀ ਕਮਾਈ ਸਿਰਫ਼ 35.5 ਮਿਲੀਅਨ ਡਾਲਰ ਹੈ, ਜਦਕਿ ਇਸ ਇੱਕ ਮੈਚ ਦੀ ਕੀਮਤ ਉਸ ਤੋਂ ਕਈ ਗੁਣਾ ਵੱਧ ਹੈ।

Share this content:

Post Comment