Loading Now

ਭਾਰਤ-ਪਾਕਿ ਦੀ ਸਾਂਝੀ ਵਿਰਾਸਤ ਰੋਹਤਾਸ ਦਾ ਕਿਲ੍ਹਾ

ਭਾਰਤ-ਪਾਕਿ ਦੀ ਸਾਂਝੀ ਵਿਰਾਸਤ ਰੋਹਤਾਸ ਦਾ ਕਿਲ੍ਹਾ

ਨਵੀਂ ਦਿੱਲੀ, 23 ਨਵੰਬਰ – ਲਹਿੰਦੇ ਪੰਜਾਬ ’ਚ ਪਹਾੜ ਦੀ ਚੋਟੀ ’ਤੇ ਰੋਹਤਾਸ ਕਿਲਾ ਸਥਿਤ ਹੈ। ਇਹ ਅਜਿਹਾ ਕਿਲੇਬੰਦ ਕੰਪਲੈਕਸ ਹੈ ਜਿਸ ’ਚ 60 ਤੋਂ ਵੱਧ ਬੁਰਜ ਹਨ ਅਤੇ ਰਣਨੀਤਕ ਥਾਵਾਂ ’ਤੇ 12 ਵੱਡੇ ਦਰਵਾਜ਼ੇ ਬਣੇ ਹੋਏ ਹਨ। 16ਵੀਂ ਸਦੀ ਦੇ ਇਸ ਕਿਲੇ ਅਤੇ ਇਸ ਨੂੰ ਬਣਵਾਉਣ ਵਾਲੇ ਸ਼ੇਰ ਸ਼ਾਹ ਸੂਰੀ ਦਾ ਨਾਂ ਬਿਹਾਰ ਦੇ ਲੋਕਾਂ ਲਈ ਜਾਣਿਆ-ਪਛਾਣਿਆ ਹੋਵੇਗਾ। ਬਿਹਾਰ ਦੇ ਰੋਹਤਾਸ ਜ਼ਿਲ੍ਹੇ ’ਚ ਵੀ ਇਸੇ ਨਾਂ ਦਾ ਮੱਧਕਾਲੀ ਕਿਲਾ ‘ਰੋਹਤਾਸਗੜ੍ਹ’ ਮੌਜੂਦ ਹੈ।ਇਹ ਵੀ ਫ਼ੌਜੀ ਨਕਸ਼ਾਨਵੀਸੀ ਦਾ ਬਿਹਤਰੀਨ ਨਮੂਨਾ ਹੈ ਜਿਸ ਨੂੰ ਸ਼ੇਰ ਸ਼ਾਹ ਸੂਰੀ ਨੇ ਹੀ ਮਜ਼ਬੂਤ ਕੀਤਾ ਸੀ। ਇਹ ਦੋਵੇਂ ਗੁਆਂਢੀ ਮੁਲਕਾਂ, ਜਿਨ੍ਹਾਂ ਦਾ ਅਤੀਤ ਕਾਫੀ ਉੱਥਲ-ਪੁੱਥਲ ਭਰਿਆ ਰਿਹਾ ਹੈ, ਦਰਮਿਆਨ ਸਾਂਝੀ ਇਤਿਹਾਸਕ ਤੇ ਸੱਭਿਆਚਾਰਕ ਵਿਰਾਸਤ ਦੀ ਕੜੀ ਜੋੜਦਾ ਹੈ। ਭਾਰਤ ਤੇ ਪਾਕਿਸਤਾਨ ਦੀ ਸਾਂਝੀ ਇਤਿਹਾਸਕ ਵਿਰਾਸਤ, ਜੋ 1947 ਦੀ ਵੰਡ ਤੋਂ ਵੀ ਪੁਰਾਣੀ ਹੈ, ਦਿੱਲੀ ਦੇ ਪੁਰਾਣੇ ਕਿਲੇ ’ਚ 20 ਤੋਂ 22 ਨਵੰਬਰ ਤੱਕ ਭਾਰਤ ਵੱਲੋਂ ਕਰਵਾਏ ਗਏ ਪਹਿਲੇ ‘ਸੰਘਾਈ ਸਹਿਯੋਗ ਸੰਗਠਨ (ਐੱਸ ਸੀ ਓ) ਸੱਭਿਅਤਾ ਸੰਵਾਦ ਮੰਚ’ ਵਿੱਚ ਚਰਚਾ ਦਾ ਕੇਂਦਰ ਬਣੀ ਰਹੀ।

ਬੀਤੇ ਦਿਨ ‘ਸੱਭਿਅਤਾ ਅਤੇ ਸੱਭਿਆਚਾਰਕ ਪ੍ਰਗਟਾਵੇ’ ਵਿਸ਼ੇ ’ਤੇ ਕਰਵਾਏ ਸੈਸ਼ਨ, ਜਿਸ ਦੀ ਪ੍ਰਧਾਨਗੀ ਕੇਂਦਰੀ ਸੱਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕੀਤੀ, ਵਿੱਚ ਪਾਕਿਸਤਾਨ ਦੇ ਫੈਡਰਲ ਮੰਤਰੀ ਮੁਸੱਦਿਕ ਮਲਿਕ ਨੇ ਮੁਗ਼ਲ ਬਾਦਸ਼ਾਹ ਹਮਾਯੂੰ ਅਤੇ ਸ਼ੇਰ ਸ਼ਾਹ ਸੂਰੀ ਦਾ ਜ਼ਿਕਰ ਕੀਤਾ। ਇਹ ਦੋਵੇਂ ਹੀ ਪੁਰਾਣੇ ਕਿਲੇ ਦੇ ਨਿਰਮਾਣ ਨਾਲ ਜੁੜੇ ਰਹੇ ਹਨ। ਮਲਿਕ ਨੇ ਕਿਹਾ ਕਿ ਇਹ ਪੁਰਾਣਾ ਕਿਲਾ ਆਪਣੇ ਆਪ ’ਚ ਇਤਿਹਾਸ ਦੀਆਂ ਕਈ ਪਰਤਾਂ ਦੀ ਕਹਾਣੀ ਹੈ। ਮਲਿਕ ਨੇ ਕਿਹਾ, ‘‘ਇਹ ਕਿਲਾ ਜਿੱਥੇ ਅਸੀਂ ਹੁਣ ਬੈਠੇ ਹਾਂ, ਆਪਣੇ ਆਪ ’ਚ ਇੱਕ ਕਹਾਣੀ ਹੈ। ਇਸ ਦੀ ਨੀਂਹ ਮੱਧ ਏਸ਼ੀਆ ਤੋਂ ਆਏ ਤੈਮੂਰੀ ਵੰਸ਼ ਦੇ ਹਮਾਯੂੰ ਨੇ ਰੱਖੀ ਸੀ। ਬਾਅਦ ਵਿਚ ਅਫ਼ਗ਼ਾਨ ਸ਼ੇਰ ਸ਼ਾਹ ਸੂਰੀ ਨੇ ਇਸ ਨੂੰ ਹੋਰ ਵਿਕਸਿਤ ਕੀਤਾ। ਇੱਕ ਕੰਧ, ਦੋ ਵਿਰੋਧੀ, ਮਤਲਬ ਦੋ ਹਾਕਮ ਅਤੇ ਇੱਕ ਕਿਲਾ, ਜਿਸ ’ਚ ਦੋ ਪਰਤਾਂ ਅਤੇ ਇੱਕ ਖਾਈ ਹੈ।’’ ਉਨ੍ਹਾਂ ਹੋਰ ਕਿਹਾ, ‘‘ਇਹ ਗੱਲਬਾਤ ਦੋ ਵੱਖ-ਵੱਖ ਪਛਾਣਾਂ ਅਤੇ ਵੰਨ-ਸੁਵੰਨਤਾ ਦਰਮਿਆਨ ਹੈ ਅਤੇ ਅਸੀਂ ਇੱਥੇ ਉਸੇ ਗੱਲਬਾਤ ਲਈ ਆਏ ਹਾਂ।’’ ਐੱਸ ਸੀ ਓ ਸਿਖਰ ਸੰਮੇਲਨ ਨੇ ਪੁਰਾਣੇ ਕਿਲੇ ਅਤੇ ਹਜ਼ਾਰਾਂ ਸਾਲਾਂ ਤੱਕ ਫੈਲੇ ਇਸ ਬਹੁ-ਪੱਧਰੀ ਇਤਿਹਾਸ ਨੇ ਸਭ ਦਾ ਧਿਆਨ ਖਿੱਚਿਆ ਹੈ।

ਭਾਰਤ ਦੀ ਮੇਜ਼ਬਾਨੀ ਹੇਠ ਹੋਏ ਐੱਸ ਸੀ ਓ ਸੱਭਿਅਤਾ ਸੰਵਾਦ ਫੋਰਮ ਨੇ ਅੱਜ ‘ਇੰਦਰਪ੍ਰਸਥ ਐਲਾਨਨਾਮਾ’ ਜਾਰੀ ਕੀਤਾ ਹੈ, ਜਿਸ ਵਿੱਚ ਗ਼ੈਰ-ਕਾਨੂੰਨੀ ਤਸਕਰੀ ਸਣੇ ਹੋਰ ਖ਼ਤਰਿਆਂ ਤੋਂ ਸੱਭਿਆਚਾਰਕ ਵਿਰਾਸਤ ਦੀ ਰਾਖੀ ਕਰਨ ਅਤੇ ‘ਹਰ ਸੱਭਿਅਤਾ ਨੂੰ ਬਰਾਬਰ ਦਰਜਾ ਦੇ ਕੇ ਸਨਮਾਨ ਕਰਨ’ ਦਾ ਸੱਦਾ ਦਿੱਤਾ ਗਿਆ ਹੈ। ਇਤਿਹਾਸਕ ਪੁਰਾਣਾ ਕਿਲਾ ’ਚ ਕਰਵਾਏ ਗਏ ਇਸ ਤਿੰਨ-ਰੋਜ਼ਾ ਸੰਵਾਦ ਸੰਮੇਲਨ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਨਵੰਬਰ ਨੂੰ ਕੀਤਾ ਸੀ। ਇਸ ਵਿੱਚ ਪਾਕਿਸਤਾਨ ਦੇ ਫੈਡਰਲ ਮੰਤਰੀ ਮੁਸੱਦਿਕ ਮਲਿਕ ਸਣੇ ਵੱਖ ਵੱਖ ਐੱਸ ਸੀ ਓ ਮੈਂਬਰ ਮੁਲਕਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਹ ਪੁੱਛੇ ਜਾਣ ’ਤੇ ਕਿ ਕੀ ਇਸ ਮੌਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਕੋਈ ਰਸਮੀ ਦੁਵੱਲੀ ਗੱਲਬਾਤ ਹੋਈ ਹੈ ਤਾਂ ਕੇਂਦਰੀ ਸੱਭਿਆਚਾਰ ਸਕੱਤਰ ਵਿਵੇਕ ਅਗਰਵਾਲ ਨੇ ਕਿਹਾ, ‘‘ਨਹੀਂ, ਦੋਵਾਂ ਧਿਰਾਂ ਵਿਚਾਲੇ ਕੋਈ ਰਸਮੀ ਦੁਵੱਲੀ ਗੱਲਬਾਤ ਨਹੀਂ ਹੋਈ।’’ ਉਨ੍ਹਾਂ ਹਾਲਾਂਕਿ ਦੱਸਿਆ ਕਿ ਦਾਅਵਤਾਂ ਦੌਰਾਨ ਭਾਰਤੀ ਧਿਰ ਦੇ ਮੈਂਬਰਾਂ ਦੀ ਉਨ੍ਹਾਂ ਨਾਲ ਗੱਲਬਾਤ ਹੋਈ ਸੀ ਅਤੇ ਸੰਵਾਦ ਸੰਮੇਲਨ ਦੌਰਾਨ ਵੀ ਕੁਝ ਹੋਰ ਗ਼ੈਰ-ਰਸਮੀ ਮੁਲਾਕਾਤਾਂ ਹੋਈਆਂ ਸਨ। ਸਮਾਪਤੀ ਸੈਸ਼ਨ ਤੋਂ ਕੁਝ ਸਮਾਂ ਪਹਿਲਾਂ ਸੱਭਿਆਚਾਰ ਸਕੱਤਰ ਨੇ ਕਿਹਾ ਕਿ ਸੰਮੇਲਨ ਦੌਰਾਨ ਹੋਈ ਚਰਚਾ ਅਤੇ ਐੱਸ ਸੀ ਓ ਮੈਂਬਰ ਦੇਸ਼ਾਂ ਵੱਲੋਂ ਦਿੱਤੇ ਗਏ ਸੁਝਾਵਾਂ ਦੇ ਆਧਾਰ ’ਤੇ ਇਹ ਦਸਤਾਵੇਜ਼ ਤਿਆਰ ਕੀਤਾ ਗਿਆ ਹੈ, ਜਿਸ ਨੂੰ ਸਮਾਪਤੀ ਸੈਸ਼ਨ ਵਿੱਚ ਜਾਰੀ ਕੀਤਾ ਜਾਵੇਗਾ। ਉਨ੍ਹਾਂ ਇਸ ਐਲਾਨਨਾਮੇ ਦੇ ਵੇਰਵੇ ਪੜ੍ਹ ਕੇ ਸੁਣਾਏ।

Share this content:

Post Comment