Loading Now

ਭਾਰਤ ‘ਚ ਗੰਭੀਰ ਰੁਜ਼ਗਾਰ ਸੰਕਟ : ਕਾਂਗਰਸ

ਭਾਰਤ ‘ਚ ਗੰਭੀਰ ਰੁਜ਼ਗਾਰ ਸੰਕਟ : ਕਾਂਗਰਸ

ਨਵੀਂ ਦਿੱਲੀ, 5 ਅਗਸਤ – ਕਾਂਗਰਸ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਦੇਸ਼ ਦੀ ਅਰਥ ਵਿਵਸਥਾ ਨੂੰ ਗੰਭੀਰ ਰੁਜ਼ਗਾਰ ਸੰਕਟ ਵਿੱਚ ਧੱਕਣ ਦਾ ਦੋਸ਼ ਲਾਇਆ ਹੈ। ਸੀਨੀਅਰ ਪਾਰਟੀ ਆਗੂ ਜੈਰਾਮ ਰਮੇਸ਼ ਨੇ ਦੋਸ਼ ਲਾਇਆ ਕਿ ਸਰਕਾਰ ਦੀਆਂ ਆਰਥਿਕ ਨੀਤੀਆਂ ਨੇ ਭਾਰਤ ਦੇ ਨੌਜਵਾਨਾਂ ਨੂੰ ਸਭ ਤੋਂ ਵੱਡਾ ਝਟਕਾ ਦਿੱਤਾ ਹੈ ਅਤੇ ਉਨ੍ਹਾਂ ਤੋਂ ਰੁਜ਼ਗਾਰ ਦੇ ਮੌਕੇ ਖੋਹ ਲਏ ਹਨ। ਕਾਂਗਰਸ ਦੇ ਰਾਜ ਸਭਾ ਮੈਂਬਰ ਰਮੇਸ਼ ਨੇ ਕਿਹਾ ਕਿ ਸਰਕਾਰ ਨੇ ਲਗਾਤਾਰ ਵਧ ਰਹੀ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਮੰਨਣ ਤੋਂ ਇਨਕਾਰ ਕੀਤਾ ਹੈ ਅਤੇ ਇਸ ਦੀ ਬਜਾਏ ‘ਹੈੱਡਲਾਈਨ ਮੈਨੇਜਮੈਂਟ’ ਅਤੇ ਧਿਆਨ ਭਟਕਾਉਣ ਵਾਲੀ ਸਿਆਸਤ ‘ਤੇ ਧਿਆਨ ਕੇਂਦਰਿਤ ਕੀਤਾ ਹੋਇਆ ਹੈ। ਉਨ੍ਹਾਂ ਦੀਆਂ ਇਹ ਟਿੱਪਣੀਆਂ ਇੱਕ ਮੀਡੀਆ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਆਈਆਂ ਹਨ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਦੀਆਂ ਸਿਖਰਲੀਆਂ 11 ਸੂਚੀਬੱਧ ਕੰਪਨੀਆਂ ਵਿੱਚੋਂ 9 ਵਿੱਚ ਤਾਜ਼ਾ ਭਰਤੀ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 2025-26 ਵਿੱਚ 27 ਫੀਸਦੀ ਘਟ ਗਈ ਹੈ।

ਇਹ ਦੇਸ਼ ਦੇ ਸਭ ਤੋਂ ਵੱਡੇ ਰੁਜ਼ਗਾਰਦਾਤਾਵਾਂ ਵਿੱਚ ਵੀ ਨੌਕਰੀਆਂ ਪੈਦਾ ਹੋਣ ਦੀ ਰਫ਼ਤਾਰ ਵਿੱਚ ਆਈ ਭਾਰੀ ਗਿਰਾਵਟ ਨੂੰ ਦਰਸਾਉਂਦਾ ਹੈ। ਰਮੇਸ਼ ਨੇ ਕਿਹਾ, “ਅਸੀਂ ਜੋ ਵਾਰ-ਵਾਰ ਕਹਿ ਰਹੇ ਹਾਂ, ਉਹ ਸੱਚ ਸਾਬਤ ਹੋ ਰਿਹਾ ਹੈ। ਮੋਦੀ ਸਰਕਾਰ ਨੇ ਦੇਸ਼ ਦੀ ਅਰਥਵਿਵਸਥਾ ਨੂੰ ਡੂੰਘਾ ਨੁਕਸਾਨ ਪਹੁੰਚਾਇਆ ਹੈ ਅਤੇ ਇਸ ਦਾ ਸਭ ਤੋਂ ਵੱਡਾ ਮਾੜਾ ਪ੍ਰਭਾਵ ਨੌਜਵਾਨਾਂ ‘ਤੇ ਪਿਆ ਹੈ।”ਰਿਪੋਰਟ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਪ੍ਰਮੁੱਖ ਕੰਪਨੀਆਂ ਵੱਲੋਂ ਭਰਤੀ ਵਿੱਚ 27 ਫੀਸਦੀ ਦੀ ਗਿਰਾਵਟ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਇੱਕ ਗੰਭੀਰ ਰੁਜ਼ਗਾਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਮੱਸਿਆ ਦਾ ਹੱਲ ਲੱਭਣ ਦੀ ਬਜਾਏ ਸਰਕਾਰ ਇਸ ਦੀ ਹੋਂਦ ਤੋਂ ਹੀ ਇਨਕਾਰ ਕਰ ਰਹੀ ਹੈ। ਇਸ ਰਿਪੋਰਟ ਨੂੰ ‘ਕੇਵਲ ਆਈਸਬਰਗ (ਬਰਫ਼ ਦੀ ਪਹਾੜੀ) ਦਾ ਸਿਰਾ’ ਕਰਾਰ ਦਿੰਦਿਆਂ ਰਮੇਸ਼ ਨੇ ਕਿਹਾ ਕਿ ਜੇਕਰ ਵੱਡੀਆਂ ਕਾਰਪੋਰੇਟ ਕੰਪਨੀਆਂ ਹੀ ਨੌਕਰੀਆਂ ਘਟਾ ਰਹੀਆਂ ਹਨ, ਤਾਂ ਐੱਮ.ਐੱਸ.ਐੱਮ.ਈ. ਸੈਕਟਰ ਵਿੱਚ ਹਾਲਤ ਇਸ ਤੋਂ ਵੀ ਕਿਤੇ ਵੱਧ ਮਾੜੀ ਹੋਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਦੀਆਂ ‘ਹਮ ਦੋ, ਹਮਾਰੇ ਦੋ’ ਆਰਥਿਕ ਨੀਤੀਆਂ ਦਾ ਸਭ ਤੋਂ ਵੱਡਾ ਖਮਿਆਜ਼ਾ ਇਸ ਸੈਕਟਰ ਨੂੰ ਭੁਗਤਣਾ ਪਿਆ ਹੈ ਅਤੇ ਗਲਤ ਆਰਥਿਕ ਫ਼ੈਸਲਿਆਂ ਨੇ ਦੇਸ਼ ਦੇ ਨੌਕਰੀ ਬਾਜ਼ਾਰ ਨੂੰ ਡੂੰਘੇ ਸੰਕਟ ਵਿੱਚ ਧੱਕ ਦਿੱਤਾ ਹੈ। ਰਮੇਸ਼ ਨੇ ਕਿਹਾ ਕਿ ਦੇਸ਼ ਦੇ ਨੌਜਵਾਨ ਸਮਝਦਾਰ ਹਨ ਅਤੇ ਉਹ ਕਿਸੇ ਦਿਖਾਵੇ ਦੇ ਝਾਂਸੇ ਵਿੱਚ ਨਹੀਂ ਆਉਣਗੇ।

Share this content:

Post Comment