ਭਾਜਪਾ ਦਾ ਅਸਲ ਚਿਹਰਾ ਹੋਇਆ ਬੇਪਰਦ : ਮਾਲਵਿੰਦਰ ਕੰਗ
ਚੰਡੀਗੜ੍ਹ, 6 ਜੁਲਾਈ – ਦਿਲਜੀਤ ਦੁਸਾਂਝ ਦੀ ਫ਼ਿਲਮ ‘ਸਤਲੁਜ’ ਨੂੰ ਜੀ-5 ਪਲੇਟਫ਼ਾਰਮ ਤੋਂ ਹਟਾਏ ਜਾਣ ਤੋਂ ਪੰਜਾਬ ’ਚ ਇੱਕ ਵਾਰ ਮੁੜ ਭਾਜਪਾ ਨਿਸ਼ਾਨੇ ’ਤੇ ਆ ਗਈ ਹੈ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਇਹ ਪੈਂਤੜਾ ਸਿਆਸੀ ਤੌਰ ’ਤੇ ਪ੍ਰਭਾਵਿਤ ਕਰੇਗਾ। ਇੱਕ ਬੰਨ੍ਹੇ ਭਾਜਪਾ ਸੂਬਾਈ ਚੋਣਾਂ ’ਚ ਮਾਅਰਕਾ ਮਾਰਨ ਲਈ ਲੋਕ ਮਨਾਂ ਚੋਂ ਦੂਰੀਆਂ ਘਟਾਉਣ ਲਈ ਭੱਜ ਨੱਠ ਕਰ ਰਹੀ ਹੈ, ਦੂਜੇ ਪਾਸੇ ਮਨੁੱਖੀ ਅਧਿਕਾਰਾਂ ਦੇ ਪੈਰੋਕਾਰ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ’ਤੇ ਅਧਾਰਿਤ ਫ਼ਿਲਮ ‘ਸਤਲੁਜ’ ਨੂੰ ਜੀ-5 ਪਲੇਟਫ਼ਾਰਮ ਤੋਂ ਹਟਾ ਦਿੱਤਾ ਗਿਆ ਹੈ। ‘ਆਪ’ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਭਾਜਪਾ ਦੀ ਇਸ ਕਾਰਵਾਈ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ‘ਸਤਲੁਜ’ ’ਤੇ ਪਾਬੰਦੀ ਲਗਾਏ ਜਾਣ ਨਾਲ ਭਾਜਪਾ ਦਾ ਅਸਲ ਚਿਹਰਾ ਬੇਪਰਦ ਹੋ ਗਿਆ ਹੈ ਤੇ ਭਾਜਪਾ ਦੀ ਪੰਜਾਬ ਪ੍ਰਤੀ ਨਫ਼ਰਤ ਦੀ ਇਹ ਸਪਸ਼ਟ ਝਲਕ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਮੁਲਕ ਆਪਣੇ ਇਤਿਹਾਸ ਤੋਂ ਡਰਨ ਲੱਗ ਪੈਂਦਾ ਹੈ ਤਾਂ ਸੈਂਸਰਸ਼ਿਪ ਉਸ ਦਾ ਖ਼ਤਰਨਾਕ ਹਥਿਆਰ ਬਣ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਫ਼ਿਲਮ ਨੂੰ ਬਿਨਾਂ ਦੇਰੀ ਬਹਾਲ ਕੀਤਾ ਜਾਵੇ।
‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ‘ਸਤਲੁਜ’ ਫ਼ਿਲਮ ਹਟਾਏ ਜਾਣ ’ਤੇ ਹਾਲੇ ਤੱਕ ਕੋਈ ਪ੍ਰਤੀਕਰਮ ਨਹੀਂ ਆਇਆ ਹੈ ਪ੍ਰੰਤੂ ਸੰਸਦ ਮੈਂਬਰ ਕੰਗ ਨੇ ਕਿਹਾ ਹੈ ਕਿ 1980-90 ਦੇ ਦਹਾਕੇ ਦੌਰਾਨ ਕਥਿਤ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਨੂੰ ਦਰਸਾਉਂਦੀ ਇਹ ਫ਼ਿਲਮ ਜਸਵੰਤ ਸਿੰਘ ਖਾਲੜਾ ਦੇ ਦਲੇਰਾਨਾ ਸੰਘਰਸ਼ ਨੂੰ ਰੂਬਰੂ ਕਰਦੀ ਹੈ। ਉਨ੍ਹਾਂ ਕਿਹਾ ਕਿ ‘ਦਿ ਕਸ਼ਮੀਰ ਫਾਈਲਜ਼’ ਅਤੇ ‘ਦਿ ਕੇਰਲਾ ਸਟੋਰੀ’ ਵਰਗੀਆਂ ਫ਼ਿਲਮਾਂ ਨੂੰ ਬਿਨਾਂ ਕਿਸੇ ਰੋਕ ਤੋਂ ਪ੍ਰਮੋਟ ਵੀ ਕੀਤਾ ਜਾਂਦਾ ਹੈ ਪਰ ਜਦੋਂ ਕੋਈ ਫ਼ਿਲਮ ਪੰਜਾਬ ’ਚ ਹੋਏ ਅੱਤਿਆਚਾਰਾਂ ਬਾਰੇ ਸਵਾਲ ਖੜ੍ਹੀ ਕਰਦੀ ਹੈ ਤਾਂ ਉਸ ਨੂੰ ਓਟੀਟੀ ਪਲੇਟਫ਼ਾਰਮ ਤੋਂ ਗ਼ਾਇਬ ਕਰ ਦਿੱਤਾ ਜਾਂਦਾ ਹੈ। ‘ਆਪ’ ਦੇ ਬੁਲਾਰੇ ਨੀਲ ਗਰਗ ਨੇ ਵੀ ਕਿਹਾ ਹੈ ਕਿ ਭਾਜਪਾ ਨੂੰ ਸੱਚ ਤੋਂ ਇਨ੍ਹਾਂ ਡਰ ਕਿਉਂ ਲੱਗਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਕਾਂਗਰਸ ਦੇ ਪਾਪਾਂ ਨੂੰ ਦਬਾਉਣ ਲਈ ਇਹ ਪਰਦਾ ਕਿਉਂ ਪਾਇਆ ਗਿਆ ਹੈ, ਕਿਤੇ ਕੋਈ ਅੰਦਰੂਨੀ ਸਮਝੌਤਾ ਤਾਂ ਨਹੀਂ।
ਕੇਵਲ ਢਿੱਲੋਂ ਚੁੱਕਣਗੇ ਕੇਂਦਰ ਕੋਲ ਮੁੱਦਾ
ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਫ਼ਿਲਮ ‘ਸਤਲੁਜ’ ਨੂੰ ਹਟਾਏ ਜਾਣ ’ਤੇ ਕਿਹਾ ਕਿ ਉਹ ਜਲਦ ਹੀ ਇਸ ਬਾਰੇ ਕੇਂਦਰੀ ਲੀਡਰਸ਼ਿਪ ਨਾਲ ਗੱਲ ਕਰਨਗੇ ਅਤੇ ਲੀਡਰਸ਼ਿਪ ਅੱਗੇ ਇਸ ਫ਼ਿਲਮ ਨੂੰ ਹਟਾਏ ਜਾਣ ਦਾ ਮੁੱਦਾ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਇਸ ਫ਼ਿਲਮ ’ਤੇ ਪਾਬੰਦੀ ਲਗਾਏ ਜਾਣ ਪਿਛਲੇ ਕਾਰਨਾਂ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰਨਗੇ।
Share this content:



Post Comment