ਬੰਗਲਾਦੇਸ਼ੀ ਟ੍ਰਿਬਿਊਨਲ ਵੱਲੋਂ ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਮੌਤ ਦੀ ਸਜ਼ਾ
ਡਾਕਾ, 17 ਨਵੰਬਰ – ਬੰਗਲਾਦੇਸ਼ੀ ਟ੍ਰਿਬਿਊਨਲ ਨੇ ਮੁਲਕ ਦੀ ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ (78) ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਹਸੀਨਾ ਉੱਤੇ ਪਿਛਲੇ ਸਾਲ ਵਿਦਿਆਰਥੀਆਂ ਦੀ ਅਗਵਾਈ ਵਾਲੇ ਅੰਦੋਲਨ ਦੌਰਾਨ ਮਨੁੱਖਤਾ ਖਿਲਾਫ਼ ਕਥਿਤ ਅਪਰਾਧਾਂ ਲਈ (ਹਸੀਨਾ ਦੀ ਗ਼ੈਰਹਾਜ਼ਰੀ ਵਿਚ) ਮੁਕੱਦਮਾ ਚਲਾਇਆ ਗਿਆ ਸੀ। ਵਿਦਿਆਰਥੀ ਅੰਦੋਲਨ ਕਰਕੇ ਹਸੀਨਾ ਦੀ ਸਰਕਾਰ ਡਿੱਗ ਗਈ ਸੀ ਤੇ ਉਸ ਨੂੰ ਮੁਲਕ ਛੱਡ ਕੇ ਭੱਜਣਾ ਪਿਆ ਸੀ। ਇਸ ਦੌਰਾਨ ਫੈਸਲੇ ਤੋਂ ਪਹਿਲਾਂ ਪੂਰੇ ਬੰਗਲਾਦੇਸ਼ ਵਿੱਚ ਇਹਤਿਆਤੀ ਪ੍ਰਬੰਧ ਵਜੋਂ ਸੁਰੱਖਿਆ ਵਧਾ ਦਿੱਤੀ ਗਈ ਸੀ। ਕੌਮੀ ਰਾਜਧਾਨੀ ਵਿੱਚ ਪੁਲੀਸ ਨੂੰ ਹਿੰਸਕ ਪ੍ਰਦਰਸ਼ਨਕਾਰੀਆਂ ਨੂੰ ਗੋਲੀ ਮਾਰਨ ਦੇ ਹੁਕਮ ਦਿੱਤੇ ਗਏ ਹਨ।
ਢਾਕਾ ਮੈਟਰੋਪੋਲੀਟਨ ਪੁਲੀਸ (ਡੀਐਮਪੀ) ਦੇ ਕਮਿਸ਼ਨਰ ਸ਼ੇਖ ਮੁਹੰਮਦ ਸੱਜਾਤ ਅਲੀ ਨੇ ਟ੍ਰਿਬਿਊਨਲ ਦੇ ਫੈਸਲੇ ਤੋਂ ਪਹਿਲਾਂ ਐਤਵਾਰ ਸ਼ਾਮ ਨੂੰ ਅੱਗਜ਼ਨੀ ਹਮਲਿਆਂ, ਧਮਾਕਿਆਂ ਜਾਂ ਪੁਲੀਸ ਤੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਦਿੱਤੇ ਹਨ। ਉਧਰ ਅਵਾਮੀ ਲੀਗ, ਜੋ ਹੁਣ ਭੰਗ ਕੀਤੀ ਜਾ ਚੁੱਕੀ ਹੈ, ਨੇ ਫੈਸਲੇ ਤੋਂ ਪਹਿਲਾਂ ਦੋ ਦਿਨਾਂ ਦੇ ਬੰਦ ਦਾ ਐਲਾਨ ਕੀਤਾ ਹੈ। ਆਈਸੀਟੀ-ਬੀਡੀ ਕੰਪਲੈਕਸ ਦੇ ਆਲੇ-ਦੁਆਲੇ ਫੌਜ ਦੇ ਜਵਾਨ, ਬਾਰਡਰ ਗਾਰਡ ਬੰਗਲਾਦੇਸ਼ ਦੇ ਕਰਮਚਾਰੀ ਅਤੇ ਦੰਗਾ ਰੋਕੂ ਪੁਲੀਸ ਤਾਇਨਾਤ ਕੀਤੀ ਗਈ ਹੈ। ਹਿੰਸਾ ਦੇ ਡਰੋਂ ਰਾਜਧਾਨੀ ਦੀਆਂ ਬਹੁਤੀਆਂ ਗਲੀਆਂ ਵਿਚ ਸੁੰਨ ਪਸਰੀ ਹੋਈ ਹੈ।
Share this content:



Post Comment