ਬੰਗਲਾਦੇਸ਼ ਵਿੱਚ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਜਾਰੀ
ਢਾਕਾ, 21 ਅਗਸਤ – ਬੰਗਲਾਦੇਸ਼ ਵਿੱਚ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਵੀਰਵਾਰ ਨੂੰ ਵੋਟਿੰਗ ਜਾਰੀ ਹੈ। ਦੇਸ਼ ਵਿੱਚ ਇਸ ਅਹੁਦੇ ਲਈ 35 ਸਾਲ ਵਿੱਚ ਪਹਿਲੀ ਵਾਰ ਹੋ ਰਹੇ ਮੁਕਾਬਲੇ ਤਹਿਤ ਸੰਸਦ ਮੈਂਬਰ 23ਵੇਂ ਰਾਸ਼ਟਰਪਤੀ ਦੀ ਚੋਣ ਲਈ ਵੋਟ ਪਾ ਰਹੇ ਹਨ। ਵੋਟਿੰਗ ਸਥਾਨਕ ਸਮੇਂ ਅਨੁਸਾਰ ਸ਼ਾਮ ਪੰਜ ਵਜੇ ਤੱਕ ਜਾਰੀ ਰਹੇਗੀ। ਇਸ ਦੌਰਾਨ 349 ਸੰਸਦ ਮੈਂਬਰ ਵੋਟ ਪਾਉਣ ਦੇ ਯੋਗ ਹਨ।
ਸੱਤਾਧਾਰੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ ਐੱਨ ਪੀ) ਦੇ ਉਮੀਦਵਾਰ 78 ਸਾਲਾ ਮਿਰਜ਼ਾ ਫਖਰੁਲ ਇਸਲਾਮ ਆਲਮਗੀਰ ਦਾ ਮੁਕਾਬਲਾ ਲਿਬਰਲ ਡੈਮੋਕਰੇਟਿਕ ਪਾਰਟੀ (ਐੱਲ ਡੀ ਪੀ) ਦੇ ਪ੍ਰਧਾਨ ਅਤੇ ਜਮਾਤ-ਏ-ਇਸਲਾਮੀ ਦੇ ਅਗਵਾਈ ਵਾਲੇ 11 ਵਿਰੋਧੀ ਦਲਾਂ ਦੇ ਗਠਜੋੜ ਦੇ ਉਮੀਦਵਾਰ 84 ਸਾਲਾ ਕਰਨਲ (ਸੇਵਾਮੁਕਤ) ਓਲੀ ਅਹਿਮਦ ਨਾਲ ਹੈ। ਨਵੇਂ ਚੁਣੇ ਗਏ ਰਾਸ਼ਟਰਪਤੀ ਸ਼ੁੱਕਰਵਾਰ ਸ਼ਾਮ ਨੂੰ ਬੰਗਭਵਨ ਦੇ ਦਰਬਾਰ ਹਾਲ ਵਿੱਚ ਬੰਗਲਾਦੇਸ਼ ਦੇ ਨਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਇਹ 1991 ਤੋਂ ਬਾਅਦ ਬੰਗਲਾਦੇਸ਼ ਵਿੱਚ ਪਹਿਲੀ ਵਾਰ ਰਾਸ਼ਟਰਪਤੀ ਚੋਣ ਲੜੀ ਗਈ ਹੈ। ਪਿਛਲੇ ਕੁਝ ਦਹਾਕਿਆਂ ਵਿੱਚ, ਇਸ ਅਹੁਦੇ ‘ਤੇ ਆਮ ਤੌਰ ‘ਤੇ ਸਰਬਸੰਮਤੀ ਨਾਲ ਜਾਂ ਬਿਨਾਂ ਵਿਰੋਧ ਦੇ ਚੋਣ ਹੁੰਦੀ ਰਹੀ ਹੈ।
ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਕਰੀਬੀ ਸਹਿਯੋਗੀ ਮੋਹੰਮਦ ਸ਼ਹਾਬੁਦੀਨ ਨੇ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਪਿਛਲੇ ਮਹੀਨੇ ਸਿਹਤ ਕਾਰਨਾਂ ਕਰਕੇ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਅਤੇ ਵੋਟਿੰਗ ਦੀ ਤਾਰੀਖ 20 ਅਗਸਤ ਤੈਅ ਕੀਤੀ। ਦੇਸ਼ ਦੇ ਸੰਵਿਧਾਨ ਤਹਿਤ ਰਾਸ਼ਟਰਪਤੀ ਅਹੁਦਾ ਖਾਲੀ ਹੋਣ ਦੇ 90 ਦਿਨਾਂ ਦੇ ਅੰਦਰ ਨਵੇਂ ਰਾਸ਼ਟਰਪਤੀ ਦੀ ਚੋਣ ਕੀਤੀ ਜਾਣੀ ਲਾਜ਼ਮੀ ਹੈ।
Share this content:

Post Comment