Loading Now

ਬ੍ਰਿਟਿਸ਼ ਸਿੱਖ ਵਿਕਰਮ ਦਿਗਵਾ ਨੂੰ ਆਪਣੀ ਉਮਰ ਕੈਦ ਦੀ ਸਜ਼ਾ ਖ਼ਿਲਾਫ਼ ਮਿਲੀ ਅਪੀਲ ਦੀ ਇਜਾਜ਼ਤ

ਬ੍ਰਿਟਿਸ਼ ਸਿੱਖ ਵਿਕਰਮ ਦਿਗਵਾ ਨੂੰ ਆਪਣੀ ਉਮਰ ਕੈਦ ਦੀ ਸਜ਼ਾ ਖ਼ਿਲਾਫ਼ ਮਿਲੀ ਅਪੀਲ ਦੀ ਇਜਾਜ਼ਤ

ਲੰਡਨ-30- ਸਤਬੰਰ ਦੱਖਣ-ਪੂਰਬੀ ਇੰਗਲੈਂਡ ਵਿੱਚ 18 ਸਾਲਾ ਵਿਦਿਆਰਥੀ ਨੂੰ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਵਾਲੇ 23 ਸਾਲਾ ਬ੍ਰਿਟਿਸ਼ ਸਿੱਖ ਨੌਜਵਾਨ ਨੂੰ ਮੰਗਲਵਾਰ ਨੂੰ ਆਪਣੀ ਸਜ਼ਾ ਖ਼ਿਲਾਫ਼ ਅਪੀਲ ਕਰਨ ਦੀ ਇਜਾਜ਼ਤ ਮਿਲ ਗਈ। ਵਿਕਰਮ ਦਿਗਵਾ ਨੂੰ ਸਾਊਥੈਂਪਟਨ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ ਤੇ ਉਸ ਨੇ ਅਦਾਲਤ ’ਚ ਆਪਣੇ ਬਚਾਅ ਲਈ ਧਾਰਮਿਕ ਕਾਰਨਾਂ ਦੀਆਂ ਦਲੀਲਾਂ ਦਿੱਤੀਆਂ ਸਨ। ਉਸ ਨੇ ਕਿਹਾ ਸੀ ਕਿ ਉਸ ਕੋਲ ਕਿਰਪਾਨ ਸੀ ਜਿਸ ਨੂੰ ਸਿੱਖ ਬਰਤਾਨੀਆ ’ਚ ਕਾਨੂੰਨੀ ਤੌਰ ’ਤੇ ਆਪਣੇ ਕੋਲ ਰੱਖ ਸਕਦੇ ਹਨ। ਅਦਾਲਤ ਮੁਤਾਬਕ ਹੈਨਰੀ ਨੇ ਦਿਗਵਾ ਨੂੰ ਸਿਰਫ਼ ਇਹ ਪੁੱਛਿਆ ਸੀ ਕਿ “ਕੀ ਤੁਸੀਂ ਬੁਰੇ ਆਦਮੀ ਹੋ?”; ਦਿਗਵਾ ਵੱਲੋਂ ਉਸ ’ਤੇ ਨਸਲੀ ਟਿੱਪਣੀ ਕਰਨ ਦਾ ਦਾਅਵਾ ਅਦਾਲਤ ਨੇ ਰੱਦ ਕਰ ਦਿੱਤਾ ਸੀ।

ਜਾਣਕਾਰੀ ਅਨੁਸਾਰ ਦਿਗਵਾ ਨੂੰ ਪਿਛਲੇ ਸਾਲ ਦਸੰਬਰ ਵਿੱਚ ਸਾਊਥੈਂਪਟਨ ਯੂਨੀਵਰਸਿਟੀ ਦੇ 18 ਸਾਲਾ ਵਿਦਿਆਰਥੀ ਹੈਨਰੀ ਨੋਵਾਕ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ। ਅਦਾਲਤ ਮੁਤਾਬਕ ਨੋਵਾਕ ਪੋਰਟਸਵੁੱਡ ਵਿੱਚ ਰਾਤ ਬਾਹਰ ਬਿਤਾਉਣ ਮਗਰੋਂ ਘਰ ਪਰਤ ਰਿਹਾ ਸੀ, ਜਦੋਂ ਦਿਗਵਾ ਨੇ ਉਸ ’ਤੇ ਪੰਜ ਵਾਰ ਵਾਰ ਕੀਤੇ।

ਜੂਨ ਵਿੱਚ ਦਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਪੈਰੋਲ ਲਈ ਯੋਗ ਹੋਣ ਤੋਂ ਪਹਿਲਾਂ ਘੱਟੋ-ਘੱਟ 21 ਸਾਲ ਜੇਲ੍ਹ ਵਿੱਚ ਰਹਿਣ ਦਾ ਹੁਕਮ ਦਿੱਤਾ ਗਿਆ ਸੀ। ਹੁਣ ਉਸ ਨੂੰ 5 ਨਵੰਬਰ ਨੂੰ ਕੋਰਟ ਆਫ਼ ਅਪੀਲ ਵਿੱਚ ਇਸ ਸਜ਼ਾ ਦੀ ਮਿਆਦ ਨੂੰ ਚੁਣੌਤੀ ਦੇਣ ਦੀ ਇਜਾਜ਼ਤ ਦਿੱਤੀ ਗਈ ਹੈ। ਉਸ ਨੇ ਆਪਣੇ ਕਤਲ ਦੇ ਦੋਸ਼ੀ ਠਹਿਰਾਏ ਜਾਣ ਖ਼ਿਲਾਫ਼ ਵੀ ਅਪੀਲ ਕਰਨ ਦੀ ਅਰਜ਼ੀ ਦਿੱਤੀ ਹੈ, ਜਿਸ ’ਤੇ ਵੱਖਰੇ ਤੌਰ ’ਤੇ ਫ਼ੈਸਲਾ ਕੀਤਾ ਜਾਵੇਗਾ।

Share this content:

Post Comment