Loading Now

ਬੇਕਾਬੂ ਹੋਈ ਕਾਰ ਨੂੰ ਡਰੇਨ ’ਚ ਡਿੱਗਣ ਤੋਂ ਬਾਅਦ ਲੱਗੀ ਅੱਗ, ਚਾਲਕ ਹਨੀ ਸਿੰਘ ਦੀ ਹੋਈ ਮੌਤ

ਬੇਕਾਬੂ ਹੋਈ ਕਾਰ ਨੂੰ ਡਰੇਨ ’ਚ ਡਿੱਗਣ ਤੋਂ ਬਾਅਦ ਲੱਗੀ ਅੱਗ, ਚਾਲਕ ਹਨੀ ਸਿੰਘ ਦੀ ਹੋਈ ਮੌਤ

ਬਰਨਾਲਾ, 25 ਸਤੰਬਰ – ਬੀਤੀ ਰਾਤ ਬਰਨਾਲਾ ਦੇ ਕਸਬਾ ਧਨੌਲਾ ਵਿਖੇ ਵੱਡਾ ਹਾਦਸਾ ਵਾਪਰ ਗਿਆ। ਹਾਦਸਾਗ੍ਰਸਤ ਗੱਡੀ ਵਿੱਚ ਅੱਗ ਲੱਗਣ ਨਾਲ ਚਾਲਕ ਜਿਊਂਦਾ ਸੜ ਗਿਆ। ਮਿਲੀ ਜਾਣਕਾਰੀ ਮੁਤਾਬਕ ਹੌਂਡਾ ਸਿਟੀ ਕਾਰ ਦਾ ਸੰਤੁਲਨ ਵਿਗੜਨ ਕਾਰਨ ਡਰੇਨ ਵਿੱਚ ਜਾ ਡਿੱਗੀ ਅਤੇ ਕਾਰ ਨੂੰ ਅੱਗ ਲੱਗ ਗਈ। ਇਸ ਦੌਰਾਨ ਚਾਲਕ ਗੱਡੀ ਵਿੱਚ ਤੜਫਦਾ ਰਿਹਾ ਪਰ ਜਦੋਂ ਤੱਕ ਕੋਈ ਉਸ ਨੂੰ ਬਚਾਉਂਦਾ, ਉਦੋਂ ਤੱਕ ਨੌਜਵਾਨ ਸੜ ਗਿਆ। ਪੁਲਿਸ ਵੱਲੋਂ ਘਟਨਾ ਸਥਾਨ ਤੋਂ ਮ੍ਰਿਤਕ ਦੀ ਸੜੀ ਹੋਈ ਲਾਸ਼ ਕੱਢ ਕੇ ਬਰਨਾਲਾ ਦੇ ਸਿਵਲ ਹਸਪਤਾਲ ਲਿਆਂਦੀ ਗਈ।

ਭੈਣ ਨੂੰ ਮਿਲਣ ਜਾ ਰਿਹਾ ਸੀ ਮ੍ਰਿਤਕ ਨੌਜਵਾਨ

ਮ੍ਰਿਤਕ ਦੀ ਪਛਾਣ ਹਨੀ ਸਿੰਘ ਪੁੱਤਰ ਰਾਮ ਸਿੰਘ ਵਾਸੀ ਸੁਨਾਮ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਆਪਣੀ ਭੈਣ ਨੂੰ ਮਿਲਣ ਜਾ ਰਿਹਾ ਸੀ ਕਿ ਉਹ ਰਸਤੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਉਪਰ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ।

ਕਈ ਕੋਸ਼ਿਸ਼ਾਂ ਦੇ ਬਾਅਦ ਵੀ ਨਾ ਬਚੀ ਜਾਨ

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਧਨੌਲਾ ਦੇ ਐਸਐਚਓ ਲਖਵੀਰ ਸਿੰਘ ਨੇ ਦੱਸਿਆ ਕਿ ‘ਚੰਡੀਗੜ੍ਹ -ਬਠਿੰਡਾ ਰਾਜ ਮਾਰਗ ‘ਤੇ ਧਨੌਲਾ ਨਜਦੀਕ ਇਕ ਕਾਰ ਦਾ ਸੰਤੁਲਨ ਵਿਗੜਨ ਕਾਰਨ ਡਰੇਨ ਵਿੱਚ ਡਿੱਗਣ ਉਪਰੰਤ ਗੱਡੀ ਨੂੰ ਅੱਗ ਲੱਗਣ ਨਾਲ ਚਾਲਕ ਦੇ ਜਿੰਦਾ ਸੜ ਗਿਆ। ਨੌਜਵਾਨ ਆਪਣੀ ਹੋਂਡਾ ਸਿਟੀ ਕਾਰ ‘ਤੇ ਸਵਾਰ ਹੋ ਕੇ ਸੰਗਰੂਰ ਤੋਂ ਰਾਮਪੁਰਾ ਵੱਲ ਜਾ ਰਿਹਾ ਸੀ। ਜਦੋਂ ਉਹ ਦਾਨਗੜ੍ਹ ਰੋਡ ਦੇ ਕੱਟ ਕੋਲ ਪਹੁੰਚਿਆ ਤਾਂ ਕਾਰ ਦਾ ਸੰਤੁਲਨ ਵਿਗੜ ਗਿਆ। ਕਿਸੇ ਰਾਹਗੀਰ ਵੱਲੋਂ ਪਲਿਸ ਨੂੰ ਸੂਚਿਤ ਕੀਤਾ ਗਿਆ, ਜਿੱਥੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਅਤੇ ਸੀਨੀਅਰ ਸਿਪਾਹੀ ਰੇਸ਼ਮ ਸਿੰਘ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਫਾਇਰ ਬ੍ਰਿਗੇਡ ਨੂੰ ਵੀ ਫੋਨ ਕਰਕੇ ਰਾਹਗੀਰਾਂ ਦੇ ਸਹਿਯੋਗ ਸਦਕਾ ਅੱਗ ‘ਤੇ ਕਾਬੂ ਪਾਇਆ ਗਿਆ ਪਰ ਅਫਸੋਸ ਕਿ ਨੌਜਵਾਨ ਨੂੰ ਬਚਾਇਆ ਨਹੀਂ ਜਾ ਸਕਿਆ।

ਪਰਿਵਾਰ ਨੂੰ ਸੌਂਪੀ ਗਈ ਦੇਹ

ਹਾਦਸੇ ਤੋਂ ਬਾਅਦ ਮ੍ਰਿਤਕ ਦੇ ਵਾਰਸਾਂ ਨੂੰ ਇਤਲਾਹ ਦਿੱਤੀ ਗਈ ਅਤੇ ਮ੍ਰਿਤਕ ਦੇ ਪਿਤਾ ਰਾਮ ਸਿੰਘ ਮੌਕੇ ‘ਤੇ ਪਹੁੰਚੇ ਜਿੱਥੇ ਉਨ੍ਹਾਂ ਦੱਸਿਆ ਕਿ ਮ੍ਰਿਤਕ ਹਨੀ ਸਿੰਘ ਅਜੇ ਕੁਆਰਾ ਸੀ ਅਤੇ ਡਰਾਈਵਰੀ ਕਰਦਾ ਸੀ।

Share this content:

Post Comment