Loading Now

ਬੁੱਧ ਬਾਣ/ਦੁੱਖ ਦਾਰੂ ਸੁਖੁ ਰੋਗ/ਬੁੱਧ ਸਿੰਘ ਨੀਲੋਂ

ਬੁੱਧ ਬਾਣ/ਦੁੱਖ ਦਾਰੂ ਸੁਖੁ ਰੋਗ/ਬੁੱਧ ਸਿੰਘ ਨੀਲੋਂ

ਗੱਲ ਤਾਂ ਇਹ ਹਾਸੇ ਵਾਲੀ ਹੈ, ਪੰਜਾਬੀ ਸਾਹਿਤ ਦੇ ਖੇਤਰ ਵਿੱਚ ਬਹੁਗਿਣਤੀ ਲੇਖਕਾਂ, ਵਿਦਵਾਨਾਂ ਤੇ ਬੁੱਧੀਜੀਵੀਆਂ ਦਾ ਰੋਜ਼ੀ ਰੋਟੀ ਦਾ ਵਸੀਲਾ ਸਿੱਖਿਆ ਵਿਭਾਗ ਹੈ। ਉਹ ਵਿਦਿਆਰਥੀਆਂ ਤੇ ਖੋਜੀਆਂ ਨੂੰ ਸਿੱਖਿਆ ਦੇਣ ਦਾ ਕੰਮ ਕਰਦੇ ਸਨ। ਉਹਨਾਂ ਵਿਚੋਂ ਬਹੁਗਿਣਤੀ ਨਾਟਕ, ਡਰਾਮੇ, ਗੋਸ਼ਟੀਆਂ ਤੇ ਸੈਮੀਨਾਰ ਵਿੱਚ ਸ਼ਾਮਲ ਹੋਣ ਲਈ ਕਦੇ ਪ੍ਰਧਾਨਗੀ, ਕਦੇ ਮੁੱਖ ਮਹਿਮਾਨ, ਕਦੇ ਮੁੱਖ ਬੁਲਾਰੇ ਵਜੋਂ ਸੇਵਾ ਨਿਭਾਅ ਰਹੇ ਹਨ। ਉਹਨਾਂ ਦਾ ਕੰਮ ਹੈ ਵਿਦਿਆਰਥੀਆਂ ਤੇ ਖੋਜੀਆਂ ਨੂੰ ਸਿੱਖਿਆ ਦੇਣਾ। ਕਿਉਂਕਿ ਉਹਨਾਂ ਨੇ ਹੀ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਿਆਂਦੀ ਹੈ। ਪੰਜਾਬ ਦੇਸ਼ ਵਿਚੋਂ ਅੱਵਲ ਆਇਆ ਹੈ। ਪੰਜਾਬ ਦੇ ਵਿਦਿਆਰਥੀ ਤੇ ਖੋਜਾਰਥੀ ਸੋਚਦੇ ਹਨ ਕਿ ਇਹ ਕੀ ਭਾਣਾ ਵਰਤ ਗਿਆ ਹੈ?

ਇਹ ਗੱਲ ਤਾਂ ਛੱਡੋ ਜੀ, ਤੁਸੀਂ ਰਾਸ਼ਟਰੀ ਪੱਧਰ ਤੇ ਅੱਵਲ ਆਏ ਹੋ। ਇਹ ਵੀ ਸੱਚ ਨਹੀਂ ਕੋਰਾ ਝੂਠ ਹੈ ਕਿ ਬਹੁਗਿਣਤੀ ਸਰਕਾਰੀ ਮੁਲਾਜ਼ਮਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ। ਉਹਨਾਂ ਕਰਕੇ ਹੀ ਸਰਕਾਰੀ ਸਕੂਲਾਂ ਦੀ ਦੇਸ਼ ਵਿੱਚ ਸਰਦਾਰੀ ਹੈ। ਉਹ ਇਸ ਤਰ੍ਹਾਂ ਹੈ, ਉਹਨਾਂ ਦੇ ਬੱਚੇ ਪੜ੍ਹਦੇ ਤਾਂ ਨਿੱਜੀ ਸਕੂਲਾਂ ਵਿੱਚ ਹਨ, ਉਹਨਾਂ ਦੀ ਹਾਜ਼ਰੀ ਸਰਕਾਰੀ ਸਕੂਲਾਂ ਵਿੱਚ ਲੱਗਦੀ ਹੈ। ਅੱਜ ਇੱਕ ਅਸਾਮੀ ਲਈ ਟੈਸਟ ਦਾ ਨਤੀਜਾ ਆਇਆ, ਉਸ ਵਿੱਚ 42% ਪੰਜਾਬੀ ਭਾਸ਼ਾ ਵਿਚੋਂ ਫੇਲ੍ਹ ਹੋਣ ਦੀ ਖ਼ਬਰ ਹੈ। ਫੇਰ ਤੁਸੀਂ ਆਪ ਸਿਆਣੇ ਹੋ ਕਿ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਅੱਵਲ ਕੱਢਣ ਲਈ ਕੀ ਕੀ ਖੇਡ ਹੋਈ ਹੈ।

ਇਸੇ ਕਰਕੇ ਅਮਲੋਹ ਵਾਲਾ ਸਾਧੂ ਸਿੰਘ ਧਰਮਸੋਤ ਅਦਾਲਤਾਂ ਦੇ ਚੱਕਰ ਲਗਾਉਂਦਾ ਹੈ। ਕਿਉਂਕਿ ਉਹਨਾਂ ਵੇਲੇ ਸਕਾਲਰਸ਼ਿਪ ਸਕੀਮ ਅਧੀਨ ਨਿੱਜੀ ਤੇ ਸਰਕਾਰੀ ਅਦਾਰਿਆਂ ਵਿੱਚ ਉਹਨਾਂ ਵਿਦਿਆਰਥੀਆਂ ਨੇ ਵਜ਼ੀਫਾ ਲਿਆ ਸੀ। ਜਿਹੜੇ ਦੋਵੇਂ ਪਾਸੇ ਪੜ੍ਹਦੇ ਸਨ। ਜਿਵੇਂ ਫਰੀਦਕੋਟ ਦੇ ਕੁੱਝ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਫੰਡ ਕਾਗਜ਼ਾਂ ਵਿੱਚ ਦਿੱਤਾ। ਉਹਨਾਂ ਨੇ ਕਾਗਜ਼ਾਂ ਦੇ ਨਾਲ ਢਿੱਡ ਢਕਿਆ ਸੀ। ਹੁਣ ਗੱਲ ਸਾਹਮਣੇ ਆ ਗਈ ਹੈ। ਉਹ ਪੁਛਦੇ ਹਨ ਕਿ ਉਹਨਾਂ ਦੇ ਨਾਮ ਤੇ ਫੰਡ ਕੌਣ ਛਕ ਗਿਆ ਹੈ?

ਪੰਜਾਬ ਸਰਕਾਰ ਸਰਕਾਰੀ ਸਿੱਖਿਆ ਸੰਸਥਾਵਾਂ ਨੂੰ ਇਸ ਲਈ ਐਮੀਨੈਂਸ ਬਣਾ ਰਹੀ ਹੈ ਤਾਂ ਕਿ ਭਵਿੱਖ ਵਿੱਚ ਸਰਕਾਰੀ ਅਧਿਆਪਕਾਂ ਨੂੰ ਨਿੱਜੀ ਸਿੱਖਿਆ ਸੰਸਥਾਵਾਂ ਦਾ ਸੁਆਦ ਚਖਾਇਆ ਜਾਵੇ। ਇਹ ਵੀ ਕੋਰਾ ਝੂਠ ਹੈ ਕਿ ਸਰਕਾਰੀ ਸਿੱਖਿਆ ਸੰਸਥਾਵਾਂ ਦੇ ਅਧਿਆਪਕ ਕੋਈ ਨਿੱਜੀ ਕਾਰੋਬਾਰ ਕਰਦੇ ਹਨ। ਉਹਨਾਂ ਉਪਰ ਇਹ ਝੂਠੇ ਦੋਸ਼ ਲਗਾਏ ਜਾਂਦੇ ਹਨ ਕਿ ਉਹ ਪ੍ਰਾਪਟੀ ਡੀਲਰ ਤੇ ਕੋਈ ਹੋਰ ਧੰਦਾ ਕਰਦੇ ਹਨ। ਮੈਨੂੰ ਯਾਦ ਹੈ ਜਦੋਂ ਅੱਸੀਵੇਂ ਦਹਾਕੇ ਵਿੱਚ ਮੈਂ ਪ੍ਰਾਇਮਰੀ ਸਕੂਲ ਦਾ ਵਿਦਿਆਰਥੀ ਸੀ ਤਾਂ ਸਾਡੇ ਗੁਆਂਢ ਪਿੰਡ ਵਿੱਚ ਜਿਹੜਾ ਅਧਿਆਪਕ ਪੜਾਉਂਦਾ ਸੀ, ਉਹ ਆਂਡਿਆਂ ਦੀਆਂ ਟਰੇਆਂ ਆਪਣੇ ਸਾਈਕਲ ਮਗਰ ਲੱਥੀ ਫਿਰਦਾ ਹੁੰਦਾ ਸੀ। ਉਹ ਉਦੋਂ ਆਂਡਿਆਂ ਦਾ ਕਾਰੋਬਾਰ ਕਰਦਾ ਸੀ। ਅਸੀਂ ਉਸ ਨੂੰ ਮੁਰਗੀ ਮਾਸਟਰ ਕਹਿ ਕੇ ਛੇੜਦੇ ਹੁੰਦੇ ਸੀ। ਹੁਣ ਤਾਂ ਅਧਿਆਪਕਾਂ ਨੇ ਤਰੱਕੀ ਕਰ ਲਈ ਹੈ। ਵਿਦਿਆਰਥੀ ਤੇ ਅਧਿਆਪਕ ਗੱਡੀਆਂ ਵਿੱਚ ਸਵਾਰ ਹੋ ਕੇ ਸਕੂਲਾਂ ਤੇ ਕਾਲਜਾਂ ਵਿਚ ਆਉਂਦੇ ਹਨ। ਅੱਜਕੱਲ੍ਹ ਦੇਸ਼ ਵਿੱਚ ਮਰਦਮਸ਼ੁਮਾਰੀ ਦੇ ਨਾਲ ਵੋਟਾਂ ਕੱਟਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਇਸ ਮਾਮਲੇ ਉਤੇ ਮਾਣਯੋਗ ਸੁਪਰੀਮ ਕੋਰਟ ਵੀ ਚੁੱਪ ਧਾਰੀ ਬੈਠੀ ਹੈ। ਦੇਸ਼ ਨੂੰ ਹੁਣ ਬਾਹਰੀ ਤਾਕਤਾਂ ਦਾ ਖ਼ਤਰਾ ਨਹੀਂ, ਸਗੋਂ ਅੰਦਰੂਨੀ ਖ਼ਤਰਾ ਹੈ। ਦੇਸ਼ ਨੂੰ ਚਲਾਉਣ ਵਾਲੀਆਂ ਕਠਪੁਤਲੀਆਂ ਇਸ ਲਈ ਪੱਬਾਂ ਭਾਰ ਹਨ। ਉਹਨਾਂ ਨੇ ਨੋਬਲ ਪੁਰਸਕਾਰ ਜੇਤੂ ਭਾਰਤੀ ਦੀ ਵੋਟ ਕੱਟ ਕੇ ਆਪਣੇ ਮਾਲਕਾਂ ਨੂੰ ਖੁਸ਼ ਕੀਤਾ ਹੈ। ਇਸ ਸਰਵੇਖਣ ਵਿੱਚ ਬਹੁਗਿਣਤੀ ਅਧਿਆਪਕ ਵਰਗ ਸ਼ਾਮਲ ਹਨ।

ਕਿਉਂਕਿ ਉਹਨਾਂ ਨੇ ਬੱਚਿਆਂ ਨੂੰ ਸਿੱਖਿਆ ਦੇਣ ਲਈ ਨਹੀਂ ਸਗੋਂ ਸਰਕਾਰ ਦੇ ਹੋਰ ਕੰਮ ਧੰਦੇ ਕਰਨ ਲਈ ਰੱਖਿਆ ਹੋਇਆ ਹੈ। ਜਿਵੇਂ ਪਨ ਬੱਸ ਤੇ ਪੀਆਰਟੀਸੀ ਦੀਆਂ ਬੱਸਾਂ ਨੂੰ ਸਰਕਾਰੀ ਰੈਲੀਆਂ ਵਿੱਚ ਭੀੜ ਇਕੱਠੀ ਕਰਨ ਲਈ ਰੱਖਿਆ ਹੈ। ਜੇ ਉਹ ਇਸ ਤਰ੍ਹਾਂ ਨਾ ਕਰਨ ਤਾਂ ਪ੍ਰਾਈਵੇਟ ਟਰਾਂਸਪੋਰਟ ਮਾਫੀਆ ਕਿਵੇਂ ਪ੍ਰਫੁੱਲਿਤ ਹੋਵੇਗਾ। ਪੰਜਾਬ ਦੇ ਟਰਾਂਸਪੋਰਟ ਉਪਰ ਬਹੁਗਿਣਤੀ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਕਬਜ਼ਾ ਹੈ। ਇਹੀ ਹਾਲ ਸਿੱਖਿਆ ਸੰਸਥਾਵਾਂ ਦਾ ਹੈ, ਪੰਜਾਬ ਦੇ ਵਿੱਚ ਪ੍ਰਾਈਵੇਟ ਸਿੱਖਿਆ ਮਾਫੀਆ ਸਥਾਪਿਤ ਕਰਨ ਵਿਚ ਫੁਕਰੇ ਕੌਮ ਪੁਰਸਕਾਰ ਨਾਲ ਸਨਮਾਨਿਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਵੱਡਾ ਹੱਥ ਹੈ। ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਉਹ ਕੰਮ ਕੀਤੇ, ਜੀਹਨਾਂ ਨੂੰ ਕਰਨ ਲਈ ਪੰਜਾਬ ਵਿਰੋਧੀ ਤਾਕਤਾਂ ਪਿਛਲੇ ਸਮਿਆਂ ਤੋਂ ਲੱਗੀਆਂ ਹੋਈਆਂ ਸਨ। ਉਹਨਾਂ ਨੇ ਸਿੱਖ ਸੰਸਥਾਵਾਂ ਦਾ ਭੋਗ ਪਾਇਆ ਤੇ ਆਪ ਲੰਗਰ ਛਕਿਆ ਹੈ। ਉਂਝ ਘੱਟ ਤਾਂ ਕਾਂਗਰਸ ਪਾਰਟੀ ਦੇ ਆਗੂਆਂ ਨੇ ਵੀ ਨਹੀਂ ਕੀਤੀ। ਉਹਨਾਂ ਨੇ ਵੀ ਚੰਮ ਦੀਆਂ ਚਲਾਈਆਂ। ਆਮ ਆਦਮੀ ਪਾਰਟੀ ਵਾਲਿਆਂ ਨੇ ਇਉਂ ਝਾੜੂ ਪੋਚਾ ਫੇਰਿਆ ਕੋਈ ਵੀ ਕੋਨਾ ਨਹੀਂ ਛੱਡਿਆ ਜਿਹੜਾ ਲਿਸ਼ਕਾਂ ਨਾ ਮਾਰਦਾ ਹੋਵੇ। ਉਹਨਾਂ ਦੇ ਮੰਤਰੀਆਂ ਨੇ ਤਾਂ ਕੋਈ ਰੜਕ ਨਹੀਂ ਛੱਡੀ। ਉਹਨਾਂ ਜੁੱਤੀ ਫੇਰੀ ਤੇ ਰੇਤਾ ਬੱਜਰੀ ਤੇ ਚਿੱਟੇ ਦਿਨ ਲੁੱਟ ਮਚਾਈ।

ਬਹੁਗਿਣਤੀ ਅਧਿਆਪਕਾਂ ਤੇ ਪ੍ਰੋਫ਼ੈਸਰਾਂ ਨੂੰ ਅਹੁਦਿਆਂ ਦੀ ਭੁੱਖ ਹੁੰਦੀ ਹੈ। ਉਹਨਾਂ ਦੀ ਅੱਖ ਇੱਲ ਵਰਗੀ ਹੁੰਦੀ ਹੈ। ਉਹ ਆਪਣੀ ਭੁੱਖ ਦੂਰ ਕਰਨ ਲਈ ਸਮਾਗਮਾਂ ਦੀਆਂ ਪ੍ਰਧਾਨਗੀਆਂ ਕਰਦੇ ਹਨ। ਕੱਲ੍ਹ ਇੱਕ ਸਾਬਕਾ ਪ੍ਰਧਾਨ ਦਾ ਫੋਨ ਆਇਆ ਕਿ, ਬੁੱਧ ਸਿਆਂ ਆਪਣਾ ਬੰਦਾ ਚੋਣ ਲੜ ਰਿਹਾ ਹੈ, ਤੂੰ ਵੋਟ ਪਾਉਣ ਲਈ ਆਵੀਂ।
ਮੈਂ ਆਖਿਆ ਕਿ ਪ੍ਰੋਫ਼ੈਸਰ ਸਾਹਿਬ ਮੇਰੀ ਵੋਟ ਇਸ ਲਈ ਨਹੀਂ ਬਣੀ ਕਿਉਂਕਿ ਮੈਂ ਦੰਦਾਂ ਦਾ ਡਾਕਟਰ ਨਹੀਂ, ਮੈਂ ਤਾਂ ਸਮਾਜ ਦੇ ਡੰਗਰਾਂ ਦਾ ਆਪੇ ਬਣਿਆ ਹੋਇਆ ਡਾਕਟਰ ਹਾਂ। ਮੈਂ ਕਿਵੇਂ ਵੋਟ ਪਾਉਣ ਆਊਂਗਾ।

ਅੱਛਾ ਤੇਰੀ ਵੀ ਵੋਟ ਨਹੀਂ ਬਣਾਈ?
ਵੋਟ ਬਣਾਉਣ ਲਈ ਜਿਉਂਦੇ ਵਸਦੇ ਹੋਣ ਦਾ ਸਬੂਤ ਕਿਸੇ ਪੁਸਤਕ ਵਰਗਾ ਹੋਣਾ ਚਾਹੀਦਾ ਹੈ। ਉਹ ਹੁਣ ਜੀਹਨਾਂ ਕੋਲ ਹੈ ਨਹੀਂ, ਉਹਨਾਂ ਦੀਆਂ ਵੋਟਾਂ ਕੱਟੀਆਂ ਜਾਣਗੀਆਂ। ਜਿਵੇਂ ਬਿਹਾਰ ਤੇ ਪੱਛਮੀ ਬੰਗਾਲ ਵਿੱਚ ਕੱਟੀਆਂ ਗਈਆਂ ਹਨ। ਗੱਲ ਤਾਂ ਆਪਾਂ ਸਿੱਖਿਆ ਸੰਸਥਾਵਾਂ ਦੀ ਕਰਦੇ ਸੀ, ਹੁਣ ਸਰਕਾਰ ਨੇ ਮਾਸਟਰਾਂ ਨੂੰ ਮਰਦਮਸ਼ੁਮਾਰੀ ਕਰਨ ਲਗਾ ਦਿੱਤਾ ਹੈ। ਉਹਨਾਂ ਦਾ ਦਰਦ ਕੋਈ ਸੁਣ ਕੇ ਰਾਜ਼ੀ ਨਹੀਂ। ਮਰਦਮਸ਼ੁਮਾਰੀ ਕਰਨ ਲਈ ਪੰਜਾਬ ਤੇ ਦੇਸ਼ ਵਿੱਚ ਬੇਰੁਜ਼ਗਾਰਾਂ ਦੀ ਵੱਡੀ ਫੌਜ ਹੈ। ਉਹਨਾਂ ਤੋਂ ਇਹ ਕੰਮ ਲਿਆ ਜਾ ਸਕਦਾ ਹੈ।

ਕੌਮੀ ਅਖ਼ਬਾਰਾਂ ਵਿੱਚ ਖਬਰਾਂ ਛਪੀਆਂ ਹਨ ਕਿ ਫੌਜ ਦੇ ਉਚ ਅਧਿਕਾਰੀ ਫੌਜ ਨੂੰ ਛੱਡ ਰਹੇ ਹਨ। ਉਹਨਾਂ ਕਿਹਾ ਉਹਨਾਂ ਉਪਰ ਸੱਤਾਧਾਰੀ ਸਿਆਸੀ ਆਗੂਆਂ ਦਾ ਦਬਾਅ ਵਧਦਾ ਜਾ ਰਿਹਾ ਹੈ। ਫੌਜ, ਮੁੱਖ ਚੋਣ ਕਮਿਸ਼ਨਰ ਤੇ ਸੁਪਰੀਮ ਕੋਰਟ ਵਿੱਚ ਸੱਤਾਧਾਰੀ ਧਿਰ ਵਾਲਿਆਂ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾ ਰਹੀ। ਬਹੁਗਿਣਤੀ ਡਰ ਦੇ ਮਾਹੌਲ ਵਿੱਚ ਮੱਖੀਆਂ ਪਾਲਣ ਦਾ ਧੰਦਾ ਕਰਨ ਲੱਗੀ ਹੈ। ਸੱਤਾਧਾਰੀ ਧਿਰ ਨੂੰ ਔਰਤਾਂ ਨਾਲ ਕਿੰਨਾ ਮੋਹ ਪਿਆਰ ਹੈ, ਇਸ ਬਾਰੇ ਡਿਜੀਟਲ ਮੀਡੀਆ ਤੋਂ ਜਾਣਕਾਰੀ ਮੰਗੀ ਜਾ ਸਕਦੀ ਹੈ। ਮੰਗਣ ਨਾਲੋਂ ਮਰਨ ਵਾਲਿਆਂ ਦੀ ਗਿਣਤੀ ਘੱਟ ਰਹੀ ਹੈ। ਸਿਆਸੀ ਪਾਰਟੀਆਂ ਨੇ ਲੋਕਾਂ ਨੂੰ ਭਰਮਾਉਣ ਲਈ ਵੱਡੇ ਵੱਡੇ ਦਾਅਵੇ ਕੀਤੇ ਹਨ। ਪੰਜਾਬ ਦੇ ਵਿੱਚ ਕੁੱਝ ਚਿਰ ਪਹਿਲਾਂ ਸੁਖਬੀਰ ਬਾਦਲ ਦੇ ਆਈ ਟੀ ਸੈਲ ਵਲੋਂ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਉਹਨਾਂ ਵਲੋਂ ਸਮਾਜ ਸੇਵਾ ਕਰਨ ਦਾ ਪ੍ਰਚਾਰ ਕੀਤਾ ਜਾ ਰਿਹਾ ਸੀ। ਹੁਣ ਬਾਦਲ ਕੇ ਅੱਖ ਵਿੱਚ ਪਾਇਆ ਨਹੀਂ ਰੜਕਦੇ। ਹੁਣ ਇਹ ਖ਼ਬਰ ਚੂੰਡੀਆਂ ਵੱਢਦੀ ਹੈ ਕਿ ਸੁਖਬੀਰ ਬਾਦਲ ਨੂੰ ਇੱਕ ਵਾਰ ਫੇਰ ਸ੍ਰੀ ਆਕਾਲ ਤਖ਼ਤ ਸਾਹਿਬ ਉਪਰ ਤਲਬ ਕੀਤਾ ਜਾਵੇਗਾ।

ਉਧਰ ਕਾਂਗਰਸ ਪਾਰਟੀ ਦੇ ਵਿੱਚ ਕੌਣ ਬਣੇਗਾ ਪੰਜਾਬ ਦਾ ਪ੍ਰਧਾਨ ਦੀ ਲੜਾਈ ਚੱਲ ਰਹੀ ਹੈ। ਖ਼ਬਰਾਂ ਤਾਂ ਇਹ ਆਈਆਂ ਹਨ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਖੁੱਡੇ ਲਗਾਉਣ ਲਈ ਉਪਰ ਕੋਈ ਡੀਲ ਸਾਈਨ ਹੋਈ ਹੈ। ਪੰਜਾਬ ਨੂੰ ਅਗਲੇ ਸਮਿਆਂ ਵਿੱਚ ਕਿਹੜੇ ਰਾਹ ਤੋਰਨਾ ਹੈ, ਇਹ ਤਾਂ ਉਹੀ ਜਾਣਦੇ ਹਨ, ਜਿਹੜੇ ਅਗਲੀਆਂ ਚੋਣਾਂ ਵਿੱਚ ਆਪਣੇ ਬਲਬੂਤੇ ਸਰਕਾਰ ਬਣਾਉਣਗੇ। ਭਾਜਪਾ ਨੇ ਆਮ ਆਦਮੀ ਪਾਰਟੀ ਦੇ ਖੇਮੇ ਵਿੱਚ ਵੱਡੀ ਸੰਨ੍ਹ ਲਾਈ ਹੈ। ਉਹਨਾਂ ਈਡੀ ਨੂੰ ਅੱਗੇ ਕਰਕੇ ਦਿਨ ਦਿਹਾੜੇ ਡਾਕਾ ਮਾਰਿਆ ਹੈ। ਇਸ ਡਾਕੇ ਵਿੱਚ ਉਹ ਆਪ ਪਾਰਟੀ ਦੇ ਸੱਤ ਰਾਜ ਸਭਾ ਮੈਂਬਰ ਚੁੱਕ ਕੇ ਲੈ ਗਏ ਹਨ। ਭਗਵੰਤ ਮਾਨ ਤੇ ਹੋਰ ਇਹ ਕਹਿ ਰਹੇ ਕਿ ਉਹਨਾਂ ਨੇ ਪੰਜਾਬ ਦੀ ਪਿੱਠ ਤੇ ਛੁਰਾ ਮਾਰਿਆ ਹੈ।

ਭਗਵੰਤ ਮਾਨ ਨੂੰ ਪੁੱਛਿਆ ਜਾ ਸਕਦਾ ਕਿ ਜਦੋਂ ਪੰਜਾਬ ਦੇ ਲੋਕਾਂ ਨੂੰ ਨਜ਼ਰਅੰਦਾਜ਼ ਕਰਕੇ ਇਹਨਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਸੀ, ਉਦੋਂ ਤੁਸੀਂ ਹਾਰ ਪਾਏ ਸੀ, ਉਦੋਂ ਤੁਸੀਂ ਪੰਜਾਬ ਦੇ ਲੋਕਾਂ ਦੀ ਪਿੱਠ ਤੇ ਛੁਰਾ ਚਲਾਇਆ ਸੀ। ਭਗਵੰਤ ਮਾਨ ਸਾਹਿਬ ਜੀ, ਤੁਸੀਂ ਲੋਕਾਂ ਨੂੰ ਹੁਣ ਮੂਰਖ਼ ਨਹੀਂ ਬਣਾ ਸਕਦੇ। ਕਿਉਂਕਿ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਤੁਸੀਂ ਵੀ ਭਾਜਪਾ ਦੀ ਕਠਪੁਤਲੀ ਬਣ ਕੇ ਰਹਿ ਗਏ ਓ।
ਕੌਣ ਪੰਜਾਬ ਦਾ ਹਿਮਾਇਤੀ ਹੈ ਅਤੇ ਕੌਣ ਗ਼ਦਾਰ ਹੈ? ਇਹ ਪੰਜਾਬ ਦੇ ਲੋਕ ਜਾਣਦੇ ਹੋਏ ਵੀ ਚੁੱਪ ਹਨ ਕਿਉਂਕਿ ਉਹਨਾਂ ਦਾ ਮੂੰਹ ਰਸੋਈ ਕਿੱਟ ਨੇ ਬੰਦ ਕਰ ਦਿੱਤਾ। ਪੰਜਾਬੀਆਂ ਨੂੰ ਮੁਫ਼ਤ ਦੀਆਂ ਸਹੂਲਤਾਂ ਦੇ ਕੇ ਉਨ੍ਹਾਂ ਨੂੰ ਨਕਾਰੇ ਕਰ ਦਿੱਤਾ ਹੈ। ਹੁਣ ਉਹ ਗੱਲਾਂ ਕਰਨ ਜੋਗੇ ਰਹਿ ਗਏ ਹਨ, ਸੰਘਰਸ਼ ਕਰਨ ਵਾਲਾ ਲਹੂ ਚਿੱਟਾ ਹੋ ਗਿਆ ਹੈ। ਕਹਿੰਦੇ ਸੰਸਾਰ ਦੁੱਖਾਂ ਦਾ ਘਰ ਹੈ। ਇਸੇ ਕਰਕੇ ਲੋਕ ਆਪਣੇ ਘਰ ਛੱਡ ਕੇ ਬੇਗਾਨੇ ਘਰ ਜਾ ਕੇ ਜੁੱਤੀਆਂ ਚੱਟਦੇ ਹਨ। ਆਪਣੇ ਆਪ ਨੂੰ ਮਹਾਨ ਸਮਝਦੇ ਹਨ। ਮਹਾਨ ਬਨਣ ਲਈ ਤਿਆਗ ਕਰਨਾ ਪੈਂਦਾ ਹੈ। ਪੰਜੇ ਵਿਕਾਰਾਂ ਤੇ ਕਾਬੂ ਪਾਉਣਾ ਪੈਂਦਾ ਹੈ। ਤਾਂ ਦੁੱਖ ਘਟਦਾ ਹੈ, ਸੁੱਖ ਵਧਦਾ ਹੈ। ਬਾਕੀ ਤੁਸੀਂ ਆਪ ਸਿਆਣੇ ਹੋ, ਸੂਝਵਾਨ ਓ ਕਿ ਨਹੀਂ?
Budh-singh-nelon-244x300 ਬੁੱਧ ਬਾਣ/ਦੁੱਖ ਦਾਰੂ ਸੁਖੁ ਰੋਗ/ਬੁੱਧ ਸਿੰਘ ਨੀਲੋਂ
ਬੁੱਧ ਸਿੰਘ ਨੀਲੋਂ
9464370823

Share this content:

Post Comment