ਬਿਹਾਰ ਵਿੱਚ ਹੜ੍ਹ ਕਾਰਨ 29.13 ਲੱਖ ਲੋਕ ਪ੍ਰਭਾਵਿਤ
ਬਿਹਾਰ, 8 ਸਤੰਬਰ – ਬਿਹਾਰ ਵਿੱਚ ਹੜ੍ਹਾਂ ਕਾਰਨ ਲਗਭਗ 29.13 ਲੱਖ ਲੋਕ ਪ੍ਰਭਾਵਿਤ ਹੋਏ ਹਨ। ਓਵਰਫਲੋਅ ਨਦੀਆਂ ਕਾਰਨ 13 ਜ਼ਿਲ੍ਹਿਆਂ ਵਿੱਚ ਵੱਡੇ ਖੇਤਰ ਪਾਣੀ ਦੀ ਮਾਰ ਹੇਠ ਹਨ। ਵੈਸ਼ਾਲੀ ਅਤੇ ਸਾਰਣ ਵਿੱਚ ਹੜ੍ਹ ਪੀੜਤਾਂ ਲਈ ਬਣਾਏ ਰਾਹਤ ਕੈਂਪਾਂ ਦਾ ਜਾਇਜ਼ਾ ਲੈਣ ਮਗਰੋਂ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਅਧਿਕਾਰੀਆਂ ਨੂੰ ਤੁਰੰਤ ਰਾਹਤ ਅਤੇ ਬਚਾਅ ਕਾਰਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਅਧਿਕਾਰੀਆਂ ਨੇ ਦੱਸਿਆ ਕਿ ਵੱਖ-ਵੱਖ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ 190 ਕਮਿਊਨਿਟੀ ਰਸੋਈਆਂ ਚਲਾਈਆਂ ਜਾ ਰਹੀਆਂ ਹਨ, ਜਦੋਂ ਕਿ ਰਾਹਤ ਅਤੇ ਬਚਾਅ ਕਾਰਜਾਂ ਲਈ 1429 ਕਿਸ਼ਤੀਆਂ ਸੇਵਾ ਵਿੱਚ ਲਾਈਆਂ ਗਈਆਂ ਹਨ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵਿਜੈ ਕੁਮਾਰ ਚੌਧਰੀ ਨੇ ਕੁੱਝ ਕਮਿਊਨਿਟੀ ਰਸੋਈਆਂ ਦਾ ਮੁਆਇਨਾ ਕੀਤਾ ਅਤੇ ਸਥਾਨਕ ਪ੍ਰਸ਼ਾਸਨ ਨੂੰ ਨਦੀ ਦੇ ਬੰਨ੍ਹਾਂ ਦੀ ਲਗਾਤਾਰ ਨਿਗਰਾਨੀ ਅਤੇ ਸੰਵੇਦਨਸ਼ੀਲ ਖੇਤਰਾਂ ’ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ।
ਪਟਨਾ ਵਿੱਚ ਗਾਂਧੀ ਘਾਟ ਅਤੇ ਹਥੀਦਾਹ ’ਚ ਗੰਗਾ ਨਦੀ ’ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚਣ ਕਾਰਨ ਅਧਿਕਾਰੀਆਂ ਨੇ ਹੇਠਲੇ ਇਲਾਕਿਆਂ ’ਚ ਅਲਰਟ ਜਾਰੀ ਕਰ ਦਿੱਤਾ ਹੈ। ਸੂਬੇ ਵਿੱਚ ਸਤੰਬਰ ਮਹੀਨੇ ਹੁਣ ਤੱਕ 75.9 ਮਿਲੀਮੀਟਰ ਮੀਂਹ ਪਿਆ ਹੈ, ਜੋ ਕਿ ਆਮ ਨਾਲੋਂ 45 ਫ਼ੀਸਦੀ ਵੱਧ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਨਦੀਆਂ ਨੇੇੜੇ ਨਾ ਜਾਣ ਦੀ ਸਲਾਹ ਦਿੱਤੀ ਹੈ। ਪਟਨਾ ਦੇ ਗਾਂਧੀ ਘਾਟ ਵਿੱਚ ਅੱਜ ਗੰਗਾ 50.41 ਮੀਟਰ ’ਤੇ ਵਹਿ ਰਹੀ ਸੀ, ਜੋ ਖ਼ਤਰੇ ਦੇ ਨਿਸ਼ਾਨ ਤੋਂ 1.57 ਮੀਟਰ ਉੱਪਰ ਹੈ। ਆਫ਼ਤ ਪ੍ਰਬੰਧਨ ਵਿਭਾਗ ਮੁਤਾਬਕ ਵੱਖ-ਵੱਖ ਨਦੀਆਂ ’ਚ ਪਾਣੀ ਦਾ ਪੱਧਰ ਵਧਣ ਕਾਰਨ ਪਟਨਾ, ਭੋਜਪੁਰ, ਸਾਰਣ, ਵੈਸ਼ਾਲੀ, ਭਾਗਲਪੁਰ, ਬੇਗੂਸਰਾਏ, ਬਕਸਰ, ਸਮਸਤੀਪੁਰ, ਮੂੰਗੇਰ, ਕਟੀਹਾਰ, ਲਖੀਸਰਾਏ, ਖਗੜੀਆ ਅਤੇ ਅਰਵਲ ਜ਼ਿਲ੍ਹਿਆਂ ਦੇ 77 ਬਲਾਕਾਂ ਦੀਆਂ 438 ਗ੍ਰਾਮ ਪੰਚਾਇਤਾਂ ਵਿੱਚ ਲਗਭਗ 29.13 ਲੱਖ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ।
ਤੇਜਸਵੀ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ
ਬਿਹਾਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਸੂਬੇ ਦੇ ਹੜ੍ਹਾਂ ਨੂੰ ਕੌਮੀ ਆਫ਼ਤ ਐਲਾਨਣ ਅਤੇ ਸਥਿਤੀ ਨਾਲ ਨਜਿੱਠਣ ਲਈ ਸੂਬੇ ਨੂੰ 5000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੀ ਮੰਗ ਕੀਤੀ ਹੈ। ਯਾਦਵ ਨੇ ਪੱਤਰ ਵਿੱਚ ਦੋਸ਼ ਲਾਇਆ ਕਿ ਵਿੱਤੀ ਤੌਰ ’ਤੇ ਦੀਵਾਲੀਆ ਹੋ ਚੁੱਕੀ ਬਿਹਾਰ ਸਰਕਾਰ ਜਵਾਬੀ ਕਾਰਵਾਈ, ਰੋਕਥਾਮ ਅਤੇ ਢੁੱਕਵੇਂ ਉਪਾਅ ਕਰਨ ’ਚ ਅਸਫਲ ਰਹੀ ਹੈ ਅਤੇ ਹੜ੍ਹ ਪੀੜਤਾਂ ਦੀ ਮਦਦ ਲਈ ਲਾਪ੍ਰਵਾਹ ਰਹੀ ਹੈ।
Share this content:



Post Comment