Loading Now

ਬਾਬਾ ਫ਼ਰੀਦ ਸਾਹਿਤ ਮੇਲਾ ਅਮਿੱਟ ਯਾਦਾਂ ਛੱਡਦਾ ਸੰਪੰਨ

ਬਾਬਾ ਫ਼ਰੀਦ ਸਾਹਿਤ ਮੇਲਾ ਅਮਿੱਟ ਯਾਦਾਂ ਛੱਡਦਾ ਸੰਪੰਨ

ਫ਼ਰੀਦਕੋਟ,  25 ਸਤੰਬਰ: ( ਗਿਆਨ ਸਿੰਘ) ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਮੌਕੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ (ਰਜਿ.) ਫ਼ਰੀਦਕੋਟ, ਦੇਸ
ਭਗਤ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ, ਫ਼ਰੀਦਕੋਟ, ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਅਤੇ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੇ
ਸਹਿਯੋਗ ਨਾਲ ਪੰਜ ਰੋਜ਼ਾ ਬਾਬਾ ਫ਼ਰੀਦ ਸਾਹਿਤ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾਸੰਪੰਨ ਹੋ ਗਿਆ। ਮੇਲੇ ਦਾ ਉਦਘਾਟਨ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਕੀਤਾ
ਗਿਆ।
ਇਸ ਮੌਕੇ ਸ੍ਰੀ ਰਾਹੁਲ ਚਾਬਾ, ਡਿਪਟੀ ਕਮਿਸ਼ਨਰ ਫ਼ਰੀਦਕੋਟ, ਸ੍ਰੀ ਕੇਸ਼ਵ ਗੋਇਲ, ਵਧੀਕ ਡਿਪਟੀ ਕਮਿਸ਼ਨਰ, ਸ੍ਰੀ ਰਾਜੇਸ਼ ਮੋਹਨ, ਪ੍ਰਿੰਸੀਪਲ ਸਰਕਾਰੀ ਕਾਲਜ ਆਫ ਐਜੂਕੇਸ਼ਨ,
ਸ੍ਰੀ ਅਮਨਦੀਪ ਸਿੰਘ ਬਾਬਾ, ਚੇਅਰਮੈਨ ਮਾਰਕੀਟ ਕਮੇਟੀ ਫਰੀਦਕੋਟ, ਪ੍ਰਸਿੱਧ ਪੰਜਾਬੀ ਸ਼ਾਇਰ ਵਿਜੇ ਵਿਵੇਕ ਅਤੇ ਸ੍ਰੀ ਮਨਜੀਤ ਪੁਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਵੀ ਮੌਜੂਦ ਰਹੇ।
ਉਦਘਾਟਨੀ ਰਸਮ ਨਿਭਾਉਂਦਿਆਂ ਸ. ਗੁਰਦਿੱਤ ਸਿੰਘ ਸੇਖੋਂ ਨੇ ਮਨੁੱਖੀ ਜੀਵਨ ਵਿੱਚ ਕਿਤਾਬਾਂ ਦੀ ਮਹੱਤਤਾ ਤੇ ਚਾਨਣਾ ਪਾਉਂਦਿਆਂ ਵੱਧ ਤੋਂ ਵੱਧ ਸਾਹਿਤ ਪੜ੍ਹਨ ਦੀ ਪ੍ਰੇਰਨਾ
ਦਿੱਤੀ।
WhatsApp-Image-2026-09-24-at-1.21.20-PM-2-300x169 ਬਾਬਾ ਫ਼ਰੀਦ ਸਾਹਿਤ ਮੇਲਾ ਅਮਿੱਟ ਯਾਦਾਂ ਛੱਡਦਾ ਸੰਪੰਨ
ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਨੇ ਸਾਹਿਤ ਪੜ੍ਹਨ ਸਬੰਧੀ ਆਪਣੇ ਅਨੁਭਵ ਸਾਂਝੇ ਕੀਤੇ। ਸ੍ਰੀ ਮਨਜੀਤ ਪੁਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਇਸ ਮੇਲੇ ਦੇ ਇਤਿਹਾਸ ਬਾਰੇ
ਦੱਸਦਿਆਂ ਇਸਨੂੰ ਮਾਲਵੇ ਦਾ ਵੱਡਾ ਪੁਸਤਕ ਮੇਲਾ ਕਰਾਰ ਦਿੱਤਾ ਜਿਸ ਵਿੱਚ ਹਰ ਵਾਰ ਸੈਂਕੜੇ ਨਵੀਆਂ ਕਿਤਾਬਾਂ ਰਿਲੀਜ਼ ਹੁੰਦੀਆਂ ਹਨ। ਇਸ ਵਾਰ ਮੇਲੇ ਦੌਰਾਨ 75 ਦੇ ਕਰੀਬ
ਪ੍ਰਕਾਸ਼ਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ। ਮੰਚ ਸੰਚਾਲਨ ਦੀ ਭੂਮਿਕਾ ਸ੍ਰੀ ਜਸਬੀਰ ਜੱਸੀ ਵੱਲੋਂ ਨਿਭਾਈ ਗਈ।
ਪਹਿਲੇ ਸੈਸ਼ਨ ਕਥਾ-ਕਾਰਵਾਂ ਵਿੱਚ ਪੰਜਾਬੀ ਕਹਾਣੀ ਦੇ ਉੱਘੇ ਹਸਤਾਖ਼ਰ ਬਲਵਿੰਦਰ ਗਰੇਵਾਲ ਅਤੇ ਜਤਿੰਦਰ ਹਾਂਸ ਨਾਲ ਗੁਰਮੀਤ ਕੜਿਆਲਵੀ ਵੱਲੋਂ ਸੰਵਾਦ ਰਚਾਇਆ ਗਿਆ।
ਪੰਜਾਬੀ ਕਹਾਣੀ ਦੀਆਂ ਅਨੇਕ ਪਰਤਾਂ ਬਾਰੇ ਖੁੱਲ੍ਹਾ ਵਿਚਾਰ ਵਟਾਂਦਰਾ ਕੀਤਾ ਗਿਆ।
ਸ਼ਾਮ ਦੇ ਸੈਸ਼ਨ ਯੁਵਾ ਸਾਹਿਤ ਦੇ ਸੰਗ ਦੌਰਾਨ ਨੌਜਵਾਨ ਕਹਾਣੀਕਾਰ ਆਗ਼ਾਜ਼ਬੀਰ ਅਤੇ ਸਾਹਿਤ ਅਕਾਦਮੀ ਯੁਵਾ ਪੁਰਸਕਾਰ ਜੇਤੂ ਕਵੀ ਰਣਧੀਰ ਨਾਲ ਨੌਜਵਾਨ ਚਿੰਤਕ ਪ੍ਰੋ. ਗੁਰਦੀਪ
ਸਿੰਘ ਢਿੱਲੋਂ ਵੱਲੋਂ ਸੰਵਾਦ ਰਚਾਇਆ ਗਿਆ ਜਿਸ ਵਿੱਚ ਅਜੋਕੇ ਦੌਰ ਵਿੱਚ ਸਾਹਿਤ ਵਿੱਚ ਆ ਰਹੇ ਬਦਲਵੇਂ ਪੜਾਵਾਂ ਦੀ ਡੂੰਘੀ ਪੜਚੋਲ ਪੇਸ਼ ਕੀਤੀ ਗਈ।
  ਦੂਸਰੇ ਦਿਨ ਸਵੇਰ ਦੇ ਸੈਸ਼ਨ ਦੌਰਾਨ ‘ਦੇਹ ਕੀ ਸਾਖੀ’ ਸਿਰਲੇਖ ਤਹਿਤ ਉੱਘੇ ਨਾਵਲਕਾਰ ਡਾ. ਗੁਰਮਿੰਦਰ ਸਿੰਘ ਰੂਪੋਵਾਲੀ ਨਾਲ ਅਵਤਾਰ ਸਿੰਘ ਔਲਖ ਨੇ ਸੰਵਾਦ ਰਚਾਇਆ। ਜਿਸ
ਦੌਰਾਨ ਸ. ਰੂਪੋਵਾਲੀ ਨੇ ਕਿਹਾ ਕਿ ਸਿੱਖ ਧਰਮ ’ਚ ਪ੍ਰਚੱਲਿਤ ਸਾਖੀ ਪ੍ਰੰਪਰਾ ਬਾਰੇ ਕਿਹਾ ਕਿ ਇਤਿਹਾਸ ਤੇ ਸਾਖੀ ਪ੍ਰੰਪਰਾ ਸਮਾਂਤਰ ਚਲਦੇ ਹਨ ਪਰ ਦੋਨਾਂ ਦਾ ਮੁਹਾਵਰਾ
ਵੱਖੋ-ਵੱਖਰਾ ਹੈ। ਸੋ ਇਨ੍ਹਾਂ ਦੋਨਾਂ ਦਾ ਸਿੱਖ ਧਰਮ ’ਚ ਬਰਾਬਰ ਦਾ ਸਥਾਨ ਹੈ। ਦੁਪਹਿਰ ਦੇ ਸੈਸ਼ਨ ਦੌਰਾਨ ‘ਸਿਨੇਮਾ ਤੇ ਸਮਕਾਲ’ ਵਿਸ਼ੇ ਤਹਿਤ ਉੱਘੇ ਫਿਲਮਸਾਜ਼ ਜਸ ਗਰੇਵਾਲ ਨਾਲ
ਭਾਸ਼ਾ ਵਿਭਾਗ ਦੇ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਸੰਵਾਦ ਰਚਾਇਆ। ਜਿਸ ਦੌਰਾਨ ਸ੍ਰੀ ਗਰੇਵਾਲ ਨੇ ਪੰਜਾਬੀ ਸਿਨੇਮੇ ਦੇ ਵੱਖ-ਵੱਖ ਪਹਿਲੂਆਂ ਬਾਰੇ ਬੜੇ ਸਪੱਸ਼ਟ ਜੁਆਬ
ਦਿੱਤੇ।
ਮੇਲੇ ਦੇ ਤੀਜੇ ਦਿਨ ਵੀ ਪੁਸਤਕ ਪ੍ਰੇਮੀ ਪਾਠਕਾਂ ਦਾ ਉਤਸ਼ਾਹ ਪਹਿਲੇ ਦਿਨ ਵਾਂਗ ਹੀ ਬਰਕਰਾਰ ਰਿਹਾ। ਇਸ ਦਿਨ ਦੀ ਖੂਬਸੂਰਤੀ ਇਹ ਰਹੀ ਕਿ ਭਾਸ਼ਾ ਵਿਭਾਗ ਪੰਜਾਬ ਦੇ
ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਵੱਲੋਂ ਵੀ ਪੂਰਾ ਦਿਨ ਸਾਹਿਤ ਮੇਲੇ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਵੱਲੋਂ ਮਨੁੱਖੀ ਜ਼ਿੰਦਗੀ
ਵਿੱਚ ਕਿਤਾਬਾਂ ਦੇ ਮਹੱਤਵ ਬਾਰੇ ਗੱਲ ਕਰਦੇ ਹੋਏ ਇਹੋ ਜਿਹੇ ਸਾਹਿਤਕ ਮੇਲਿਆਂ ਦੀ ਵੱਡੀ ਦੇਣ ਦਾ ਵਰਣਨ ਕੀਤਾ ਗਿਆ।
ਮੇਲੇ ਦੇ ਤੀਸਰੇ ਦਿਨ ਰੂਬਰੂ ਸਮਾਗਮਾਂ ਦੀ ਲੜੀ ਵਿੱਚ ਸਵੇਰ ਦੇ ਸੈਸ਼ਨ ਵਿੱਚ ਨਾਟਕਕਾਰ ਕੇਵਲ ਧਾਲੀਵਾਲ ਦੇ ਰੰਗਮੰਚ ਦੇ ਸਫ਼ਰ ਬਾਰੇ ਡਾ. ਜਗਦੀਪ ਸਿੰਘ ਸੰਧੂ ਵੱਲੋਂ ਸੰਵਾਦ
ਰਚਾਇਆ ਗਿਆ।
ਸ਼ਾਮ ਦੇ ਸੈਸ਼ਨ ਵਿੱਚ ਆਰਟਿਸਟ ਅਤੇ ਵਾਰਤਕ ਲੇਖਕ ਨਿਰਲੇਪ ਸਿੰਘ ਨਾਲ ਪ੍ਰਸਿੱਧ ਲੇਖਕ ਗੁਰਪ੍ਰੀਤ ਵੱਲੋਂ ਗੱਲ-ਬਾਤ ਕੀਤੀ ਗਈ। ਨਿਰਲੇਪ ਸਿੰਘ ਵੱਲੋਂ ਗੱਲਬਾਤ ਕਰਦਿਆਂ ਮਨੁੱਖ
ਦੇ ਸਦੀਵੀ ਸਫ਼ਰ ਦੇ ਹਵਾਲੇ ਨਾਲ ਆਪਣੇ ਜੀਵਨ ਸਫ਼ਰ ਬਾਰੇ ਦੱਸਿਆ ਗਿਆ।
ਚੌਥੇ ਦਿਨ ਨਾਮਵਰ ਗੀਤਕਾਰ ਸ. ਬਾਬੂ ਸਿੰਘ ਮਾਨ ਸਰੋਤਿਆਂ ਦੇ ਰੂਬਰੂ ਹੋਏ। ਕੁਮਾਰ ਜਗਦੇਵ ਵੱਲੋਂ ਸ. ਮਾਨ ਨਾਲ ਰਚਾਏ ਸੰਵਾਦ ਲਈ ਬਹੁਤ ਵੱਡੀ ਗਿਣਤੀ ’ਚ ਸਾਹਿਤ ਰਸੀਏ
ਪਹੁੰਚੇ।
ਇਸ ਮੌਕੇ ਸ. ਬਾਬੂ ਸਿੰਘ ਮਾਨ ਨੇ ਆਪਣੀਆਂ ਫ਼ਰੀਦਕੋਟ ਨਾਲ ਜੁੜੀਆਂ ਯਾਦਾਂ ਤਾਜ਼ਾ ਕਰਦਿਆਂ ਗੀਤਕਾਰੀ ਦੇ ਸਫ਼ਰ ਦੀ ਸ਼ੁਰੂਆਤ ਬਾਰੇ ਚਾਨਣਾ ਪਾਇਆ।
ਚੌਥੇ ਦਿਨ ਸ਼ਾਮ ਦੇ ਸੈਸ਼ਨ ਵਿਚ ਕਵੀ ਦਰਬਾਰ ਕਰਵਾਇਆ ਗਿਆ। ਜਿਸ ਦੌਰਾਨ ਸੂਬੇ ਦੇ ਕੋਨੇ-ਕੋਨੇ ’ਚੋਂ ਆਏ ਕਵੀਆਂ ਨੇ ਵੱਖ-ਵੱਖ ਵੰਨਗੀਆਂ ਦੀ ਕਾਵਿ ਰਚਨਾਵਾਂ ਰਾਹੀਂ ਸਾਹਿਤ ਉਤਸਵ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ। ਕਵੀ ਦਰਬਾਰ ਦੀ ਪ੍ਰਧਾਨਗੀ ਸ. ਜਸਵੰਤ ਸਿੰਘ ਜ਼ਫ਼ਰ, ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਨੇ ਕੀਤੀ। ਸ਼ਾਇਰ ਤੇ ਸੰਗੀਤਕਾਰ ਪ੍ਰਿੰ.
ਰਾਜੇਸ਼ ਮੋਹਨ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ ਮਨਜੀਤ ਪੁਰੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਕਵੀ ਦਰਬਾਰ ਵਿਚ ਤ੍ਰੈਲੋਚਨ ਲੋਚੀ,
ਸਿਮਰਨ ਅਕਸ, ਸੁਨੀਲ ਚੰਦਿਆਣਵੀ, ਡਾ. ਦੇਵਿੰਦਰ ਸੈਫ਼ੀ, ਬਲਕਾਰ ਔਲਖ, ਭੁਪਿੰਦਰ ਕੌਰ ਪ੍ਰੀਤ, ਡਾ. ਅਜੀਤਪਾਲ ਜਟਾਣਾ, ਨੀਤੂ, ਸਵਾਮੀ ਅੰਤਰ ਨੀਰਵ, ਦਰਸ਼ਨ ਬੁੱਟਰ, ਪ੍ਰਿੰ.
ਰਾਜੇਸ਼ ਮੋਹਨ, ਗੁਰਤੇਜ ਕੋਹਾਰਵਾਲਾ, ਵਿਜੇ ਵਿਵੇਕ ਆਦਿ ਕਵੀਆਂ ਨੇ ਆਪਣੀ ਦਮਦਾਰ ਸ਼ਾਇਰੀ ਨਾਲ ਸਮਾਂ ਬੰਨ੍ਹ ਦਿੱਤਾ।
ਸਾਹਿਤ ਮੇਲੇ ਦਾ ਪੰਜਵਾਂ ਦਿਨ ਬਹੁਤ ਵੱਖਰੇ ਅਹਿਸਾਸ ਨਾਲ ਭਰਿਆ ਹੋਇਆ ਸੀ। ਅਗਲੇ ਸਾਲ ਮਿਲਣ ਦੇ ਵਾਅਦੇ ਨਾਲ ਵਿਦਾਇਗੀ ਦਾ ਸਮਾਂ ਨੇੜੇ ਆ ਗਿਆ ਸੀ। ਇਸ ਅਹਿਸਾਸ ਨੂੰ ਸ਼ਬਦਾਂ `ਚ ਬਦਲਣ ਲਈ ਭਾਵਪੂਰਤ ਵਿਦਾਇਗੀ ਸਮਾਗਮ ਰਚਿਆ ਗਿਆ ਜਿਸ ਵਿੱਚ ਨਿੰਦਰ ਘੁਗਿਆਣਵੀ, ਨਵਦੀਪ ਗਿੱਲ ਖੇਡ ਲੇਖਕ ਜਸਬੀਰ ਜੱਸੀ, ਕੰਵਰਜੀਤ ਸਿੰਘ ਸਿੱਧੂ, ਪ੍ਰੋ. ਰਾਜੇਸ਼ ਮੋਹਨ, ਮਨਜੀਤ ਪੁਰੀ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਦੇ ਸੂਤਰਧਾਰ ਦੀ ਭੂਮਿਕਾ ਪ੍ਰੋ. ਰਣਜੀਤ ਸਿੰਘ ਬਾਜਵਾ ਵੱਲੋਂ ਬਾਖ਼ੂਬੀ ਨਿਭਾਈ ਗਈ।
ਇਸ ਮੌਕੇ ਪ੍ਰਕਾਸ਼ਕਾਂ ਵੱਲੋਂ ਖੁਸ਼ਵੰਤ ਬਰਗਾੜੀ ਨੇ ਜਿੱਥੇ ਮੇਲੇ ਦੇ ਪਿਛੋਕੜ ਅਤੇ ਅੱਜ ਬਾਰੇ ਸੁਨੇਹਾ ਸਾਂਝਾ ਕੀਤਾ, ਉਥੇ ਦੀਪ ਦਿਲਬਰ ਨੇ ਆਪਣੇ ਅਹਿਸਾਸਾਂ ਨੂੰ ਕਵਿਤਾ ਰਾਹੀਂ ਪੇਸ਼ ਕੀਤਾ। ਇਸ ਦੇ ਨਾਲ ਹੀ ਹੈਰੀ ਭੋਲੂਵਾਲਾ ਨੇ ਗੀਤ ਰਾਹੀਂ ਹਾਜ਼ਰੀ ਲਵਾਈ।
ਇਸ ਮੇਲੇ ਦੌਰਾਨ ਬਹੁਤ ਸਾਰੀਆਂ ਨਵੀਆਂ ਕਿਤਾਬਾਂ ਮੰਚ ਤੋਂ ਅਤੇ ਵੱਖ-ਵੱਖ ਸਟਾਲਾਂ ਤੋਂ ਲੋਕ-ਅਰਪਨ ਕੀਤੀਆਂ ਗਈਆਂ। ਮੇਲੇ ਵਿਚੋਂ ਪੁਸਤਕ ਪ੍ਰੇਮੀਆਂ ਨੇ ਪੈਂਤੀ ਲੱਖ ਤੋਂ ਵੀ
ਵੱਧ ਦੀਆਂ ਕਿਤਾਬਾਂ ਦੀ ਖਰੀਦ ਕੀਤੀ। ਹਰ ਸਾਲ ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ ਲਗਾਤਾਰ ਵਧ ਰਿਹਾ ਹੈ।
ਜ਼ਿਲ੍ਹਾ ਭਾਸ਼ਾ ਅਫਸਰ ਮਨਜੀਤ ਪੁਰੀ ਨੇ ਇਸ ਮੇਲੇ ਨੂੰ ਨੇਪਰੇ ਚਾੜ੍ਹਨ ਵਿੱਚ ਦਿੱਤੇ ਸਹਿਯੋਗ ਲਈ ਸਮੂਹ ਧਿਰਾਂ ਦਾ ਧੰਨਵਾਦ ਕੀਤਾ

Share this content:

Post Comment