ਬਟਾਲਾ ‘ਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਅਤੇ ਇੱਖ ਨੌਜਵਾਨ ਦਾ ਗੋਲੀ ਮਾਰਕੇ ਕਤਲ਼
ਗੁਰਦਾਸਪੁਰ, 27 ਜੂਨ – ਇੱਕ ਪਾਸੇ ਪੰਜਾਬ ਸਰਕਾਰ ਤੇ ਪੁਲਿਸ ਕਾਨੂੰਨ ਵਿਵਸਥਾ ਸਹੀ ਹੋਣ ਦੇ ਲੱਖਾਂ ਦਾਅਵੇ ਕਰਦੇ ਹਨ, ਤਾਂ ਦੂਜੇ ਪਾਸੇ ਆਏ ਦਿਨ ਹੋ ਰਹੇ ਕਤਲ ਵਰਗੀਆਂ ਵਾਰਦਾਤਾਂ ਇੰਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਰਹੀਆਂ ਹਨ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਹਲਕਾ ਬਟਾਲਾ ਦੇ ਕਾਦੀਆਂ ਰੋਡ ‘ਤੇ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਸਕਾਰਪੀਓ ਗੱਡੀ ਵਿੱਚ ਸਵਾਰ ਕਰਨਵੀਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਭੀਖੋਵਾਲ ਥਾਣਾ ਘੁੰਮਣ ਕਲਾਂ ਅਤੇ ਉਸ ਦੀ ਰਿਸ਼ਤੇਦਾਰ ਹਰਜੀਤ ਕੌਰ ਵਾਸੀ ਭਗਵਾਨਪੁਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜੋ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਦੱਸੀ ਜਾ ਰਹੀ ਹੈ।
ਸੀਸੀਟੀਵੀ ‘ਚ ਕੈਦ ਕਤਲ ਦੀ ਘਟਨਾ
ਇਸ ਵਾਰਦਾਤ ਦੀ ਸਾਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ, ਜਿਸ ‘ਚ ਦੋ ਬਾਈਕ ਸਵਾਰ ਆਉਂਦੇ ਹਨ ਤੇ ਖੜੀ ਗੱਡੀ ‘ਚ ਸਵਾਰ ਕਰਨਵੀਰ ਸਿੰਘ ਤੇ ਹਰਜੀਤ ਕੌਰ ਨੂੰ ਗੋਲੀਆਂ ਮਾਰ ਦਿੰਦੇ ਹਨ। ਇਸ ਸਬੰਧੀ ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਰਨਵੀਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਕਾਰ ਵਿੱਚ ਮੌਜੂਦ ਔਰਤ ਹਰਜੀਤ ਕੌਰ ਨੂੰ ਗੰਭੀਰ ਜ਼ਖ਼ਮੀ ਹੋਣ ਕਾਰਨ ਬਟਾਲਾ ਤੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਸੀ, ਜਿੱਥੇ ਉਨ੍ਹਾਂ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਉਥੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਕਰ ਰਹੀ ਹੈ।
ਪੁਲਿਸ ਵੱਲੋਂ ਜਾਂਚ ਕੀਤੀ ਗਈ ਸ਼ੁਰੂ
ਉਧਰ ਬਟਾਲਾ ਦੇ ਡੀਐਸਪੀ ਸਿਟੀ ਪਰਮਵੀਰ ਸਿੰਘ ਨੇ ਕਿਹਾ ਕਿ, ਉਨ੍ਹਾਂ ਨੂੰ ਫਾਇਰਿੰਗ ਹੋਣ ਦੀ ਘਟਨਾ ਦੀ ਜਾਣਕਾਰੀ ਮਿਲੀ ਸੀ ਅਤੇ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ, ਇੱਕ ਹੋਰ ਔਰਤ ਗੰਭੀਰ ਜ਼ਖਮੀ ਸੀ ਜਿਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਸੀ ਪਰ ਉਸ ਦੀ ਵੀ ਉੱਥੇ ਹੀ ਮੌਤ ਹੋ ਗਈ। ਪੁਲਿਸ ਦੇ ਡੀਐਸਪੀ ਨੇ ਪੁਸ਼ਟੀ ਨਹੀਂ ਕੀਤੀ ਕਿ ਮ੍ਰਿਤਕ ਮਹਿਲਾ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਹੈ।
ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨ ‘ਤੇ ਕਾਰਵਾਈ
ਦੂਜੇ ਪਾਸੇ, ਸਰਕਾਰੀ ਹਸਪਤਾਲ ਦੇ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਨੌਜਵਾਨ ਸਿਵਲ ਹਸਪਤਾਲ ਲਿਆਂਦਾ ਗਿਆ ਸੀ, ਜਿਸ ਨੂੰ ਗੋਲੀ ਲੱਗੀ ਸੀ, ਪਰ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਉਸ ਦੇ ਨਾਲ ਇੱਕ ਔਰਤ ਵੀ ਸਰਕਾਰੀ ਹਸਪਤਾਲ ਲਿਆਂਦੀ ਗਈ ਸੀ ਜੋ ਗੰਭੀਰ ਜ਼ਖਮੀ ਸੀ, ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਡੀਐਸਪੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਪਿਤਾ ਪੁਲਿਸ ਵਿੱਚ ਏਐਸਆਈ ਹੈ ਅਤੇ ਮ੍ਰਿਤਕ ਹਰਜੀਤ ਕੌਰ ਉਸਦੀ ਰਿਸ਼ਤੇਦਾਰ ਹੈ ਅਤੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨ ‘ਤੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
Share this content:



Post Comment