ਫਿਰੋਜ਼ਪੁਰ, 2 ਜੁਲਾਈ – ਇੱਕ ਪਾਸੇ ਅਗਾਮੀ ਮਾਨਸੂਨ ਦਾ ਮੌਸਮ ਤਾਂ ਦੂਜੇ ਪਾਸੇ ਆਏ ਦਿਨ ਕਿਤੇ ਨਾ ਕਿਤੇ ਨਹਿਰ ਜਾਂ ਸੂਏ ‘ਚ ਪੈਂਦੇ ਪਾੜ ਕਾਰਨ ਕਿਸਾਨਾਂ ਨੂੰ ਆਫ਼ਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ ਦਿਨਾਂ ‘ਚ ਜਿੱਥੇ ਬਠਿੰਡਾ, ਗੁਰਦਾਸਪੁਰ ਅਤੇ ਮਾਨਸਾ ‘ਚ ਰਜਵਾਹੇ ਅਤੇ ਨਹਿਰ ਟੁੱਟਣ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਉਥੇ ਹੀ ਫਿਰੋਜ਼ਪੁਰ ‘ਚ ਵੀ ਲਛਮਣ ਨਹਿਰ ‘ਚ ਪਏ ਪਾੜ ਕਾਰਨ ਕਿਸਾਨਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਲਛਮਣ ਨਹਿਰ ਵਿੱਚ ਪਾੜ
ਫਿਰੋਜ਼ਪੁਰ ਵਿੱਚੋਂ ਲੰਘਦੀ ਲਛਮਣ ਨਹਿਰ ਵਿੱਚ ਇੱਕ ਵਾਰ ਫਿਰ ਪਾੜ ਪੈਣ ਨਾਲ ਸੈਂਕੜੇ ਏਕੜ ਝੋਨੇ ਦੀ ਫਸਲ ਪਾਣੀ ਦੀ ਮਾਰ ਹੇਠਾਂ ਆਈ ਹੈ ਅਤੇ ਬਰਬਾਦੀ ਦੀ ਕਗਾਰ ‘ਤੇ ਪਹੁੰਚ ਗਈ ਹੈ। ਜਾਣਕਾਰੀ ਮੁਤਾਬਕ ਅੱਜ ਸਵੇਰੇ ਮਮਦੋਟ ਦੇ ਪਿੰਡ ਰਾਊਕੇ ਉਤਾਰ ਕੋਲੋਂ ਲੰਘਦੀ ਲਛਮਣ ਨਹਿਰ ਵਿੱਚ ਅਚਾਨਕ ਪਾੜ ਪੈ ਗਿਆ ਅਤੇ ਪਾਣੀ ਜਿਆਦਾ ਤੇਜ਼ ਹੋਣ ਕਾਰਨ ਕੁਝ ਹੀ ਘੰਟਿਆਂ ਵਿੱਚ ਉਸ ਨੇ ਸੈਂਕੜੇ ਏਕੜ ਝੋਨੇ ਦੀ ਫਸਲ ਨੂੰ ਆਪਣੀ ਲਪੇਟ ‘ਚ ਲੈ ਲਿਆ। ਜਿਸ ਨਾਲ ਝੋਨੇ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ।
ਨਹੀਂ ਪਹੁੰਚਿਆ ਪ੍ਰਸ਼ਾਸਨਿਕ ਅਧਿਕਾਰੀ
ਕਿਸਾਨਾਂ ਦਾ ਕਹਿਣਾ ਹੈ ਕਿ “ਕਈ ਘੰਟੇ ਬੀਤਣ ਦੇ ਬਾਵਜੂਦ ਵੀ ਅਜੇ ਤੱਕ ਕੋਈ ਉੱਚ ਅਧਿਕਾਰੀ ਇਸ ਪਾੜ ਨੂੰ ਬੰਦ ਕਰਨ ਲਈ ਨਹੀਂ ਪਹੁੰਚਿਆ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਇੱਥੇ ਆਇਆ ਹੈ। ਪਹਿਲਾਂ ਵੀ ਇਸ ਨਹਿਰ ਵਿੱਚ ਪਾੜ ਪਿਆ ਸੀ, ਜਿਸ ਨਾਲ ਹਜ਼ਾਰਾਂ ਏਕੜ ਫਸਲ ਖਰਾਬ ਹੋਈ ਸੀ ਪਰ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਲਗਾਤਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਹਨ। ਇਸ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ।
500 ਏਕੜ ਦੇ ਕਰੀਬ ਨੁਕਸਾਨ
ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ “ਜਲਦ ਤੋਂ ਜਲਦ ਨਹਿਰ ‘ਚ ਪਏ ਪਾੜ ਨੂੰ ਪੂਰਿਆ ਜਾਵੇ ਤਾਂ ਕਿ ਕਿਸਾਨਾਂ ਦੀ ਫਸਲ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਪਾੜ ਕਾਰਨ 500 ਏਕੜ ਦੇ ਕਰੀਬ ਖੇਤਾਂ ‘ਚ ਪਾਣੀ ਵੜ ਗਿਆ ਹੈ, ਜਿਸ ਕਾਰਨ ਝੋਨੇ ਦੀ ਫਸਲ ਡੁੱਬ ਗਈ ਹੈ ਤੇ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Post Comment