ਫਾਜ਼ਿਲਕਾ ਵਿਚ 10 ਰੁਪਏ ਪਿੱਛੇ ਮੋਮੋਜ਼ ਖਾਣ ਆਏ ਨੌਜਵਾਨ ਦਾ ਕਤਲ
ਫਾਜ਼ਿਲਕਾ, 14 ਅਕਤੂਬਰ – ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਚੱਕ ਪੱਖੀ ਵਿਚ ਸਿਰਫ਼ 10 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ਕਾਰਨ 26 ਸਾਲਾ ਨੌਜਵਾਨ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਆਪਣੇ ਦੋਸਤ ਨਾਲ ਪਿੰਡ ਦੇ ਇੱਕ ਮੋਮੋਜ਼ ਸਟਾਲ ‘ਤੇ ਮੋਮੋਜ਼ ਖਾਣ ਗਿਆ ਸੀ। ਇਸ ਦੌਰਾਨ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਹੋ ਗਿਆ, ਜੋ ਜਲਦੀ ਹੀ ਖੂਨੀ ਝੜਪ ਵਿੱਚ ਬਦਲ ਗਿਆ। ਆਰੋਪ ਹੈ ਕਿ ਰੇਹੜੀ ਲਗਾਉਣ ਵਾਲੇ ਨੌਜਵਾਨਾਂ ਨੇ ਉਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਦੋਂ ਪਿਤਾ ਆਪਣੇ ਪੁੱਤ ਨੂੰ ਬਚਾਉਣ ਲਈ ਮੌਕੇ ‘ਤੇ ਪਹੁੰਚਿਆ ਤਾਂ ਮੁਲਜ਼ਮਾਂ ਨੇ ਉਸ ਦੇ ਸਾਹਮਣੇ ਹੀ ਪੁੱਤ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਹ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ 26 ਸਾਲਾ ਜਗਮੀਤ ਸਿੰਘ ਵਾਸੀ ਪਿੰਡ ਚੱਕ ਪੱਖੀ ਵਜੋਂ ਹੋਈ ਹੈ। ਜਗਮੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਉਹ ਪੁਰਾਣੇ ਮੋਟਰਸਾਈਕਲ ਖਰੀਦਣ ਅਤੇ ਵੇਚਣ ਦਾ ਕਾਰੋਬਾਰ ਕਰਦਾ ਸੀ। ਉਹ ਵਿਆਹਿਆ ਹੋਇਆ ਸੀ ਅਤੇ ਆਪਣੇ ਪਿੱਛੇ ਪਤਨੀ ਤੇ ਦੋ ਛੋਟੀਆਂ ਧੀਆਂ ਛੱਡ ਗਿਆ ਹੈ। ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਘਟਨਾ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਰੋਸ ਹੈ। ਪਰਿਵਾਰ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਜਗਮੀਤ ਦਾ ਅੰਤਿਮ ਸਸਕਾਰ ਨਹੀਂ ਕਰਨਗੇ। ਪਰਿਵਾਰ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੇ ਸਬੰਧ ਥਾਣਾ ਅਰਨੀਵਾਲਾ ਦੇ ਐਸ.ਐਚ.ਓ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦੋ ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
Share this content:


Post Comment