ਚੰਡੀਗੜ੍ਹ, 30 ਸਤੰਬਰ – ਫਰਜ਼ੀ ਈ-ਵੀਜ਼ਾ ਤੇ ਰੁਜ਼ਗਾਰ ਨਾਲ ਸਬੰਧਤ ਦਸਤਾਵੇਜ਼ਾਂ ਦੇ ਸਹਾਰੇ ਬ੍ਰਿਟੇਨ ਪਹੁੰਚੇ ਪੰਜਾਬ ਦੇ 14 ਲੋਕਾਂ ਨੂੰ ਵਾਪਸ ਲਿਆਉਣ ਲਈ ਪੰਜਾਬ ਪੁਲਿਸ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਬਿਊਰੋ ਆਫ ਇਨਵੈਸਟੀਗੇਸ਼ਨ (BOI) ਨੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਦੀ ਰਿਪੋਰਟ ਦੇ ਆਧਾਰ ’ਤੇ ਸਾਰੇ 14 ਵਿਅਕਤੀਆਂ ਖ਼ਿਲਾਫ਼ ਵਾਰੰਟ ਜਾਰੀ ਕੀਤੇ ਹਨ। ਹੁਣ ਗ੍ਰਹਿ ਮੰਤਰਾਲੇ (MHA) ਨੂੰ ਪੱਤਰ ਭੇਜ ਕੇ ਬ੍ਰਿਟੇਨ ਤੋਂ ਉਨ੍ਹਾਂ ਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਤਿਆਰੀ ਹੈ। ਪੁਲਿਸ ਬ੍ਰਿਟੇਨ ਤੋਂ ਜਾਂਚ ਲਈ ਲੋੜੀਂਦੇ ਦਸਤਾਵੇਜ਼ ਤੇ ਸਬੂਤ ਹਾਸਲ ਕਰਨ ਵਾਸਤੇ ਮਿਊਚੁਅਲ ਲੀਗਲ ਅਸਿਸਟੈਂਸ ਰਿਕਵੈਸਟ ਵੀ ਭੇਜੇਗੀ। ਇਹ ਮਾਮਲਾ ਇਸ ਸਾਲ ਜਨਵਰੀ ’ਚ ਸਾਹਮਣੇ ਆਇਆ ਸੀ। SIT ਦੀ ਜਾਂਚ ਮੁਤਾਬਕ ਪੰਜਾਬ ਦੇ ਰਹਿਣ ਵਾਲੇ 14 ਲੋਕ 11 ਤੋਂ 16 ਜਨਵਰੀ ਦਰਮਿਆਨ ਅੰਮ੍ਰਿਤਸਰ ਤੋਂ ਏਅਰ ਇੰਡੀਆ ਦੀਆਂ ਉਡਾਣਾਂ AI-169 ਤੇ AI-117 ਰਾਹੀਂ ਲੰਡਨ ਪਹੁੰਚੇ ਸਨ। ਦੋਸ਼ ਹੈ ਕਿ ਇਨ੍ਹਾਂ ਯਾਤਰੀਆਂ ਨੇ ਸਫ਼ਰ ਦੌਰਾਨ ਮੋਬਾਈਲ ਫੋਨ ’ਚ ਫਰਜ਼ੀ ਈ-ਵੀਜ਼ਾ ਤੇ ਰੁਜ਼ਗਾਰ ਨਾਲ ਸਬੰਧਤ ਦਸਤਾਵੇਜ਼ਾਂ ਦੇ ਸਕ੍ਰੀਨਸ਼ਾਟ ਦਿਖਾਏ ਸਨ। ਬ੍ਰਿਟੇਨ ਪਹੁੰਚਣ ਤੋਂ ਬਾਅਦ ਸਾਰਿਆਂ ਨੇ ਉੱਥੇ ਸ਼ਰਨ ਮੰਗੀ।
ਪਹਿਲਾਂ ਪੰਜ ਫੜੇ ਗਏ, ਫਿਰ ਨੌਂ ਹੋਰ ਬ੍ਰਿਟੇਨ ਰਵਾਨਾ
ਜਾਂਚ ਮੁਤਾਬਕ ਪੰਜ ਯਾਤਰੀ 11 ਜਨਵਰੀ ਨੂੰ ਅੰਮ੍ਰਿਤਸਰ ਤੋਂ ਲੰਡਨ ਪਹੁੰਚੇ ਸਨ। ਬ੍ਰਿਟੇਨ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਸ਼ਰਨ ਮੰਗੀ ਤੇ ਬ੍ਰਿਟਿਸ਼ ਅਧਿਕਾਰੀਆਂ ਨੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ। ਉਨ੍ਹਾਂ ਦੇ ਯਾਤਰਾ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਕਥਿਤ ਤੌਰ ’ਤੇ ਫਰਜ਼ੀਵਾੜਾ ਸਾਹਮਣੇ ਆਇਆ। ਇਸ ਤੋਂ ਬਾਅਦ ਬ੍ਰਿਟੇਨ ਵੱਲੋਂ ਏਅਰ ਇੰਡੀਆ ਤੇ ਭਾਰਤੀ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਇਸ ਦੇ ਬਾਵਜੂਦ 16 ਜਨਵਰੀ ਨੂੰ ਨੌਂ ਹੋਰ ਯਾਤਰੀ ਕਥਿਤ ਤੌਰ ’ਤੇ ਇਸੇ ਤਰ੍ਹਾਂ ਦੇ ਦਸਤਾਵੇਜ਼ਾਂ ਨਾਲ ਅੰਮ੍ਰਿਤਸਰ ਹਵਾਈ ਅੱਡੇ ਤੋਂ ਲੰਡਨ ਰਵਾਨਾ ਹੋ ਗਏ। ਇਸ ਤੋਂ ਬਾਅਦ ਏਅਰ ਇੰਡੀਆ ਤੇ ਹਵਾਈ ਅੱਡੇ ਦੀ ਗਰਾਊਂਡ ਹੈਂਡਲਿੰਗ ਵਿਵਸਥਾ ਨਾਲ ਜੁੜੇ ਕਰਮਚਾਰੀਆਂ ਦੀ ਭੂਮਿਕਾ ਵੀ ਜਾਂਚ ਦੇ ਘੇਰੇ ’ਚ ਆ ਗਈ।
30 ਲੋਕ ਜਾਂਚ ਦੇ ਘੇਰੇ ’ਚ
SIT ਦੀ ਜਾਂਚ ’ਚ ਹੁਣ ਤੱਕ 30 ਲੋਕਾਂ ਦੀ ਭੂਮਿਕਾ ਦੀ ਪੜਤਾਲ ਕੀਤੀ ਜਾ ਰਹੀ ਹੈ। ਇਨ੍ਹਾਂ ’ਚ 14 ਯਾਤਰੀ, ਏਅਰ ਇੰਡੀਆ ਦੇ ਤਿੰਨ ਕਰਮਚਾਰੀ, ਏਅਰ ਇੰਡੀਆ ਏਅਰਪੋਰਟ ਸਰਵਿਸਿਜ਼ ਦੇ ਚਾਰ ਕਰਮਚਾਰੀ, ਕਈ ਟਰੈਵਲ ਏਜੰਟ ਤੇ ਹੋਰ ਸ਼ੱਕੀ ਵਿਅਕਤੀ ਸ਼ਾਮਲ ਹਨ। ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ 14 ’ਚੋਂ 10 ਯਾਤਰੀਆਂ ਦੀ ਟਿਕਟ ਬੁਕਿੰਗ ’ਚ ਕਥਿਤ ਤੌਰ ’ਤੇ ਇੱਕੋ ਮੋਬਾਈਲ ਨੰਬਰ ਦੀ ਵਰਤੋਂ ਹੋਈ ਸੀ। ਪੁਲਿਸ ਇਸ ਨੂੰ ਯਾਤਰੀਆਂ ਦੀ ਯਾਤਰਾ ਵਿਵਸਥਾ ਕਿਸੇ ਇੱਕ ਵਿਅਕਤੀ ਜਾਂ ਸੰਗਠਿਤ ਨੈੱਟਵਰਕ ਵੱਲੋਂ ਕਰਵਾਏ ਜਾਣ ਦੇ ਸੰਕੇਤ ਵਜੋਂ ਜਾਂਚ ਰਹੀ ਹੈ।ਏਅਰਲਾਈਨ ਤੇ ਗਰਾਊਂਡ ਹੈਂਡਲਿੰਗ ਕਰਮਚਾਰੀਆਂ ਨਾਲ ਸਬੰਧਤ ਲੈਪਟਾਪ, ਮੋਬਾਈਲ ਫੋਨ ਤੇ ਹਾਰਡ ਡਿਸਕ ਕੇਂਦਰੀ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ (CFSL) ਭੇਜੇ ਗਏ ਹਨ। ਪੁਲਿਸ ਨੂੰ ਫੋਰੈਂਸਿਕ ਰਿਪੋਰਟ ਦੀ ਉਡੀਕ ਹੈ। ਰਿਪੋਰਟ ਤੋਂ ਇਹ ਪਤਾ ਲਗਾਉਣ ’ਚ ਮਦਦ ਮਿਲੇਗੀ ਕਿ ਕਥਿਤ ਨੈੱਟਵਰਕ ’ਚ ਕਰਮਚਾਰੀਆਂ ਦੀ ਕੀ ਭੂਮਿਕਾ ਸੀ। ਉਨ੍ਹਾਂ ਖ਼ਿਲਾਫ਼ ਅੱਗੇ ਵਾਰੰਟ ਜਾਰੀ ਕਰਨ ਜਾਂ ਹੋਰ ਕਾਰਵਾਈ ਦਾ ਫ਼ੈਸਲਾ ਵੀ ਰਿਪੋਰਟ ਦੇ ਆਧਾਰ ’ਤੇ ਕੀਤਾ ਜਾਵੇਗਾ।
ਮੋਹਾਲੀ ’ਚ ਦਰਜ ਹੋਇਆ ਸੀ ਕੇਸ
ਇਹ ਮਾਮਲਾ ਅਪ੍ਰੈਲ ’ਚ ਮੋਹਾਲੀ ’ਚ ਦਰਜ ਕੀਤਾ ਗਿਆ ਸੀ। ਕੇਸ ਗ੍ਰਹਿ ਮੰਤਰਾਲੇ ਤੇ ਬ੍ਰਿਟਿਸ਼ ਅਧਿਕਾਰੀਆਂ ਤੋਂ ਮਿਲੇ ਇਨਪੁਟ ਦੇ ਆਧਾਰ ’ਤੇ ਦਰਜ ਕੀਤਾ ਗਿਆ। ਇਸ ’ਚ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 143(3), ਜੋ ਮਨੁੱਖੀ ਤਸਕਰੀ ਨਾਲ ਸਬੰਧਤ ਹੈ, ਤੇ ਪੰਜਾਬ ਪ੍ਰਿਵੈਂਸ਼ਨ ਆਫ ਹਿਊਮਨ ਸਮੱਗਲਿੰਗ ਐਕਟ, 2012 ਦੀ ਧਾਰਾ 13(1) ਤਹਿਤ ਕਾਰਵਾਈ ਕੀਤੀ ਗਈ ਹੈ। ਐੱਸਪੀ ਰਿਚਾ ਅਗਨੀਹੋਤਰੀ ਦੀ ਅਗਵਾਈ ’ਚ SIT ਦਾ ਗਠਨ ਕਰਕੇ ਜਾਂਚ ਕੀਤੀ ਗਈ ਸੀ। ਪੁਲਿਸ ਹੁਣ ਬ੍ਰਿਟੇਨ ਤੋਂ ਕਾਨੂੰਨੀ ਸਹਿਯੋਗ ਤੇ ਸਬੂਤ ਹਾਸਲ ਕਰਨ ਦੇ ਨਾਲ ਮੁਲਜ਼ਮਾਂ ਖ਼ਿਲਾਫ਼ ਚਲਾਨ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ।
Post Comment