ਪੱਤਰਕਾਰਾਂ ਦਾ ਹਾਲ
3 ਮਈ ਨੂੰ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ ਸਾਨੂੰ ਇਹ ਯਾਦ ਦਿਵਾਉਣ ਲਈ ਮਨਾਇਆ ਜਾਂਦਾ ਹੈ ਕਿ ਮੀਡੀਆ ਦੀ ਆਜ਼ਾਦੀ ਕਿਸੇ ਵੀ ਦੇਸ਼ ਅਤੇ ਸਮਾਜ ਲਈ ਕਿੰਨੀ ਮਹੱਤਵਪੂਰਨ ਹੈ। ਮੀਡੀਆ ਸਿਰਫ ਤਾਂ ਹੀ ਸੱਚੀਆਂ ਅਤੇ ਸਹੀ ਖਬਰਾਂ ਅਤੇ ਮੁੱਦੇ ਦੁਨੀਆ ਸਾਹਮਣੇ ਲਿਆ ਸਕਦਾ ਹੈ, ਜੇ ਇਸ ਨੂੰ ਸੈਂਸਰ ਨਾ ਕੀਤਾ ਜਾਵੇ ਅਤੇ ਜੇ ਇਸ ਨੂੰ ਸੱਚ ਲਈ ਖੜ੍ਹੇ ਹੋਣ ਲਈ ਨਿਸ਼ਾਨਾ ਨਾ ਬਣਾਇਆ ਜਾਵੇ। ਸਾਡੇ ਦੇਸ਼ ਦੇ ਬਹੁਤ ਸਾਰੇ ਪੱਤਰਕਾਰਾਂ ਨੂੰ ਆਪਣੇ ਪੇਸ਼ੇ ਨਾਲ ਇਨਸਾਫ ਕਰਨ ਲਈ ਆਪਣੀਆਂ ਜਾਨਾਂ ਕੁਰਬਾਨ ਕਰਨੀਆਂ ਪਈਆਂ ਹਨ। ਇਸ ਸੰਦਰਭ ਵਿੱਚ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼, ਜੋ ਸੱਜੇ-ਪੱਖੀ ਵਿਚਾਰਧਾਰਾ ਦੀ ਆਲੋਚਕ ਸੀ, ਦੀ ਸ਼ਹਾਦਤ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਜੇ ਅਸੀਂ ਵਿਸ਼ਵ ਪੱਧਰ ‘ਤੇ ਪੱਤਰਕਾਰਾਂ ‘ਤੇ ਹਮਲਿਆਂ ‘ਤੇ ਨਜ਼ਰ ਮਾਰੀਏ ਤਾਂ ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ ਮੁਤਾਬਕ 2025 ਵਿੱਚ ਦੁਨੀਆ ਭਰ ਵਿੱਚ ਕੁੱਲ 129 ਮੀਡੀਆ ਕਰਮੀ ਮਾਰੇ ਗਏ। ਇਜ਼ਰਾਈਲ ਇਨ੍ਹਾਂ ਮੌਤਾਂ ਵਿੱਚੋਂ ਦੋ-ਤਿਹਾਈ ਲਈ ਜ਼ਿੰਮੇਵਾਰ ਸੀ।
ਪਿਛਲੇ ਸਾਲ ਦੀ ਇੱਕ ਘਟਨਾ ਦੀ ਪ੍ਰੇਸ਼ਾਨ ਕਰਨ ਵਾਲੀ ਵੀਡੀਓ ਫੁਟੇਜ ਸਾਡੇ ਦਿਮਾਗ ਵਿੱਚ ਅਜੇ ਵੀ ਘੁੰਮਦੀ ਹੈ, ਜਦੋਂ ਗਾਜ਼ਾ ਵਿੱਚ ਇੱਕ ਹਸਪਤਾਲ ਦੇ ਬਾਹਰ ਇੱਕ ਮੀਡੀਆ ਟੈਂਟ ਨੂੰ ਇੱਕ ਹਮਲੇ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਵਿੱਚ ਪੱਤਰਕਾਰ ਹਿਲਮੀ ਅਲ-ਫਕਾਵੀ ਜ਼ਿੰਦਾ ਸੜ ਗਿਆ ਸੀ ਅਤੇ ਕਈ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। ਜੇ ਅਸੀਂ ਆਪਣੇ ਦੇਸ਼ ਦੀ ਗੱਲ ਕਰੀਏ ਤਾਂ ਰਿਪੋਰਟਰਜ਼ ਵਿਦਾਊਟ ਬਾਰਡਰਜ਼ ਮੁਤਾਬਕ 2026 ਦੇ ਵਿਸ਼ਵ ਪ੍ਰੈੱਸ ਸੂਚਕ ਅੰਕ ਵਿੱਚ ਭਾਰਤ ਦਾ ਦਰਜਾ 180 ਵਿੱਚੋਂ 157ਵਾਂ ਹੈ, ਜੋ ਕਿ 2025 ਵਿੱਚ 180 ਵਿੱਚੋਂ 151ਵੇਂ ਸਥਾਨ ਤੋਂ ਘੱਟ ਹੈ। ਸਪੱਸ਼ਟ ਤੌਰ ‘ਤੇ, ਭਾਰਤ ਵਿੱਚ ਪ੍ਰੈੱਸ ਦੀ ਆਜ਼ਾਦੀ ਹੋਰ ਵੀ ਚੁਣੌਤੀਪੂਰਨ ਹੁੰਦੀ ਜਾ ਰਹੀ ਹੈ। ਭਾਰਤ, ਜਿਸ ਨੂੰ ਕਦੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਮੰਨਿਆ ਜਾਂਦਾ ਸੀ, ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਉਣ ਵਿੱਚ ਮੋਹਰੀ ਬਣਦਾ ਜਾ ਰਿਹਾ ਹੈ। ਪੱਤਰਕਾਰਾਂ ਨੂੰ ਕਤਲ, ਮਨਘੜਤ ਦੋਸ਼ਾਂ ਵਿੱਚ ਕੈਦ ਅਤੇ ਬਰਖਾਸਤਗੀ ਵਰਗੇ ਹਥਿਆਰਾਂ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੱਤਰਕਾਰ, ਭਾਵੇਂ ਉਹ ਸੁਤੰਤਰ ਪੱਤਰਕਾਰ ਹੋਣ, ਕੋਈ ਵੀ ਮੀਡੀਆ ਹਾਊਸ ਹੋਵੇ ਜਾਂ ਯੂਟਿਊਬਰ, ਸਚਾਈ ਲਈ ਖੜ੍ਹਾ ਹੋਣ ਵਾਲਾ ਕੋਈ ਵੀ ਵਿਅਕਤੀ ਨਿਸ਼ਾਨਾ ਬਣਾਇਆ ਜਾ ਰਿਹਾ।
ਇਸ ਵੇਲੇ ਝਾਰਖੰਡ ਦੇ ਸੁਤੰਤਰ ਪੱਤਰਕਾਰ ਰੂਪੇਸ਼ ਕੁਮਾਰ ਸਿੰਘ ਅਤੇ ਕਸ਼ਮੀਰ ਦੇ ਇਰਫਾਨ ਮੇਰਾਜ ਦੋਵੇਂ ਹੀ ਗੈਰਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ (ਯੂ ਏ ਪੀ ਏ) ਦੇ ਤਹਿਤ ਜੇਲ੍ਹਬੰਦ ਹਨ, ਜੋ ਕਿ ਇੱਕ ਲੋਕਤੰਤਰੀ ਰਾਸ਼ਟਰ ਲਈ ਇੱਕ ਮਹੱਤਵਪੂਰਨ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ। ਇਰਫਾਨ ਮੇਰਾਜ 20 ਮਾਰਚ, 2023 ਤੋਂ ਜੇਲ੍ਹ ਵਿੱਚ ਹੈ, ਜਦੋਂ ਕਿ ਰੂਪੇਸ਼ ਕੁਮਾਰ ਸਿੰਘ ਨੂੰ 17 ਜੁਲਾਈ, 2022 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੀ ਗ੍ਰਿਫਤਾਰੀ ਤੋਂ ਬਾਅਦ, ਉਸ ਵਿਰੁੱਧ ਤਿੰਨ ਹੋਰ ਮਾਮਲੇ ਦਰਜ ਕੀਤੇ ਗਏ। ਰੂਪੇਸ਼ ਕੁਮਾਰ ਸਿੰਘ ਆਪਣੀ ਬੇਮਿਸਾਲ ਅਤੇ ਦਲੇਰ ਪੱਤਰਕਾਰੀ ਲਈ ਜਾਣਿਆ ਜਾਂਦਾ ਹੈ। ਉਸ ਨੇ ਨਕਸਲਵਾਦੀਆਂ ਦੇ ਖਾਤਮੇ ਦੇ ਨਾਂਅ ‘ਤੇ ਆਦਿਵਾਸੀ ਲੋਕਾਂ ਨਾਲ ਹੋ ਰਹੇ ਅਨਿਆਂ ਨੂੰ ਬੇਝਿਜਕ ਉਜਾਗਰ ਕੀਤਾ, ਆਪਣੀਆਂ ਲਿਖਤਾਂ ਰਾਹੀਂ ਸਟੇਟ ਵੱਲੋਂ ਕੀਤੇ ਜਾ ਰਹੇ ਅਣਮਨੁੱਖੀ ਸਲੂਕ ਦਾ ਪਰਦਾਫਾਸ਼ ਕੀਤਾ, ਜਿਸ ਕਾਰਨ ਉਸ ਵਿਰੁੱਧ ਇੱਕ ਨਹੀਂ, ਸਗੋਂ ਕਈ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਨਾਲ ਉਸ ਨੂੰ ਅਤੇ ਉਸ ਦੀ ਆਵਾਜ਼ ਨੂੰ ਲੰਬੇ ਸਮੇਂ ਤੋਂ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਰੂਪੇਸ਼ ਦੀ ਦੂਜੀ ਜੇਲ੍ਹ ਦੀ ਸਜ਼ਾ, ਜੋ ਕਿ 17 ਜੁਲਾਈ, 2022 ਨੂੰ ਸ਼ੁਰੂ ਹੋਈ ਸੀ, 3 ਸਾਲ, 9 ਮਹੀਨੇ ਅਤੇ 17 ਦਿਨ ਰਹੀ ਹੈ। ਇਸ ਸਮੇਂ ਦੌਰਾਨ ਉਸ ਨੂੰ ਪੰਜ ਵਾਰ ਝਾਰਖੰਡ ਅਤੇ ਬਿਹਾਰ ਦੀਆਂ ਚਾਰ ਜੇਲ੍ਹਾਂ ਵਿੱਚ ਤਬਦੀਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਝਾਰਖੰਡ ਦੀਆਂ ਦੋ ਅਤੇ ਬਿਹਾਰ ਦੀਆਂ ਦੋ ਜੇਲ੍ਹਾਂ ਸ਼ਾਮਲ ਹਨ।
ਇੱਕ ਕਤਲ ਦੇ ਦੋਸ਼ੀ ਨੂੰ ਜਨਰਲ ਵਾਰਡ ਵਿੱਚ ਰੱਖਿਆ ਜਾ ਸਕਦਾ ਹੈ, ਪਰ ਰੂਪੇਸ਼ ਵਰਗੇ ਬੁੱਧੀਜੀਵੀ ਨੂੰ ਵਧੇਰੇ ਸੰਵੇਦਨਸ਼ੀਲ ਮੰਨਦੇ ਹੋਏ ਉੱਚ-ਸੁਰੱਖਿਆ ਸੈੱਲ ਵਿੱਚ ਰੱਖਿਆ ਜਾ ਰਿਹਾ ਹੈ। ਰੂਪੇਸ਼ ਇਸ ਸਮੇਂ ਭਾਗਲਪੁਰ ਦੀ ਸ਼ਹੀਦ ਜੁੱਬਾ ਸਾਹਨੀ ਕੇਂਦਰੀ ਜੇਲ੍ਹ ਵਿੱਚ ਹੈ, ਜਿਸ ਨੂੰ 9 ਅਪ੍ਰੈਲ, 2026 ਨੂੰ ਪਟਨਾ ਦੀ ਆਦਰਸ਼ ਕੇਂਦਰੀ ਜੇਲ੍ਹ, ਬੇਉੜ ਤੋਂ ਪ੍ਰਸ਼ਾਸਕੀ ਤਬਾਦਲੇ ‘ਤੇ ਤਬਦੀਲ ਕੀਤਾ ਗਿਆ ਸੀ। ਉਸ ਨੂੰ ਪਟਨਾ ਅਤੇ ਇੱਥੇ ਦੋਵਾਂ ਥਾਵਾਂ ‘ਤੇ ਇੱਕ ਸੈੱਲ ਵਿੱਚ ਬੰਦ ਰੱਖਿਆ ਗਿਆ ਹੈ, ਜਿੱਥੇ ਉਸ ਨੂੰ ਜੇਲ੍ਹ ਮੈਨੂਅਲ ਦੇ ਅਨੁਸਾਰ ਨਾ ਤਾਂ ਯੋਗ ਖਾਣਾ-ਪੀਣਾ ਦਿੱਤਾ ਜਾਂਦਾ ਹੈ ਅਤੇ ਨਾ ਹੀ ਉਸ ਨੂੰ ਸਿਹਤ ਸੰਭਾਲ ਜਾਂ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ। ਉਸ ਦੀ ਜੇਲ੍ਹ ਦੀ ਸਥਿਤੀ ਨੂੰ ਇੱਕ ਸਧਾਰਨ ਉਦਾਹਰਣ ਨਾਲ ਸਮਝ ਸਕਦੇ ਹੋ : ਗਰਮੀਆਂ ਸ਼ੁਰੂ ਹੋ ਗਈਆਂ ਹਨ ਅਤੇ ਹੁਣ ਇੱਥੇ ਇੱਕੋ-ਇੱਕ ਸਬਜ਼ੀ ਉਪਲੱਬਧ ਹੈ ਕਟਹਲ। ਇਹ ਉਸ ਨੂੰ ਹਫਤੇ ਵਿੱਚ ਚਾਰ ਤੋਂ ਪੰਜ ਦਿਨ ਦਿੱਤੀ ਜਾਂਦੀ ਹੈ ਅਤੇ ਇਹ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਜੇਲ੍ਹ ਦੇ ਕਟਹਲ ਦੇ ਦਰੱਖਤਾਂ ਵਿੱਚੋਂ ਕਟਹਲ ਖਤਮ ਨਹੀਂ ਹੋ ਜਾਂਦਾ। ਉਸ ਤੋਂ ਬਾਅਦ, ਰੋਜ਼ਾਨਾ ਸਬਜ਼ੀਆਂ ਦੇ ਮੀਨੂ ਲਈ ਮੂਲੀ ਅਗਲੀ ਕਤਾਰ ਵਿੱਚ ਹੋਵੇਗੀ, ਕਿਉਂਕਿ ਉਦੋਂ ਤੱਕ, ਮੂਲੀ ਦਾ ਮੌਸਮ ਆ ਚੁੱਕਾ ਹੋਵੇਗਾ ਅਤੇ ਜੇਲ੍ਹ ਦੇ ਖੇਤ ਭਰਪੂਰ ਹੋਣਗੇ। ਇਸ ਦਾ ਮਤਲਬ ਹੈ ਜੇਲ੍ਹ ਦੇ ਅੰਦਰ ਵੀ ਕਈ ਤਰ੍ਹਾਂ ਦੇ ਤਸ਼ੱਦਦ। ਜਦੋਂ ਰੂਪੇਸ਼ ਨੂੰ ਪਹਿਲੀ ਵਾਰ 2024 ਵਿੱਚ ਇਸੇ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਸੀ, ਤਾਂ ਹਾਲਾਤ ਹੋਰ ਵੀ ਬਦਤਰ ਸਨ। ਰੂਪੇਸ਼ ਅਤੇ ਉਸ ਵਰਗੇ ਹੋਰ ਕੈਦੀਆਂ ਦੇ ਸੰਘਰਸ਼ਾਂ ਨੇ ਕੁਝ ਸੁਧਾਰ ਲਿਆਂਦਾ ਸੀ।
Share this content:


Post Comment