Loading Now

ਪੱਛਮੀ ਬੰਗਾਲ ‘ਚ ਅੱਜ ਸ਼ੁਰੂ ਹੋਵੇਗੀ ਵੋਟਿੰਗ

ਪੱਛਮੀ ਬੰਗਾਲ ‘ਚ ਅੱਜ ਸ਼ੁਰੂ ਹੋਵੇਗੀ ਵੋਟਿੰਗ

ਕੋਲਕਾਤਾ, 23 ਅਪ੍ਰੈਲ – ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ 16 ਜ਼ਿਲ੍ਹਿਆਂ ਵਿੱਚ 152 ਸੀਟਾਂ ਅਤੇ ਤਾਮਿਲ ਨਾਡੂ ਦੀਆਂ ਸਾਰੀਆਂ 234 ਸੀਟਾਂ ਲਈ 23 ਅਪਰੈਲ ਨੂੰ ਵੋਟਾਂ ਪੈਣਗੀਆਂ। ਬੰਗਾਲ ਦੀਆਂ 294 ਅਸੈਂਬਲੀ ਸੀਟਾਂ ’ਤੇ 2,920 ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ। ਚੋਣ ਪ੍ਰਚਾਰ ਮੰਗਲਵਾਰ ਨੂੰ ਖ਼ਤਮ ਹੋ ਗਿਆ ਸੀ। ਪੱਛਮੀ ਬੰਗਾਲ ਵਿੱਚ ਸੋਧੀ ਵੋਟਰ ਸੂਚੀ ਤੋਂ ਲੈ ਕੇ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ, ਸਰਹੱਦ ਪਾਰ ਘੁਸਪੈਠ ਤੇ ਇਕਸਾਰ ਸਿਵਲ ਕੋਡ ਵਰਗੇ ਮੁੱਦੇ ਦੋ ਪ੍ਰਮੁੱਖ ਵਿਰੋਧੀ ਧਿਰਾਂ (ਭਾਜਪਾ ਤੇ ਤ੍ਰਿਣਮੂਲ ਕਾਂਗਰਸ) ਦਰਮਿਆਨ ਦੂਸ਼ਣਬਾਜ਼ੀ ਦਾ ਕੇਂਦਰ ਰਹੇ।

ਦੂਜੇ ਗੇੜ ’ਚ ਪੱਛਮੀ ਬੰਗਾਲ 142 ਸੀਟਾਂ ’ਤੇ 29 ਅਪਰੈਲ ਨੂੰ ਵੋਟਾਂ ਪੈਣਗੀਆਂ ਅਤੇ ਨਤੀਜੇ 4 ਮਈ ਨੂੰ ਆਉਣਗੇ। ਪੱਛਮੀ ਬੰਗਾਲ ’ਚ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਲਗਾਤਾਰ ਚੌਥੀ ਵਾਰ ਅਤੇ ਤਾਮਿਲ ਨਾਡੂ ਵਿੱਚ ਡੀ ਐੱਮ ਕੇ ਮੁਖੀ ਐੱਮ ਕੇ ਸਟਾਲਿਨ ਲਗਾਤਾਰ ਦੂਜੀ ਵਾਰ ਸੱਤਾ ’ਚ ਆਉਣ ਲਈ ਜ਼ੋਰ ਲਾ ਰਹੇ ਹਨ। ਚੋਣ ਕਮਿਸ਼ਨ ਅਨੁਸਾਰ ਪੱਛਮੀ ਬੰਗਾਲ ’ਚ ਪਹਿਲੇ ਗੇੜ ਵਿੱਚ 3.60 ਕਰੋੜ ਤੋਂ ਵੱਧ ਵੋਟਰ ਵੋਟਾਂ ਪਾ ਸਕਣਗੇ, ਜਿਨ੍ਹਾਂ ਵਿੱਚ ਲਗਪਗ 1.84 ਕਰੋੜ ਪੁਰਸ਼ ਤੇ 1.75 ਕਰੋੜ ਮਹਿਲਾ ਵੋਟਰ ਹਨ। ਚੋਣ ਕਮਿਸ਼ਨ ਨੇ ਚੋਣਾਂ ਲਈ ਕੇਂਦਰੀ ਨੀਮ ਫ਼ੌਜੀ ਬਲਾਂ ਦੀਆਂ ਰਿਕਾਰਡ 2,450 ਕੰਪਨੀਆਂ ਤਾਇਨਾਤ ਕੀਤੀਆਂ ਹਨ। ਪਹਿਲੇ ਗੇੜ ਲਈ 8,000 ਤੋਂ ਵੱਧ ਮਤਦਾਨ ਕੇਂਦਰ ‘ਬੇਹੱਦ ਨਾਜ਼ੁਕ’ ਐਲਾਨੇ ਗਏ ਹਨ। ਇਸ ਗੇੜ ਦੇ ਮੁੱਖ ਉਮੀਦਵਾਰਾਂ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼ੁਵੇਂਦੂ ਅਧਿਕਾਰੀ, ਰਾਜ ਦੇ ਮੰਤਰੀ ਉਦਯਾਨ ਗੁਹਾ ਤੇ ਕਾਂਗਰਸ ਦੇ ਅਧੀਰ ਰੰਜਨ ਚੌਧਰੀ ਸ਼ਾਮਲ ਹਨ।

ਉੱਧਰ, ਤਾਮਿਲ ਨਾਡੂ ਵਿਧਾਨ ਸਭਾ ਚੋਣਾਂ ਵਿੱਚ ਕੁੱਲ 5,73,43,291 ਵੋਟਰ ਕੁੱਲ 4,023 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਸੂੁਬੇ ਵਿੱਚ 75,064 ਬੂਥਾਂ ’ਤੇ ਮਤਦਾਨ ਹੋਵੇਗਾ। ਅਸੈਂਬਲੀ ਚੋਣਾਂ ਲਈ ਡੀ ਐੱਮ ਕੇ 164 ਅਤੇ ਉਸ ਦੇ ਸਹਿਯੋਗੀ 70 ਸੀਟਾਂ ’ਤੇ ਜਦਕਿ ਅੰਨਾ ਡੀ ਐੱਮ ਕੇ 169 ਤੇ ਉਸ ਦੇ ਸਹਿਯੋਗੀ 64 ਸੀਟਾਂ ’ਤੇ ਮੈਦਾਨ ਵਿੱਚ ਹਨ। ਸੂਬੇ ਵਿੱਚ ਕੁੱਲ 5.73 ਕਰੋੜ ਵੋਟਰਾਂ ਵਿਚੋਂ 2.93 ਕਰੋੜ ਮਹਿਲਾ ਅਤੇ 2.83 ਕਰੋੜ ਪੁਰਸ਼ ਵੋਟਰ ਜਦਕਿ 7,728 ਕਿੰਨਰ ਵੋਟਰ ਹਨ। ਤਾਮਿਲ ਨਾਡੂ ਵਿੱਚ 14,59,039 ਵੋਟਰ ਪਹਿਲੀ ਵਾਰ ਮਤਦਾਨ ਕਰਨਗੇ। ਇਸੇ ਦੌਰਾਨ ਤਾਮਿਲ ਨਾਡੂ ਦੀ ਮੁੱਖ ਚੋਣ ਅਧਿਕਾਰੀ ਅਰਚਨਾ ਪਟਨਾਇਕ ਨੇ ਅੱਜ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਸੂਬੇ ਵਿਚੋਂ 1,262 ਕਰੋੜ ਰੁਪਏ ਮੁੱਲ ਦਾ ਸੋਨਾ, ਸ਼ਰਾਬ, ਨਸ਼ੇ ਤੇ ਨਗ਼ਦੀ ਬਰਾਮਦ ਕੀਤੀ ਗਈ ਹੈ। ਵੱਖ-ਵੱਖ ਉਲੰਘਣਾ ਲਈ ਸੁੂਬੇ ਵਿੱਚ 163 ਐੱਫ ਆਈ ਆਰ ਦਰਜ ਕੀਤੀਆਂ ਗਈਆਂ ਹਨ। ਸੂਬੇ ’ਚ ਅਮਨ-ਕਾਨੂੰਨ ਬਣਾਈ ਰੱਖਣ ਲਈ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੀਆਂ 300 ਕੰਪਨੀਆਂ ਅਤੇ 83,875 ਸਥਾਨਕ ਪੁਲੀਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ।

ਟ੍ਰਿਬਿਊਨਲਾਂ ਵੱਲੋਂ ਵੋਟਰਾਂ ਦੀ ਸੂਚੀ ਪ੍ਰਕਾਸ਼ਿਤ

ਚੋਣ ਕਮਿਸ਼ਨ ਨੇ ਉਨ੍ਹਾਂ ਵੋਟਰਾਂ ਦੀਆਂ ਸੂਚੀਆਂ ਜਾਰੀ ਕੀਤੀਆਂ ਹਨ ਜਿਨ੍ਹਾਂ ਦੇ ਮਾਮਲਿਆਂ ਦਾ ਨਿਬੇੜਾ ਟ੍ਰਿਬਿਊਨਲਾਂ ਵੱਲੋਂ ਕਰ ਦਿੱਤਾ ਗਿਆ ਹੈ। ਸੀਨੀਅਰ ਅਧਿਕਾਰੀ ਨੇ ਅੱਜ ਕਿਹਾ ਕਿ ਇਸ ਨਾਲ ਇਨ੍ਹਾਂ ਵੋਟਰਾਂ ਨੂੰ ਪੱਛਮੀ ਬੰਗਾਲ ਅਸੈਂਬਲੀ ਚੋਣਾਂ ਦੇ ਪਹਿਲੇ ਗੇੜ ’ਚ ਹਿੱਸਾ ਲੈਣ ਦੀ ਆਗਿਆ ਮਿਲ ਗਈ ਹੈ। ਚੋਣ ਕਮਿਸ਼ਨ ਨੇ ਆਪਣੀ ਵੈੱਬਸਾਈਟ ’ਤੇ ਦੋ ਸੂਚੀਆਂ ਅਪਲੋਡ ਕੀਤੀਆਂ ਹਨ, ਜਿਨ੍ਹਾਂ ਵਿਚੋਂ ਇੱਕ ਉਨ੍ਹਾਂ ਵੋਟਰਾਂ ਦੀ ਹੈ ਜਿਨ੍ਹਾਂ ਦੇ ਨਾਮ ਟ੍ਰਿਬਿਊਨਲਾਂ ਦੇ ਹੁਕਮਾਂ ਮਗਰੋਂ ਸ਼ਾਮਲ ਕੀਤੇ ਗਏ ਹਨ ਅਤੇ ਦੂਜੀ ਉਨ੍ਹਾਂ ਲੋਕਾਂ ਦੀ ਹੈ ਜਿਨ੍ਹਾਂ ਨੂੰ ਹਾਲੇ ਵੀ ਸੂਚੀ ਵਿਚੋਂ ਬਾਹਰ ਰੱਖਿਆ ਗਿਆ ਹੈ; ਹਾਲਾਂਕਿ ਸ਼ਾਮਲ ਕੀਤੇ ਅਤੇ ਹਟਾਏ ਗਏ ਨਾਵਾਂ ਦੀ ਗਿਣਤੀ ਹਾਲੇ ਤੱਕ ਜਨਤਕ ਨਹੀਂ ਕੀਤੀ ਗਈ। ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ 152 ਹਲਕਿਆਂ ’ਚ ਪਹਿਲੇ ਗੇੜ ਦੀ ਵੋਟਿੰਗ ਤੋਂ ਪਹਿਲਾਂ 21 ਅਪਰੈਲ ਤੱਕ ਸੂਚੀ ਪ੍ਰਕਾਸ਼ਿਤ ਕਰਨ ਲਈ ਆਖਿਆ ਸੀ।

ਪੱਛਮੀ ਬੰਗਾਲ ’ਚ 23 ਫ਼ੀਸਦ ਉਮੀਦਵਾਰ ਦਾਗੀ

ਚੋਣ ਸੁਧਾਰਾਂ ਲਈ ਕੰਮ ਕਰਦੇ ਗ਼ੈਰ-ਸਰਕਾਰੀ ਸੰਗਠਨ (ਐੱਨ ਜੀ ਓ) ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਜ਼ (ਏ ਡੀ ਆਰ) ਦੀ ਰਿਪੋਰਟ ਮੁਤਾਬਕ ਇਸ ਵਾਰ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ 129 ‘ਰੈੱਡ ਅਲਰਟ’ ਹਲਕੇ ਹਨ ਜੋ 2021 ਦੀਆਂ ਚੋਣਾਂ ਦੇ ਮੁਕਾਬਲੇ 17 ਫ਼ੀਸਦ ਵੱਧ ਹਨ। ਚੋਣਾਂ ’ਚ 23 ਫ਼ੀਸਦ ਅਜਿਹੇ ਉਮੀਦਵਾਰ ਵੀ ਹਨ ਜਿਨ੍ਹਾਂ ਵਿਰੁੱਧ ਅਪਰਾਧਕ ਮਾਮਲੇ ਦਰਜ ਹਨ। ਰੈੱਡ ਅਲਰਟ ਹਲਕਾ ਅਜਿਹੀ ਸੀਟ ਨੂੰ ਕਿਹਾ ਜਾਂਦਾ ਹੈ ਜਿੱਥੇ ਤਿੰਨ ਜਾਂ ਉਸ ਤੋਂ ਵੱਧ ਉਮੀਦਵਾਰਾਂ ਨੇ ਆਪਣੇ ਖ਼ਿਲਾਫ਼ ਅਪਰਾਧਕ ਮਾਮਲਿਆਂ ਦਾ ਖੁਲਾਸਾ ਕੀਤਾ ਹੋਵੇ। ਏ ਡੀ ਆਰ ਨੇ 2026 ਦੀਆਂ ਅਸੈਂਬਲੀ ਚੋਣਾਂ ਲੜ ਰਹੇ 2,920 ਉਮੀਦਵਾਰਾਂ ਦੇ ਹਲਫ਼ਨਾਮਿਆਂ ਦਾ ਮੁਲਾਂਕਣ ਕੀਤਾ ਅਤੇ ਦੱਸਿਆ ਕਿ ਕੁੱਲ ਉਮੀਦਵਾਰਾਂ ਵਿੱਚੋਂ 683 ਭਾਵ ਕਿ 23 ਫ਼ੀਸਦ ਉਮੀਦਵਾਰਾਂ ਨੇ ਆਪਣੇ ਖ਼ਿਲਾਫ਼ ਅਪਰਾਧਕ ਮਾਮਲਿਆਂ ਦਾ ਜਦਕਿ 589 (20 ਫ਼ੀਸਦ) ਉਮੀਦਵਾਰਾਂ ਨੇ ਗੰਭੀਰ ਅਪਰਾਧਕ ਮਾਮਲਿਆਂ ਦਾ ਐਲਾਨ ਕੀਤਾ ਹੈ।

ਰਿਪੋਰਟ ਮੁਤਾਬਕ ਭਾਜਪਾ ਦੇ ਅਜਿਹੇ ਸਭ ਵੱਧ ਉਮੀਦਵਾਰ ਹਨ, ਜਿਸ ਦੇ ਮੁਲਾਂਕਣ ਕੀਤੇ ਗਏ 293 ਉਮੀਦਵਾਰਾਂ ਵਿੱਚੋਂ 208 (71 ਫ਼ੀਸਦ) ਨੇ ਹਲਫ਼ਨਾਮਿਆਂ ’ਚ ਅਪਰਾਧਕ ਮਾਮਲਿਆਂ ਦਾ ਖੁਲਾਸਾ ਕੀਤਾ ਹੈ। ਕਾਂਗਰਸ ਦੇ 293 ਵਿਚੋਂ 76 (26 ਫ਼ੀਸਦ) ਅਤੇ ਤ੍ਰਿਣਮੂਲ ਕਾਂਗਰਸ ਦੇ 290 ਵਿੱਚੋਂ 112 (39 ਫ਼ੀਸਦ), ਸੀ ਪੀ ਆਈ (ਐੱਮ) ਦੇ 198 ਵਿਚੋਂ 94 (47 ਫ਼ੀਸਦ) ਉਮੀਦਵਾਰਾਂ ਨੇ ਹਲਫ਼ਨਾਮਿਆਂ ’ਚ ਆਪਣੇ ਵਿਰੁੱਧ ਅਪਰਾਧਕ ਮਾਮਲਿਆਂ ਦਾ ਐਲਾਨ ਕੀਤਾ ਹੈ।

Share this content:

Post Comment