ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਬਜ਼ੁਰਗ ਲੇਖਕ ਐਡਵੋਕੇਟ ਦਲੀਪ ਸਿੰਘ ਵਾਸਨ ਦੇ ਘਰ ਜਾ ਕੇ ਸਨਮਾਨ

*ਪੰਜਾਬ ਸਰਕਾਰ ਉਨ੍ਹਾਂ ਦੀ ਅਣਛਪੀ ਸਵੈ-ਜੀਵਨੀ ਛਾਪੇ-ਡਾ.ਦਰਸ਼ਨ ਸਿੰਘ ‘ਆਸ਼ਟ`
ਪਟਿਆਲਾ, 19 ਮਾਰਚ – ਅੱਜ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦੀ ਕਾਰਜਕਾਰਨੀ ਵੱਲੋਂ ਪੰਜਾਬੀ ਦੇ ਉਘੇ ਲੇਖਕ ਐਡਵੋਕੇਟ ਦਲੀਪ ਸਿੰਘ ਵਾਸਨ (90) ਦੇ ਘਰ ਜਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।ਉਨ੍ਹਾਂ ਦਾ ਸਨਮਾਨ ਕਰਦਿਆਂ ਸਭਾ ਦੇ ਪ੍ਰਧਾਨ ਡਾ.ਦਰਸ਼ਨ ਸਿੰਘ ‘ਆਸ਼ਟ` ਨੇ ਕਿਹਾ ਕਿ ਐਡਵੋਕੇਟ ਦਲੀਪ ਸਿੰਘ ਵਾਸਨ ਨੇ ਅੱਧੀ ਸਦੀ ਤੋਂ ਵੀ ਵਧੇਰੇ ਸਮਾਂ ਪੰਜਾਬੀ ਮਾਤ ਭਾਸ਼ਾ ਦੀ ਨਿਸ਼ਕਾਮ ਸੇਵਾ ਕਰਦਿਆਂ ਇਸ ਦੇ ਵਿਕਾਸ ਲਈ ਅਹਿਮ ਯੋਗਦਾਨ ਪਾਇਆ ਹੈ।ਜਿੱਥੇ ਉਨ੍ਹਾਂ ਨੇ ਪੰਜਾਬੀ ਨਾਵਲਨਿਗਾਰੀ ਅਤੇ ਵਾਰਤਕ ਦੇ ਖੇਤਰ ਵਿਚ ਅਹਿਮ ਪੁਸਤਕਾਂ ਦੀ ਸਿਰਜਣਾ ਕੀਤੀ ਉਥੇ ਹੀ ਬੱਚਿਆਂ ਨੂੰ ਵੀ ਸਮਾਜਕ ਵਿਸ਼ਿਆਂ ਬਾਰੇ ਸਰਲ ਭਾਸ਼ਾ ਵਿਚ ਸਾਹਿਤ ਮੁਹੱਈਆ ਕਰਵਾਇਆ। ਉਨ੍ਹਾਂ ਨੇ ਸਾਹਿਤ ਨਾਲ ਸੰਬੰਧਤ ਲਗਭਗ ਇਕ ਦਰਜਨ ਪੁਸਤਕਾਂ ਤੋਂ ਇਲਾਵਾ ਭਾਰਤੀ ਕਾਨੂੰਨ ਨਾਲ ਸੰਬੰਧਤ ਕਈ ਹੋਰ ਅਹਿਮ ਪੁਸਤਕਾਂ ਦਾ ਪੰਜਾਬੀ ਭਾਸ਼ਾ ਵਿਚ ਅਨੁਵਾਦ ਕੀਤਾ ਹੈ।ਇਸ ਤੋਂ ਇਲਾਵਾ ਉਨ੍ਹਾਂ ਦੀਆਂ ਕਈ ਅਹਿਮ ਪੁਸਤਕਾਂ ਅਣਛਪੇ ਰੂਪ ਵਿਚ ਪਈਆਂ ਹਨ ਜਿਨ੍ਹਾਂ ਨੂੰ ਹੁਣ ਉਹ ਨਿੱਜੀ ਤੌਰ ਤੇ ਛਪਵਾਉਣ ਤੋਂ ਅਸਮਰੱਥ ਹਨ।
ਡਾ. ‘ਆਸ਼ਟ` ਨੇ ਪੰਜਾਬ ਦੇ ਮੁਖ ਮੰਤਰੀ ਸ. ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬੀ ਭਾਸ਼ਾ,ਸਾਹਿਤ, ਪ੍ਰਬੰਧ ਅਤੇ ਕਾਨੂੰਨ-ਪ੍ਰਣਾਲੀ ਦਾ ਵਿਸ਼ਾਲ ਤਜਰਬਾ ਰੱਖਣ ਵਾਲੇ ਅਤੇ ਪਿੰਡ ਬੋਦਲਾ ਤਹਿਸੀਲ ਐਬਟਾਬਾਦ ਜ਼ਿਲ੍ਹਾ ਹਜ਼ਾਰਾ (ਅੱਜਕੱਲ੍ਹ ਪਾਕਿਸਤਾਨ) ਦੇ ਜੰਮਪਲ 90 ਸਾਲਾ ਐਡਵੋਕੇਟ ਵਾਸਨ ਦੀ ਅਣਛਪੀ ਸਵੈ-ਜੀਵਨੀ ਜ਼ਰੂਰ ਛਾਪੇ ਤਾਂ ਜੋ ਨਵੀਂ ਪੀੜ੍ਹੀ ਉਨ੍ਹਾਂ ਦੇ ਅਨੁਭਵ ਅਤੇ ਸੰਘਰਸ਼ ਤੋਂ ਪ੍ਰੇਰਣਾ ਲੈ ਕੇ ਵੱਖ ਵੱਖ ਖੇਤਰਾਂ ਵਿਚ ਪ੍ਰਾਪਤੀਆਂ ਨੂੰ ਛੋਹ ਸਕੇ। ਡਾ. ‘ਆਸ਼ਟ` ਨੇ ਇਹ ਵੀ ਕਿਹਾ ਕਿ ਸਭਾ ਵੱਲੋਂ ਭਵਿੱਖ ਵਿਚ ਉਨ੍ਹਾਂ ਸਾਰੇ ਬਜ਼ੁਰਗ ਸਾਹਿਤਕਾਰਾਂ ਦੇ ਘਰ ਜਾ ਕੇ ਉਨ੍ਹਾਂ ਦਾ ਸਨਮਾਨ ਕਰਨ ਦੀ ਰਵਾਇਤ ਜਾਰੀ ਰੱਖੀ ਜਾਵੇਗੀ ਜਿਹੜੇ ਸਰੀਰਕ ਤੌਰ ਤੇ ਘਰੋਂ ਬਾਹਰ ਸਮਾਗਮਾਂ ਆਦਿ ਵਿਚ ਸ਼ਾਮਿਲ ਨਹੀਂ ਹੋ ਸਕਦੇ।
ਇਸ ਦੌਰਾਨ ਸਭਾ ਦੇ ਜਨਰਲ ਸਕੱਤਰ ਦਵਿੰਦਰ ਪਟਿਆਲਵੀ, ਵਿੱਤ ਸਕੱਤਰ ਬਲਬੀਰ ਸਿੰਘ ਦਿਲਦਾਰ ਅਤੇ ਪ੍ਰੈਸ ਸਕੱਤਰ ਨਵਦੀਪ ਸਿੰਘ ਮੁੰਡੀ ਤੋਂ ਇਲਾਵਾ ਸੁਰਜੀਤ ਕੌਰ ਅਤੇ ਕਮਲਦੀਪ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਜਿਨ੍ਹਾਂ ਨੇ ਵੱਖ ਵੱਖ ਪੱਖਾਂ ਤੋਂ ਐਡਵੋਕੇਟ ਦਲੀਪ ਸਿੰਘ ਵਾਸਨ ਦੇ ਜੀਵਨ ਅਨੁਭਵ ਅਤੇ ਸਾਹਿਤ ਰਚਨਾ ਬਾਰੇ ਵਿਸਥਾਰ ਵਿਚ ਸੰਵਾਦ ਰਚਾਇਆ। ਆਪਣੀ ਰਚਨਾ ਪ੍ਰਕਿਰਿਆ ਬਾਰੇ ਚਰਚਾ ਕਰਦਿਆਂ ਐਡਵੋਕੇਟ ਵਾਸਨ ਨੇ ਕਿਹਾ ਕਿ ਭਾਵੇਂ ਉਹ ਸਰੀਰਕ ਤੌਰ ਤੇ ਪਹਿਲਾਂ ਵਾਂਗ ਕਾਰਜਸ਼ੀਲ ਨਹੀਂ ਰਹੇ ਪਰੰਤੂ ਮਾਨਸਿਕ ਤੌਰ ਤੇ ਅਜੇ ਵੀ ਨਿਰੰਤਰ ਸਾਹਿਤ ਸਾਧਨਾ ਨਾਲ ਜੁੜੇ ਹੋਏ ਹਨ ਅਤੇ ਵੱਡੀ ਤਾਦਾਦ ਵਿਚ ਉਨ੍ਹਾਂ ਦੇ ਪਾਠਕ ਉਨ੍ਹਾਂ ਨਾਲ ਸੋਸ਼ਲ ਮੀਡੀਆ ਤੇ ਜੁੜੇ ਹੋਏ ਹਨ।ਉਨ੍ਹਾਂ ਦੀ ਸਾਹਿਤ ਰਚਨਾ ਦਾ ਬੁਨਿਆਦੀ ਮਕਸਦ ਮਾਂ ਬੋਲੀ ਅਤੇ ਸਾਹਿਤ ਦੇ ਜ਼ਰੀਏ ਸੁਖਾਵੇਂ ਅਤੇ ਖ਼ੁਸ਼ਹਾਲ ਮਨੁੱਖੀ ਸਮਾਜ ਦਾ ਨਿਰਮਾਣ ਕਰਨਾ ਹੈ। ਅੰਤ ਵਿਚ ਦਵਿੰਦਰ ਪਟਿਆਲਵੀ ਨੇ ਇਸ ਸੰਖੇਪ ਪਰੰਤੂ ਪ੍ਰਭਾਵਸ਼ਾਲੀ ਮਿਲਣੀ ਵਿਚ ਸ਼ਾਮਿਲ ਵਿਅਕਤੀਆਂ ਦਾ ਧੰਨਵਾਦ ਕੀਤਾ।
Share this content:



Post Comment