Loading Now

ਪੰਜਾਬੀ ਵਿਰਸਾ ਟਰੱਸਟ ਵੱਲੋਂ ਪ੍ਰੋ. ਪਿਆਰਾ ਸਿੰਘ ਭੋਗਲ ਯਾਦਗਾਰੀ ਪੁਰਸਕਾਰ ਵਰਿੰਦਰ ਸਿੰਘ ਵਾਲੀਆ ਅਤੇ ਮਾਣ ਮੱਤਾ ਪੰਜਾਬੀ ਪੱਤਰਕਾਰ ਪੁਰਸਕਾਰ ਅਮਨਪ੍ਰੀਤ ਸਿੰਘ ਬਰਾੜ ਨੂੰ ਪ੍ਰਦਾਨ

ਪੰਜਾਬੀ ਵਿਰਸਾ ਟਰੱਸਟ ਵੱਲੋਂ ਪ੍ਰੋ. ਪਿਆਰਾ ਸਿੰਘ ਭੋਗਲ ਯਾਦਗਾਰੀ ਪੁਰਸਕਾਰ ਵਰਿੰਦਰ ਸਿੰਘ ਵਾਲੀਆ ਅਤੇ ਮਾਣ ਮੱਤਾ ਪੰਜਾਬੀ ਪੱਤਰਕਾਰ ਪੁਰਸਕਾਰ ਅਮਨਪ੍ਰੀਤ ਸਿੰਘ ਬਰਾੜ ਨੂੰ ਪ੍ਰਦਾਨ

photo1-30-m-1024x325 ਪੰਜਾਬੀ ਵਿਰਸਾ ਟਰੱਸਟ ਵੱਲੋਂ ਪ੍ਰੋ. ਪਿਆਰਾ ਸਿੰਘ ਭੋਗਲ ਯਾਦਗਾਰੀ ਪੁਰਸਕਾਰ ਵਰਿੰਦਰ ਸਿੰਘ ਵਾਲੀਆ ਅਤੇ ਮਾਣ ਮੱਤਾ ਪੰਜਾਬੀ ਪੱਤਰਕਾਰ ਪੁਰਸਕਾਰ ਅਮਨਪ੍ਰੀਤ ਸਿੰਘ ਬਰਾੜ ਨੂੰ ਪ੍ਰਦਾਨ
ਪ੍ਰਸਿੱਧ ਪੱਤਰਕਾਰ ਵਰਿੰਦਰ ਸਿੰਘ ਵਾਲੀਆ ਨੂੰ ਪ੍ਰੋ: ਪਿਆਰਾ ਸਿੰਘ ਭੋਗਲ ਯਾਦਗਾਰੀ ਪੁਰਸਕਾਰ ਪ੍ਰਦਾਨ ਕਰਦੇ ਹੋਏ  ਪ੍ਰਸਿੱਧ ਸਾਹਿਤਕਾਰ ਡਾ: ਵਰਿਆਮ ਸਿੰਘ ਸੰਧੂ, ਪ੍ਰਸਿੱਧ ਪੱਤਰਕਾਰ ਸਤਨਾਮ ਸਿੰਘ ਮਾਣਕ, ਪ੍ਰਸਿੱਧ ਲੇਖਕ ਡਾ: ਲਖਵਿੰਦਰ ਸਿੰਘ ਜੌਹਲ, ਪ੍ਰੋ: ਜਸਵੰਤ ਸਿੰਘ ਗੰਡਮ ਪ੍ਰਧਾਨ, ਪ੍ਰਿੰ: ਗੁਰਮੀਤ ਸਿੰਘ ਪਲਾਹੀ ਅਤੇ ਪੰਜਾਬੀ ਵਿਰਸਾ ਟਰਸੱਟ ਦੇ ਮੈਂਬਰ ਸਾਹਿਬਾਨ।

ਫਗਵਾੜਾ, 30 ਮਾਰਚ ( ਏ.ਡੀ.ਪੀ. ਨਿਊਜ਼)  – ਪੰਜਾਬੀ ਵਿਰਸਾ ਟਰੱਸਟ ਵੱਲੋਂ ਪ੍ਰੋਫੈਸਰ ਪਿਆਰਾ ਸਿੰਘ ਭੋਗਲ ਦੀ ਯਾਦ ਵਿੱਚ ਯਾਦਗਾਰੀ ਪੁਰਸਕਾਰ ਅਤੇ ਮਾਣ ਮੱਤਾ ਪੰਜਾਬੀ ਪੱਤਰਕਾਰ ਪੁਰਸਕਾਰ ਸਮਾਗਮ ਬੜੀ ਸ਼ਾਨੋ-ਸ਼ੌਕਤ ਨਾਲ ਆਯੋਜਿਤ ਕੀਤਾ ਗਿਆ, ਜਿਸ ਵਿੱਚ ਲਗਭਗ 80 ਤੋਂ ਵੱਧ ਵਿਦਵਾਨਾਂ, ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਦੀ ਪ੍ਰਧਾਨਗੀ ਵਰਿਆਮ ਸਿੰਘ ਸੰਧੂ, ਸਤਨਾਮ ਸਿੰਘ ਮਾਣਕ, ਪ੍ਰੋ: ਜਸਵੰਤ ਸਿੰਘ ਗੰਡਮ, ਵਰਿੰਦਰ ਸਿੰਘ ਵਾਲੀਆ, ਡਾ: ਲਖਵਿੰਦਰ ਸਿੰਘ ਜੌਹਲ, ਗੁਰਸ਼ਰਨ ਸਿੰਘ ਰੰਧਾਵਾ, ਪ੍ਰਿੰ: ਗੁਰਮੀਤ ਸਿੰਘ ਪਲਾਹੀ, ਡਾ: ਅਮਨਪ੍ਰੀਤ ਸਿੰਘ ਬਰਾੜ ਨੇ ਕੀਤੀ।

ਸਮਾਗਮ ਵਿੱਚ ਪ੍ਰਸਿੱਧ ਪੱਤਰਕਾਰ ਵਰਿੰਦਰ ਸਿੰਘ ਵਾਲੀਆ ਨੂੰ ਪ੍ਰੋ.ਪਿਆਰਾ ਸਿੰਘ ਭੋਗਲ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਡਾ. ਅਮਨਪ੍ਰੀਤ ਸਿੰਘ ਬਰਾੜ ਨੂੰ ਮਾਣ ਮੱਤਾ ਪੰਜਾਬੀ ਪੱਤਰਕਾਰ ਪੁਰਸਕਾਰ ਨਾਲ ਨਿਵਾਜਿਆ ਗਿਆ। ਇਸ ਮੌਕੇ ਕਮਲੇਸ਼ ਸੰਧੂ ਵੱਲੋਂ ਵਰਿੰਦਰ ਸਿੰਘ ਵਾਲੀਆ ਦਾ ਮਾਣ ਪੱਤਰ ਅਤੇ ਬਲਦੇਵ ਰਾਜ ਕੋਮਲ ਵੱਲੋਂ ਡਾ. ਅਮਨਪ੍ਰੀਤ ਸਿੰਘ ਬਰਾੜ ਬਾਰੇ ਮਾਣ ਪੱਤਰ ਪੜ੍ਹ ਕੇ ਸਰੋਤਿਆਂ ਨਾਲ ਸਾਂਝਾ ਕੀਤਾ ਗਿਆ। ਪ੍ਰੋ.ਪਿਆਰਾ ਸਿੰਘ ਭੋਗਲ ਯਾਦਗਾਰੀ ਪੁਰਸਕਾਰ ਤਹਿਤ 31,000 ਰੁਪਏ ਨਗਦ, ਸਿਰੋਪਾ, ਮਾਣ ਪੱਤਰ ਅਤੇ ਸਨਮਾਨ ਚਿੰਨ੍ਹ ਅਤੇ ਮਾਣ ਮੱਤਾ ਪੰਜਾਬੀ ਪੱਤਰਕਾਰ ਪੁਰਸਕਾਰ ਲਈ 11,000 ਰੁਪਏ ਨਗਦ ਸਮੇਤ ਸਿਰੋਪਾ, ਮਾਣ ਪੱਤਰ ਅਤੇ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਜ਼ਿਕਰਯੋਗ ਹੈ ਕਿ ਵਰਿੰਦਰ ਸਿੰਘ ਵਾਲੀਆ ਵੱਲੋਂ ਸਮਾਜਿਕ ਜ਼ਿੰਮੇਵਾਰੀ ਨਿਭਾਉਂਦਿਆਂ ਪੁਰਸਕਾਰ ਦੀ ਪੂਰੀ ਰਾਸ਼ੀ ਆਰਥਿਕ ਤੌਰ ’ਤੇ  ਕਮਜ਼ੋਰ ਪੱਤਰਕਾਰਾਂ ਦੀ ਸਹਾਇਤਾ ਲਈ ਮੌਕੇ ’ਤੇ ਹੀ ਦੇਣ ਦਾ ਫ਼ੈਸਲਾ ਕੀਤਾ ਗਿਆ।

photo1-30-m-1024x325 ਪੰਜਾਬੀ ਵਿਰਸਾ ਟਰੱਸਟ ਵੱਲੋਂ ਪ੍ਰੋ. ਪਿਆਰਾ ਸਿੰਘ ਭੋਗਲ ਯਾਦਗਾਰੀ ਪੁਰਸਕਾਰ ਵਰਿੰਦਰ ਸਿੰਘ ਵਾਲੀਆ ਅਤੇ ਮਾਣ ਮੱਤਾ ਪੰਜਾਬੀ ਪੱਤਰਕਾਰ ਪੁਰਸਕਾਰ ਅਮਨਪ੍ਰੀਤ ਸਿੰਘ ਬਰਾੜ ਨੂੰ ਪ੍ਰਦਾਨ
ਪ੍ਰਸਿੱਧ ਕਾਲਮਨਵੀਸ ਡਾ. ਅਮਨਪ੍ਰੀਤ ਸਿੰਘ ਬਰਾੜ ਨੂੰ ਮਾਣ ਮੱਤਾ ਪੱਤਰਕਾਰ ਪੁਰਸਕਾਰ ਪ੍ਰਦਾਨ ਕਰਦੇ ਹੋਏ ਪ੍ਰਸਿੱਧ ਸਾਹਿਤਕਾਰ ਡਾ: ਵਰਿਆਮ ਸਿੰਘ ਸੰਧੂ, ਪ੍ਰਸਿੱਧ ਪੱਤਰਕਾਰ ਸਤਨਾਮ ਸਿੰਘ ਮਾਣਕ, ਪ੍ਰਸਿੱਧ ਲੇਖਕ ਡਾ: ਲਖਵਿੰਦਰ ਸਿੰਘ ਜੌਹਲ, ਪ੍ਰੋ: ਜਸਵੰਤ ਸਿੰਘ ਗੰਡਮ ਪ੍ਰਧਾਨ, ਪ੍ਰਿੰ: ਗੁਰਮੀਤ ਸਿੰਘ ਪਲਾਹੀ ਅਤੇ ਪੰਜਾਬੀ ਵਿਰਸਾ ਟਰਸੱਟ ਦੇ ਮੈਂਬਰ ਸਾਹਿਬਾਨ।

ਸਮਾਗਮ ਦੌਰਾਨ ਬੋਲਦਿਆਂ ਗੁਰਮੀਤ ਸਿੰਘ ਪਲਾਹੀ ਨੇ ਵਰਿੰਦਰ ਸਿੰਘ ਵਾਲੀਆ ਦੀ ਸਰਲਤਾ, ਸਾਦਗੀ, ਨਿਮਰਤਾ ਅਤੇ ਨਿਡਰ ਪੱਤਰਕਾਰੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਸੱਚੇ ਅਰਥਾਂ ਵਿੱਚ ਬੁੱਧੀਜੀਵੀ ਅਤੇ ਲੋਕਾਂ ਦੀ ਆਵਾਜ਼ ਹਨ।

ਸੰਸਥਾ ਦੇ ਪ੍ਰਧਾਨ ਜਸਵੰਤ ਸਿੰਘ ਗੰਡਮ ਨੇ ਕਿਹਾ ਕਿ ਇਹ ਟਰੱਸਟ ਹਮੇਸ਼ਾ ਉਹਨਾਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕਰਦਾ ਹੈ ਜੋ ਸਮਾਜ ਵਿੱਚ ਸੱਚ, ਨਿਆਂ ਅਤੇ ਪੰਜਾਬੀਅਤ ਦੀ ਰੱਖਿਆ ਲਈ ਯੋਗਦਾਨ ਪਾਉਂਦੀਆਂ ਹਨ।

ਡਾ: ਲਖਵਿੰਦਰ ਸਿੰਘ ਜੌਹਲ ਨੇ ਵਰਿੰਦਰ ਸਿੰਘ ਵਾਲੀਆ ਦੀ ਚੋਣ ਬਾਰੇ ਦੱਸਦਿਆਂ ਕਿਹਾ ਕਿ ਉਹਨਾਂ ਦੀ ਸ਼ਖਸ਼ੀਅਤ, ਲਿਖਤ ਅਤੇ ਸਿਧਾਂਤਕ ਮਜ਼ਬੂਤੀ ਪ੍ਰੋ.ਪਿਆਰਾ ਸਿੰਘ ਭੋਗਲ ਦੇ ਆਦਰਸ਼ਾਂ ਨਾਲ ਮੇਲ ਖਾਂਦੀ ਹੈ। ਉਹਨਾਂ ਨੇ ਵਾਲੀਆ ਦੀ ਨਿਡਰ ਪੱਤਰਕਾਰਤਾ ਅਤੇ ਸਾਹਿਤਕ ਯੋਗਦਾਨ ਨੂੰ ਵਿਸ਼ੇਸ਼ ਤੌਰ ’ਤੇ ਉਜਾਗਰ ਕੀਤਾ।

ਸਤਨਾਮ ਸਿੰਘ ਮਾਣਕ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਕਿ ਅੱਜ ਦੇ ਸਮੇਂ ਵਿੱਚ ਸੱਚੀ ਅਤੇ ਨਿਰਪੱਖ ਪੱਤਰਕਾਰਤਾ ਕਰਨਾ ਬਹੁਤ ਔਖਾ ਹੋ ਗਿਆ ਹੈ, ਪਰ ਅਜਿਹੇ ਪੁਰਸਕਾਰ ਸੱਚੇ ਲੋਕਾਂ ਦੀ ਹੌਸਲਾ ਅਫ਼ਜਾਈ ਕਰਦੇ ਹਨ। ਉਹਨਾਂ ਨੇ ਪ੍ਰੋ. ਭੋਗਲ ਦੇ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਸਿੱਖਿਆ, ਸਮਾਜਿਕ ਜਾਗਰੂਕਤਾ ਅਤੇ ਸੰਵਾਦ ਦੇ ਮਜ਼ਬੂਤ ਹਮਾਇਤੀ ਸਨ। ਉਹਨਾਂ ਨੇ ਡਾ. ਅਮਨਪ੍ਰੀਤ ਸਿੰਘ ਬਰਾੜ ਦੇ ਸੰਬੰਧ ਵਿੱਚ ਬੋਲਦਿਆਂ ਨੇ ਕਿਹਾ ਕਿ ਉਹ ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਦੇ ਮਸਲਿਆਂ ਨੂੰ ਬੇਬਾਕੀ ਨਾਲ ਉਠਾਉਂਦੇ ਹਨ ਅਤੇ ਸਮਾਜਕ ਨਿਆਂ ਲਈ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹਨ।

ਕਹਾਣੀਕਾਰ ਵਰਿਆਮ ਸਿੰਘ ਸੰਧੂ ਅਤੇ ਹੋਰ ਵਿਦਵਾਨਾਂ ਨੇ ਵੀ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਸਮਾਜਕ ਮੁੱਲਾਂ ਦੀ ਰੱਖਿਆ ਲਈ ਇਕੱਠੇ ਹੋਣ ਦੀ ਲੋੜ ਉੱਤੇ ਜ਼ੋਰ ਦਿੱਤਾ।

ਇਸ ਮੌਕੇ ਸਤਨਾਮ ਸਿੰਘ ਢਾਅ ਵੱਲੋਂ ਆਪਣੀਆਂ ਨਵੀਆਂ ਪ੍ਰਕਾਸ਼ਿਤ ਪੁਸਤਕਾਂ ‘ਪੰਜਾਬ ਦੇ ਅਨਮੋਲ ਹੀਰੇ’ ਅਤੇ ‘ਰੰਗ ਆਪੋ-ਆਪਣੇ’ ਭੇਟ ਕਰਦਿਆਂ ਸਾਹਿਤ ਪ੍ਰੇਮੀਆਂ ਨਾਲ ਸਾਂਝ ਪਾਈ ਗਈ। ਬਾਲ ਕਵਿਤਰੀ ਭਾਵਨਾ ਅਤੇ ਵਰਿੰਦਰ ਸਿੰਘ ਵਾਲੀਆ ਵੱਲੋਂ ਆਪਣੀ ਕਵਿਤਾ ਸਾਂਝੀ ਕੀਤੀ ਗਈ। ਡਾ. ਅਮਨਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਉਹਨਾਂ ਲਈ ਇਹ ਪੁਰਸਕਾਰ ਸਿਰਫ਼ ਸਨਮਾਨ ਨਹੀਂ, ਸਗੋਂ ਪੰਜਾਬ, ਪੰਜਾਬੀਅਤ ਅਤੇ ਸੱਚ ਦੇ ਹੱਕ ਵਿੱਚ ਡਟ ਕੇ ਬੋਲਣ ਦੀ ਹੋਰ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਪੱਤਰਕਾਰਾਂ ਨੂੰ ਸਮਾਜਕ ਤੇ ਰਾਜਨੀਤਿਕ ਮਸਲਿਆਂ ’ਤੇ ਨਿਡਰ ਹੋ ਕੇ ਅੱਗੇ ਆਉਣਾ ਅਤੇ ਨਵੀਂ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਨਾਲ ਜੋੜਨਾ ਸਮੇਂ ਦੀ ਲੋੜ ਹੈ। ਵਰਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਮਸਨੂਈ ਬੁੱਧੀ ਦੇ ਦੌਰ ਵਿੱਚ ਸਾਹਿਤ ਨੂੰ ਵਿਸ਼ਵ ਪੱਧਰ ਤੱਕ ਪਹੁੰਚਾਉਣ ਦੇ ਨਵੇਂ ਰਸਤੇ ਖੁੱਲ੍ਹੇ ਹਨ, ਪਰ ਲੇਖਕਾਂ ਲਈ ਆਪਣੀ ਅਸਲ ਸ਼ੈਲੀ ਅਤੇ ਮੂਲ ਚਿੰਤਨ ਨੂੰ ਕਾਇਮ ਰੱਖਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਆਪਣੀ ਪੱਤਰਕਾਰਤਾ ਦੇ ਤਜਰਬੇ ਸਾਂਝੇ ਕਰਦਿਆਂ ਮਾਂ ਬੋਲੀ ਪੰਜਾਬੀ ਦੀ ਤਾਕਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ।

ਗੁਰਸ਼ਰਨ ਸਿੰਘ ਰੰਧਾਵਾ ਨੇ ਕਿਹਾ ਕਿ ਸੱਭਿਆਚਾਰ ਦੀ ਰਾਖੀ ਵਿੱਚ ਸੈਨਿਕਾਂ ਅਤੇ ਪੱਤਰਕਾਰਾਂ ਦਾ ਬਰਾਬਰ ਯੋਗਦਾਨ ਹੁੰਦਾ ਹੈ। ਉਨ੍ਹਾਂ ਵਰਿੰਦਰ ਸਿੰਘ ਵਾਲੀਆ ਅਤੇ ਡਾ. ਅਮਨਪ੍ਰੀਤ ਸਿੰਘ ਬਰਾੜ ਨੂੰ ਪੁਰਸਕਾਰ ਮਿਲਣ ’ਤੇ ਅਤੇ ਪੰਜਾਬੀ ਵਿਰਸਾ ਟਰੱਸਟ ਨੂੰ ਵਧਾਈ ਦਿੱਤੀ।

ਸਮਾਗਮ ਦਾ ਮੰਚ ਸੰਚਾਲਨ ਰਵਿੰਦਰ ਚੋਟ ਪ੍ਰਧਾਨ ਸਕੇਪ ਸਾਹਿਤਕ ਸੰਸਥਾ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ ਅਤੇ ਅੰਤ ਵਿੱਚ ਪੰਜਾਬੀ ਵਿਰਸਾ ਟਰੱਸਟ ਵੱਲੋਂ ਪਰਵਿੰਦਰਜੀਤ ਸਿੰਘ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਵਿੱਚ ਗਿਆਨ ਸਿੰਘ ਡੀ.ਪੀ.ਆਰ.ਓ. ਦੀਦਾਰ ਸਿੰਘ ਸ਼ੇਤਰਾ, ਪੈਗੰਬਰਜੀਤ ਸਿੰਘ ਮਾਨ, ਦਲਜੀਤ ਮਹਿਮੀ ਕਰਤਾਰਪੁਰੀ, ਸਿੱਖਿਆ ਰਤਨ ਗੁਰਮੀਤ ਸਿੰਘ, ਪ੍ਰਿੰ.ਤਰਸੇਮ ਸਿੰਘ,ਕੁਲਵੰਤ ਸਿੰਘ ਭਿੰਡਰ, ਤਰਨਜੀਤ ਸਿੰਘ ਕਿੰਨੜਾ,ਰਾਜਕੁਮਾਰੀ, ਰਜਵੰਤ ਕੌਰ ਸੰਧੂ, ਗੁਰਮੀਤ ਰੱਤੂ, ਰਘਬੀਰ ਕੌਰ, ਬੰਸੋ ਦੇਵੀ, ਆਸ਼ਾ ਅਰਮਾਨ, ਜੱਸ ਸਰੋਆ, ਗੁਰਦੀਪ ਸਿੰਘ ਕੰਗ, ਡਾ. ਐੱਸ.ਪੀ.ਐੱਸ.ਬਰਾੜ, ਸੁਖਦੇਵ ਕੌਰ ਢਾਅ, ਵਰਿੰਦਰ ਸਿੰਘ ਕੰਬੋਜ,ਸਿਮਰਤ ਕੌਰ,ਗੁਰਨੂਰ ਕੌਰ, ਗਿਆਨ ਸਿੰਘ, ਬੀ ਕੇ ਰੱਤੂ, ਸੰਤੋਸ਼ ਕੁਮਾਰ ਗੋਗੀ, ਸਾਹਿਬ ਜੀਟਨ ਕੌਰ, ਜਨਕ ਪਲਾਹੀ, ਸੁਖਵਿੰਦਰ ਸਿੰਘ, ਜਗਜੀਤ ਸਿੰਘ ਚਾਨਾ, ਚਰਨਜੀਤ ਸਿੰਘ ਚਾਨਾ, ਸਰਬਜੀਤ ਸਿੰਘ ਚਾਨਾ, ਰਜਿੰਦਰ ਸਿੰਘ ਚੰਦੀ, ਡਾ. ਇੰਦਰਜੀਤ ਸਿੰਘ ਵਾਸੂ ਸਮੇਤ ਭਰਵੀਂ ਗਿਣਤੀ ਵਿੱਚ ਵਿਦਵਾਨ ਸਰੋਤਿਆਂ ਨੇ ਸ਼ਮੂਲੀਅਤ ਕੀਤੀ।

Share this content:

Post Comment