ਪੰਜਾਬੀ ਲੈਂਗਵੇਜ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ
ਸਰੀ, 28 ਫਰਵਰੀ – ਪੰਜਾਬੀ ਲੈਂਗਵੇਜ ਐਜੂਕੇਸ਼ਨ ਐਸੋਸੀਏਸ਼ਨ (ਪਲੀਅ) ਵੱਲੋਂ ਬੀਤੇ ਦਿਨੀਂ ਆਪਣਾ 21ਵਾਂ ਸਾਲਾਨਾ ‘ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ’ ਸਮਾਗਮ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਸਰੀ ਦੇ ਤਾਜ ਪਾਰਕ ਕਨਵੈਂਸ਼ਨ ਸੈਂਟਰ ਵਿਖੇ ਹੋਏ ਇਸ ਪ੍ਰੋਗਰਾਮ ਵਿੱਚ 150 ਤੋਂ ਵੱਧ ਪੰਜਾਬੀ ਪ੍ਰੇਮੀਆਂ ਅਤੇ ਪਲੀਅ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਮੰਚ ਸੰਚਾਲਕ ਹਰਮਨ ਪੰਧੇਰ ਨੇ ‘ਲੈਂਡ ਐਕਨੌਲੇਜਮੈਂਟ’ ਨਾਲ ਕੀਤੀ ਅਤੇ ਟੰਬਲਰ ਰਿਜ ਵਿਖੇ ਵਾਪਰੀ ਦੁਖਦਾਈ ਘਟਨਾ ਦੇ ਪੀੜਤਾਂ ਦੀ ਯਾਦ ਵਿੱਚ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ ਗਈਆਂ। ਪ੍ਰਿੰਸੈਸ ਮਾਰਗਰੇਟ ਸੈਕੰਡਰੀ ਦੀ ਵਿਦਿਆਰਥਣ ਯਸਾਨੀਆ ਕੌਰ ਨੇ ਗੀਤ ਪੇਸ਼ ਕੀਤਾ, ਜਦਕਿ 8 ਸਾਲਾ ਸੋਹਰਾਬ ਸਿੰਘ ਬਰਾੜ ਨੇ ਪੰਜਾਬੀ ਦੀ ਅਹਿਮੀਅਤ ਬਾਰੇ ਵਿਚਾਰ ਸਾਂਝੇ ਕੀਤੇ। ਜੀਵਨ ਅਤੇ ਗੁਰਸ਼ਾਨਵੀਰ ਬਾਜਵਾ ਨੇ ਸਲਾਈਡ ਸ਼ੋਅ ਰਾਹੀਂ ਪੰਜਾਬੀ ਸਿੱਖਣ ਦੇ ਲਾਭ ਦੱਸੇ। ਵਿਦਿਆਰਥੀ ਜਸਮੀਤ ਸਿੰਘ ਖਹਿਰਾ ਨੇ ਕਵਿਤਾ ਸੁਣਾਈ ਅਤੇ ਰੋਹਨ ਤੇ ਜੈਡਨ ਗਿੱਲ ਦੀ ਲਘੂ ਫਿਲਮ ‘Rooted and Rising’ ਦਿਖਾਈ ਗਈ। ਮਿਲਨ ਅਤੇ ਮਾਇਆ ਖੇੜਾ ਨੇ ‘ਪੰਜਾਬੀ ਪਾਥਵੇਜ਼’ ਵੀਡੀਓ ਪੇਸ਼ ਕੀਤੀ।
ਸਰੀ ਸਕੂਲ ਡਿਸਟ੍ਰਿਕਟ ਦੀਆਂ ਅਧਿਆਪਕਾਂ ਗੁਰਪ੍ਰੀਤ ਬੈਂਸ ਅਤੇ ਅਮਨਦੀਪ ਛੀਨਾ ਨੇ ਦੱਸਿਆ ਕਿ ਲੋੜ ਅਨੁਸਾਰ ਪੰਜਾਬੀ ਹੁਣ ਸਰੀ ਦੇ ਸੈਕੰਡਰੀ ਸਕੂਲਾਂ ਦੀ ਅੱਠੳ ਜਮਾਤ ਵਿੱਚ ਉਪਲਬਧ ਹੋਵੇਗੀ। ਸਕੂਲ ਬੋਰਡ ਦੇ ਵਾਈਸ ਚੇਅਰ ਗੈਰੀ ਥਿੰਦ ਨੇ ਪੰਜਾਬੀ ਸਿੱਖਿਆ ਦੇ ਮੁੱਦਿਆਂ ‘ਤੇ ਚਰਚਾ ਕਰਦਿਆਂ ਸੰਸਥਾ ਨੂੰ ਮਾਲੀ ਸਹਾਇਤਾ ਭੇਟ ਕੀਤੀ। ਹਰਮਨ ਪੰਧੇਰ ਨੇ ਪੰਜਾਬੀ ਸਾਹਿਤ ਪੜ੍ਹਨ ‘ਤੇ ਜ਼ੋਰ ਦਿੱਤਾ ਅਤੇ ਮੁਫ਼ਤ ਵੰਡੀਆਂ ਕਿਤਾਬਾਂ ਬਾਰੇ ਜਾਣਕਾਰੀ ਦਿੱਤੀ।
ਸਮਾਗਮ ਦੌਰਾਨ ਵਿਸ਼ੇਸ਼ ਤੌਰ ‘ਤੇ ਪਹੁੰਚੇ ਸੈਨੇਟਰ ਬਲਤੇਜ ਸਿੰਘ ਢਿੱਲੋਂ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕੈਨੇਡਾ ਵਿੱਚ ਪੰਜਾਬੀ ਭਾਸ਼ਾ ਨਾਲ ਜੁੜੇ ਆਪਣੇ ਜੀਵਨ ਦੇ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਨੇ ਉਨ੍ਹਾਂ ਨੂੰ ਨਾ ਸਿਰਫ਼ ਨਿੱਜੀ ਜੀਵਨ ਵਿੱਚ ਬਲਕਿ ਉਨ੍ਹਾਂ ਦੇ ਪੇਸ਼ੇਵਰ ਕੰਮਾਂ ਵਿੱਚ ਵੀ ਬਹੁਤ ਮਦਦ ਕੀਤੀ ਹੈ। ਸਰੀ-ਨਿਊਟਨ ਤੋਂ ਐਮ.ਐਲ.ਏ. ਅਤੇ ਬੀ.ਸੀ. ਦੀ ਪੋਸਟ-ਸੈਕੰਡਰੀ ਸਿੱਖਿਆ ਅਤੇ ਫਿਊਚਰ ਸਕਿੱਲਜ਼ ਮੰਤਰੀ ਜੈਸੀ ਸੁੰਨੜ ਨੇ ਵੀ ਆਪਣੇ ਵਿਚਾਰ ਰੱਖੇ। ਕੈਨੇਡਾ ਵਿੱਚ ਜਨਮੀ ਜੈਸੀ ਸੁੰਨੜ ਨੇ ਦੱਸਿਆ ਕਿ ਆਪਣੀ ਮਾਂ-ਬੋਲੀ ਪੰਜਾਬੀ ਦੇ ਗਿਆਨ ਨੇ ਉਨ੍ਹਾਂ ਨੂੰ ਇੱਕ ਬਿਹਤਰ ਇਨਸਾਨ ਬਣਨ ਵਿੱਚ ਸਹਾਇਤਾ ਕੀਤੀ ਹੈ। ਦੋਵਾਂ ਸ਼ਖਸੀਅਤਾਂ ਨੇ ਨੌਜਵਾਨ ਪੀੜ੍ਹੀ ਲਈ ਮਾਂ-ਬੋਲੀ ਦੀ ਅਹਿਮੀਅਤ ‘ਤੇ ਜ਼ੋਰ ਦਿੱਤਾ।
Share this content:

Post Comment