Loading Now

ਪੰਜਾਬੀ ਯੂਨੀਵਰਸਿਟੀ ਵਿਖੇ ਲੋਕ-ਗੀਤਾਂ ਦੇ ਸੰਗ੍ਰਹਿ ਅਤੇ ਸਭਿਆਚਾਰਕ ਅਧਿਐਨ ਦੀ ਮਹੱਤਤਾ ਉੱਤੇ ਪ੍ਰੋ. ਨਾਹਰ ਸਿੰਘ ਦਾ ਵਿਸ਼ੇਸ਼ ਭਾਸ਼ਣ   

ਪੰਜਾਬੀ ਯੂਨੀਵਰਸਿਟੀ ਵਿਖੇ ਲੋਕ-ਗੀਤਾਂ ਦੇ ਸੰਗ੍ਰਹਿ ਅਤੇ ਸਭਿਆਚਾਰਕ ਅਧਿਐਨ ਦੀ ਮਹੱਤਤਾ ਉੱਤੇ ਪ੍ਰੋ. ਨਾਹਰ ਸਿੰਘ ਦਾ ਵਿਸ਼ੇਸ਼ ਭਾਸ਼ਣ   

IMG-20260814-WA0016-2 ਪੰਜਾਬੀ ਯੂਨੀਵਰਸਿਟੀ ਵਿਖੇ ਲੋਕ-ਗੀਤਾਂ ਦੇ ਸੰਗ੍ਰਹਿ ਅਤੇ ਸਭਿਆਚਾਰਕ ਅਧਿਐਨ ਦੀ ਮਹੱਤਤਾ ਉੱਤੇ ਪ੍ਰੋ. ਨਾਹਰ ਸਿੰਘ ਦਾ ਵਿਸ਼ੇਸ਼ ਭਾਸ਼ਣ   
ਪੰਜਾਬੀ ਵਿਭਾਗ ਵਿਖੇ ਡਾ. ਨਾਹਰ ਸਿੰਘ ਵਿਸ਼ੇਸ਼ ਭਾਸ਼ਣ ਦਿੰਦੇ ਹੋਏ। ਨਾਲ ਬੈਠੇ ਹਨ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ, ਪ੍ਰੋ. ਸੁਰਜੀਤ ਸਿੰਘ ਅਤੇ ਡਾ. ਸਰਬਜੀਤ ਕੌਰ।

ਪਟਿਆਲਾ, 20 ਅਗਸਤ – ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਦੀ ਅਗਵਾਈ ਵਿਚ ਵਿਭਾਗ ਦੀ ਸਾਹਿਤ ਸਭਾ ਵੱਲੋਂ ਸੈਮੀਨਾਰ ਹਾਲ ਵਿੱਚ ‘ਲੋਕ-ਗੀਤਾਂ ਦਾ ਸੰਗ੍ਰਹਿ, ਸੰਪਾਦਨ ਅਤੇ ਸਭਿਆਚਾਰਕ ਮਾਨਵ-ਵਿਗਿਆਨਕ ਅਧਿਐਨ’ ਵਿਸ਼ੇ ਉੱਤੇ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬੀ ਲੋਕਧਾਰਾ ਖੇਤਰ ਦੇ ਪ੍ਰਸਿੱਧ ਵਿਦਵਾਨ ਪ੍ਰੋਫੈਸਰ ਨਾਹਰ ਸਿੰਘ ਨੇ ਮੁੱਖ ਵਕਤਾ ਵਜੋਂ ਸੰਬੋਧਨ ਕਰਦਿਆਂ ਲੋਕ-ਗੀਤਾਂ ਦੇ ਵਿਗਿਆਨਕ ਸੰਗ੍ਰਹਿ, ਪ੍ਰਮਾਣਿਕ ਸੰਪਾਦਨ ਅਤੇ ਸਭਿਆਚਾਰਕ ਅਧਿਐਨ ਦੀ ਅਹਿਮੀਅਤ ਉੱਤੇ ਵਿਸਥਾਰ ਨਾਲ ਚਾਨਣਾ ਪਾਇਆ।

ਸਮਾਗਮ ਦੀ ਸ਼ੁਰੂਆਤ ਪ੍ਰੋਫੈਸਰ ਸੁਰਜੀਤ ਸਿੰਘ, ਡੀਨ ਭਾਸ਼ਾਵਾਂ ਨੇ ਸਵਾਗਤੀ ਭਾਸ਼ਣ ਨਾਲ ਕੀਤੀ। ਉਨ੍ਹਾਂ ਕਿਹਾ ਕਿ ਪ੍ਰੋਫੈਸਰ ਨਾਹਰ ਸਿੰਘ ਦਾ ਲੋਕ-ਸਾਹਿਤ ਦੇ ਖੇਤਰ ਵਿੱਚ ਯੋਗਦਾਨ ਪੰਜਾਬ ਦੀ ਲੋਕ-ਵਿਰਾਸਤ ਨੂੰ ਸੰਭਾਲਣ ਅਤੇ ਇਸ ਨੂੰ ਅਕਾਦਮਿਕ ਪੱਧਰ ‘ਤੇ ਸਥਾਪਿਤ ਕਰਨ ਵਿੱਚ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬਦਲਦੇ ਸਮਾਜਕ ਅਤੇ ਸਭਿਆਚਾਰਕ ਪ੍ਰਸੰਗ ਵਿੱਚ ਲੋਕ-ਸਾਹਿਤ ਅਤੇ ਲੋਕਧਾਰਾ ਦਾ ਵਿਗਿਆਨਕ ਢੰਗ ਨਾਲ ਸੰਗ੍ਰਹਿ ਅਤੇ ਅਧਿਐਨ ਸਮੇਂ ਦੀ ਮੁੱਖ ਲੋੜ ਹੈ। ਆਪਣੇ ਭਾਸ਼ਣ ਦੌਰਾਨ ਪ੍ਰੋਫੈਸਰ ਨਾਹਰ ਸਿੰਘ ਨੇ ਕਿਹਾ ਕਿ ਲੋਕ-ਗੀਤ ਕਿਸੇ ਵੀ ਸਮਾਜ ਦੀ ਸਾਂਝੀ ਯਾਦ, ਸੱਭਿਆਚਾਰਕ ਪਛਾਣ, ਲੋਕ-ਵਿਸ਼ਵਾਸਾਂ, ਸਮਾਜਕ ਰਿਸ਼ਤਿਆਂ ਅਤੇ ਇਤਿਹਾਸਕ ਚੇਤਨਾ ਦੇ ਜੀਵੰਤ ਦਸਤਾਵੇਜ਼ ਹਨ। ਉਨ੍ਹਾਂ ਕਿਹਾ ਕਿ ਲੋਕ-ਗੀਤਾਂ ਦਾ ਅਧਿਐਨ ਕੇਵਲ ਸਾਹਿਤਕ ਪੱਖ ਤੋਂ ਹੀ ਨਹੀਂ, ਸਗੋਂ ਸੱਭਿਆਚਾਰਕ ਮਾਨਵ-ਵਿਗਿਆਨ, ਸਮਾਜ-ਵਿਗਿਆਨ, ਇਤਿਹਾਸ ਅਤੇ ਭਾਸ਼ਾ-ਵਿਗਿਆਨ ਦੇ ਅੰਤਰ-ਵਿਸ਼ਾਗਤ ਪ੍ਰਸੰਗ ਵਿੱਚ ਵੀ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਆਪਣੇ ਲੰਬੇ ਖੋਜ-ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਲੋਕ-ਸਾਹਿਤ ਦਾ ਪ੍ਰਮਾਣਿਕ ਸੰਗ੍ਰਹਿ ਖੇਤਰੀ ਸਰਵੇਖਣ, ਮੌਖਿਕ ਸਰੋਤਾਂ ਅਤੇ ਲੋਕ-ਸਮਾਜ ਨਾਲ ਸਿੱਧੇ ਸੰਪਰਕ ਰਾਹੀਂ ਹੀ ਸੰਭਵ ਹੈ।

ਉਨ੍ਹਾਂ ਨਵੇਂ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਪ੍ਰੇਰਿਤ ਕਰਦਿਆਂ ਅਪੀਲ ਕੀਤੀ ਕਿ ਉਹ ਮੂਲ ਸਰੋਤਾਂ ਨਾਲ ਜੁੜ ਕੇ ਤੱਥਾਂ-ਅਧਾਰਿਤ, ਵਿਗਿਆਨਕ ਅਤੇ ਅੰਤਰ-ਵਿਸ਼ਾਗਤ ਦ੍ਰਿਸ਼ਟੀ ਨਾਲ ਖੋਜ ਕਾਰਜ ਕਰਨ, ਤਾਂ ਜੋ ਪੰਜਾਬ ਦੀ ਅਮੀਰ ਲੋਕ-ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲਿਆ ਜਾ ਸਕੇ। ਭਾਸ਼ਣ ਉਪਰੰਤ ਵਿਦਿਆਰਥੀਆਂ, ਖੋਜਾਰਥੀਆਂ ਅਤੇ ਅਧਿਆਪਕਾਂ ਨੇ ਲੋਕ-ਸਾਹਿਤ ਅਤੇ ਖੋਜ-ਵਿਧੀ ਨਾਲ ਸੰਬੰਧਿਤ ਕਈ ਮਹੱਤਵਪੂਰਨ ਪ੍ਰਸ਼ਨ ਪੁੱਛੇ, ਜਿਨ੍ਹਾਂ ਦੇ ਪ੍ਰੋਫੈਸਰ ਨਾਹਰ ਸਿੰਘ ਨੇ ਤੱਥਪੂਰਨ ਅਤੇ ਵਿਸ਼ਲੇਸ਼ਣਾਤਮਕ ਜਵਾਬ ਦਿੱਤੇ।  ਇਸ ਮੁੱਖ ਭਾਸ਼ਣ ਦੇ ਮੰਚ ਸੰਚਾਲਨ ਦੀ ਭੂਮਿਕਾ  ਡਾ. ਗੁਰਸੇਵਕ ਸਿੰਘ ਲੰਬੀ, ਇੰਚਾਰਜ ਸਾਹਿਤ ਸਭਾ ਨੇ ਨਿਭਾਈ। ਪੰਜਾਬੀ ਵਿਭਾਗ ਦੇ ਸਾਬਕਾ  ਪ੍ਰੋਫੈਸਰ ਰਜਿੰਦਰਪਾਲ ਸਿੰਘ ਬਰਾੜ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪ੍ਰੋਫੈਸਰ ਚਰਨਜੀਤ ਕੌਰ ਬਰਾੜ, ਦਲਜੀਤ ਅਮੀ ਸਮੇਤ ਪੰਜਾਬੀ ਵਿਭਾਗ ਦੇ ਅਧਿਆਪਕਾਂ, ਖੋਜਾਰਥੀਆਂ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ।

Share this content:

Post Comment