Loading Now

ਪੰਜਾਬੀ ਭਾਸ਼ਾ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜਨ ਦਾ ਸੱਦਾ

ਪੰਜਾਬੀ ਭਾਸ਼ਾ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜਨ ਦਾ ਸੱਦਾ

ਅੰਮ੍ਰਿਤਸਰ, 23 ਫਰਵਰੀ – ਪੰਜਾਬੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ ਅੱਜ ਪੰਜਾਬ ਦੇ ਭਵਿੱਖ ਲਈ ਸੇਵਾ-ਅਧਾਰਿਤ ਤਕਨਾਲੋਜੀ ਦੀ ਇਕ ਨਵੀਂ ਸੋਚ ਦੇ ਐਲਾਨਨਾਮੇ ਨਾਲ ਸਮਾਪਤ ਹੋਈ। ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਵਿਸ਼ਵ ਪੰਜਾਬੀ ਕਾਨਫਰੰਸ ਸਿਰਫ਼ ਵਿਚਾਰ-ਵਟਾਂਦਰੇ ਦਾ ਮੰਚ ਨਹੀਂ, ਸਗੋਂ ਵਿਸ਼ਵ ਭਰ ਦੇ ਪੰਜਾਬੀਆਂ ਨੂੰ ਇੱਕ ਮੰਚ ’ਤੇ ਲਿਆ ਕੇ ਸਾਂਝੀ ਸੋਚ ਨੂੰ ਮਜ਼ਬੂਤ ਕਰਨ ਦਾ ਉਪਰਾਲਾ ਹੈ।

ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜਨਾ ਸਮੇਂ ਦੀ ਲੋੜ ਹੈ। ਇਸ ਮੌਕੇ ‘ਏ ਆਈ ਲੰਗਰ: ਪੰਜਾਬ ਦਾ ਭਵਿੱਖ’ ਦੇ ਵਿਜ਼ਨ ਬਾਰੇ ਉਨ੍ਹਾਂ ਕਿਹਾ ਕਿ ਜਿਵੇਂ ਲੰਗਰ ਦੀ ਪਰੰਪਰਾ ਸੇਵਾ ਅਤੇ ਸਮਾਨਤਾ ਦਾ ਪ੍ਰਤੀਕ ਹੈ, ਉਸੇ ਤਰ੍ਹਾਂ ‘ਏ ਆਈ ਲੰਗਰ ਤਕਨਾਲੋਜੀ’ ਲੋਕ ਹਿੱਤ ਅਤੇ ਸਮਾਜਿਕ ਭਲਾਈ ਦਾ ਸਾਧਨ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਪੰਜਾਬ ਨੂੰ ਸਵੈ-ਨਿਰਭਰ ਅਤੇ ਪ੍ਰਗਤੀਸ਼ੀਲ ਬਣਾਉਣ ਦੀ ਦਿਸ਼ਾ ’ਚ ਅਹਿਮ ਭੂਮਿਕਾ ਨਿਭਾਏਗਾ। ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ ਦੇ ਸਮਾਪਤੀ ਸਮਾਗਮ ਦੌਰਾਨ ਉਨ੍ਹਾਂ ਪੰਜਾਬੀ ਭਾਸ਼ਾ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਜੋੜਨ ਦਾ ਇੱਕ ਤਿੰਨ ਨੁਕਾਤੀ ਨਵਾਂ ਵਿਜ਼ਨ ਪੇਸ਼ ਕੀਤਾ ਹੈ, ਜਿਸ ਵਿੱਚ ਏ ਆਈ ਦੇ ਲੰਗਰ ਦਾ ਨਵਾਂ ਸੰਕਲਪ ਅਤੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਦੇਸ਼-ਵਿਦੇਸ਼ ਤੋਂ ਆਏ ਵਿਦਵਾਨਾਂ ਅਤੇ ਲੇਖਕਾਂ ਨੇ ਆਪਣੇ-ਆਪਣੇ ਖੇਤਰਾਂ ’ਚ ਪੰਜਾਬੀਅਤ ਦਾ ਸਿਰ ਉੱਚਾ ਚੁੱਕਣ ਵਾਲੀਆਂ ਪ੍ਰਮੁੱਖ ਹਸਤੀਆਂ ਨੇ ਸ਼ਿਰਕਤ ਕੀਤੀ। ਡਾ. ਵਿਕਰਮਜੀਤ ਸਿੰਘ ਸਾਹਨੀ ਅਤੇ ਕੰਵਰਪਾਲ ਸਿੰਘ ਸੂਰੀ ਨੇ ਯੂਨੀਵਰਸਿਟੀ ’ਚ ਏ ਆਈ ਸੈਂਟਰ ਸਥਾਪਤ ਕਰਨ ਲਈ 1-1 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।

Share this content:

Post Comment