Loading Now

ਪੰਜਾਬੀ ਨਾਵਲਕਾਰ  ਸ. ਜਰਨੈਲ ਸਿੰਘ ਸੇਖਾ ਜੀ ਦੇ ਜਨਮ ਦਿਨ ‘ਤੇ ਵਿਸ਼ੇਸ਼

ਪੰਜਾਬੀ ਨਾਵਲਕਾਰ  ਸ. ਜਰਨੈਲ ਸਿੰਘ ਸੇਖਾ ਜੀ ਦੇ ਜਨਮ ਦਿਨ ‘ਤੇ ਵਿਸ਼ੇਸ਼

IMG-20260802-WA0003-150x150 ਪੰਜਾਬੀ ਨਾਵਲਕਾਰ   ਸ. ਜਰਨੈਲ ਸਿੰਘ ਸੇਖਾ ਜੀ ਦੇ ਜਨਮ ਦਿਨ 'ਤੇ ਵਿਸ਼ੇਸ਼
ਜਰਨੈਲ ਸਿੰਘ ਸੇਖਾ ਜੀ

ਪੱਕਿਆ ਸੰਧੂਰੀ ਅੰਬ

ਚਾਰ ਚੁਫ਼ੇਰ ਬਰੇਤਾ ਸੀ,

ਰਾਤਾਂ ਨੂੰ ਚਮਕਦੇ ਅਬਰਕੀ ਕਣ,

ਜਿੱਥੇ ਉਹ ਜਨਮਿਆ ।

 

ਪੰਜਵਾਂ ਚਿਰਾਗ ਸੀ

ਘਰ ਦੇ ਸੁਪਨਿਆਂ ਦੀ ਮਮਟੀ ਤੇ ।

ਮੱਖਣ ਦਾ ਪਿੰਨਾ ਜਿਹਾ ਨਿਰਾ ਸੰਧੂਰੀ ਅੰਬ ।

ਗਵਾਂਢਣਾਂ ਕਹਿੰਦੀਆਂ ਨੀ ਭੈਣੇ ਜ਼ੁਲਮ ਨਾ ਕਰ ।

ਇਹਦਾ ਨਾਮ ਜਰਨੈਲ ਨਾ ਰੱਖ ।

ਰਣਭੂਮੀ ਲੱਭਦਾ ਫਿਰੇਗਾ ਨਾਮ ਦੀ ਰਖਵਾਲੀ ਲਈ ।

ਮਾਂ ਕਿਹਾ, ਵੱਡਾ ਮੱਲ ਹੈ,

ਜਰਨੈਲ ਤੋਂ ਘੱਟ ਕੀ ਰੱਖਾਂ?

 

ਪਿੰਡ ਦੇ ਗਿਆਨ ਮੰਦਰ ’ਚ ਪੰਜ ਪੌੜੀਆਂ ਛਾਲਾਂ ਮਾਰ ਚੜ੍ਹਿਆ ।

ਚਾਚੇ ਕਵੀਸ਼ਰ ਦੇ ਬੋਲਾਂ ਜਿਹਾ ਸੁਹਜਵੰਤਾ ਸੁਰੀਲਾ ਕੰਠ ।

ਗੁਰੂਘਰ ’ਚ ਸੰਗਤਾਂ ਬਾਲਾ ਜਰਨੈਲ ਉਡੀਕਦੀਆਂ ।

ਸਾਹਿਬਜ਼ਾਦਿਆਂ ਦਾ ਪਰਸੰਗ ਕਦੇ ਸਰਹਿੰਦ ਦੀਆਂ ਨੀਹਾਂ ।

ਕਦੇ ਚਮਕੌਰ ਦੀ ਗੜ੍ਹੀ ’ਚ

ਵੰਗਾਰਦਾ ਲਲਕਾਰਦਾ ਜਰਨੈਲ ।

ਗਿਆਨ ਦੀ ਛੇਵੀਂ, ਸਤਵੀਂ, ਅਠਵੀਂ, ਨੌਵੀਂ ਤੇ ਦਸਵੀਂ ਪੌੜੀ ਚੜ੍ਹਨ ਲਈ,

ਉਹ ਵਾਹੋਦਾਹੀ ਭੱਜਦਾ ।

ਸੱਤ ਮੀਲ ਦੂਰ ਸੀ ਪਿਆਸੇ ਲਈ ਰੋਡਿਆਂ ਵਾਲਾ ਖੂਹ ।

ਖ਼ਾਲਸਾ ਸਕੂਲ ਨਹੀਂ ਸੀ ਇਹ,

ਰੌਸ਼ਨ ਮਸ਼ਾਲ ਸੀ ।

ਹੁਣ ਤੀਕ ਨਿਰੰਤਰ ਜਗਦੀ ਮਘਦੀ ।

ਸੇਖਿਆਂ ਵਾਲੇ ਜਰਨੈਲ ਦੀ ਕਵਿਤਾ ਬਣ ਜਾਂਦੀ ਹੈ

ਕਦੇ ਨਾਵਲ, ਕਦੇ ਕਹਾਣੀ ।

ਪੰਜ ਹਜ਼ਾਰ ਸਿਰਾਂ ਵਾਲੇ ਪਿੰਡ ’ਚ

ਉਹ ਚੌਥਾ ਗਿਆਨ ਗੀਤ ਬਣਿਆ ।

ਗਿਆਨ ਦੇ ਦਸਵੇਂ ਡੰਡੇ ਤੇ ਖਲੋ ਕੇ

ਉਸ ਗਿਆਨ ਭੂਮੀ ਨੂੰ ਨਮਸਕਾਰਿਆ

ਮੱਥੇ ਦੇ ਤੀਜੇ ਨੇਤਰ ਨੇ ਕਿਹਾ

ਤੇਰੀ ਧਰਤੀ ਗਿਆਨ ਪੱਖੋਂ ਔੜਾਂ ਮਾਰੀ ਹੈ ।

ਵਰ੍ਹ ਜਾ ਟਿਬਿਆਂ ਤੇ, ਮੂੰਗਫ਼ਲੀ ਨੂੰ ਬਦਾਮ ਬਣਾ ਦੇ ।

 

ਮੋਗਾ ਦੇ ਮਿਸ਼ਨ ਸਕੂਲ ਨੇ ਉਸ ਨੂੰ ਸਿਖਾਇਆ ਮਿੱਟੀ ਗੁੰਨ੍ਹਣਾ

ਚਿਰਾਗ ਘੜਨਾ, ਤੇਲ ਬੱਤੀ ਪਾ ਕੇ ਜਗਾਉਣਾ ।

ਉਹਦੇ ਹੱਥਾਂ ਦੇ ਘੜੇ ਊੜੇ ਐੜੇ

ਹਰ ਮੈਦਾਨ ਫ਼ਤਹਿ ਸੁਰਗੀ ਜੀਊੜੇ ਨੇ ।

 

ਲਿਖਾਰੀਆਂ ਦੀ ਸੰਗਤ ਨੇ ਉਸਨੂੰ

ਕੰਵਲ ਫੁੱਲ ਦਾ ਸਿਰਨਾਵਾਂ ਦੱਸਿਆ ।

ਉਸ ਜਾਣਿਆ, ਰਾਤ ਬਾਕੀ ਹੈ ।

ਪੂਰਨਮਾਸ਼ੀ ਤੀਕ ਜਗਣਾ ਪਵੇਗਾ ।

 

ਉਸਤਾਦਾਂ ਦੀ ਜਮਾਤ ’ਚ ਉਹ

ਜ਼ਿੰਦਾਬਾਦ ਦਾ ਸੰਗੀ ਬਣ ਕੇ

ਮੁਰਦਾਬਾਦੀ ਕਿਲ੍ਹੇ ਢਾਹੁੰਦਾ ਢਾਹੁੰਦਾ

ਉਹ ਫਰਹਾਦ ਵਾਂਗ ਕਰਮਸ਼ੀਲ ਰਿਹਾ ।

ਅਠਵੰਜਵਾਂ ਡੰਡਾ ਪਾਰ ਕਰ ਗਿਆ,

ਉਮਰ ਦਾ ਪਹੀਆ ।

ਆਪਣੇ ਪਿੰਡ ਦੀ ਮਿੱਟੀ ਜਗਾਉਣ ਲਈ

ਉਹ ਪੰਚ ਬਣ ਗਿਆ ।

ਪਿੰਡ ਨੇ ਸਿਰ ਮੱਥੇ ਚੁੱਕਿਆ ।

ਤਪਦੇ ਦਿਨਾਂ ਦਾ ਮੌਸਮ ਸੀ ।

 

ਸੇਕ ਨਿੱਕੇ ਪੁੱਤਰ ਦੇ ਪੈਰ ਲੂਹਣ ਲੱਗਾ,

ਤਾਂ ਉਸ ਜਨਮ ਭੂਮੀ ਨੂੰ ਮੱਥਾ ਟੇਕਿਆ

ਪਰਦੇਸ ਉਸ ਨੂੰ ਉਡੀਕਦਾ ਸੀ ।

ਮੁੜ੍ਹਕੇ ਦੇ ਮੋਤੀ ਡਾਲਰਾਂ ’ਚ ਬਦਲਦੇ ।

ਘਰ ’ਚ ਪਹਿਲੀ ਕਿਲਕਾਰੀ ਗੂੰਜੀ

ਤਾਂ ਅੰਬੜੀ ਬਾਬਲ ਜਹਾਜ਼ ਚੜ੍ਹੇ ।

ਲੋਰੀਆਂ ਨੇ ਪੱਕੀਆਂ ਕੀਤੀਆਂ

ਵਿਸ਼ਵਾਸ ਦੀਆਂ ਜੀਵਨ ਡੋਰੀਆਂ ।

 

ਓਪਰੀ ਧਰਤੀ ਤੇ ਬਿਰਖ਼ ਬੂਟੇ

ਬਹੁਤ ਸੋਹਣੇ ਸਨ ਪਰ ਸਿੰਬਲ ਜਹੇ

ਮੈਪਲ ਦੇ ਪੱਤ ਕੰਮ ਨਾ ਆਉਂਦੇ ।

ਗੱਤੇ ਤੇ ਪੱਤੇ ਦੀ ਧਰਤੀ ਤੇ,

ਪਹਿਲਾਂ ਹਰਿਆਲਾ ਗੱਤਾ ਬਣਦੈ,

ਫਿਰ ਪੱਤਿਆਂ ਦੀ ਕਿਆਰੀ ਮੌਲਦੀ ।

 

ਸੋਚਿਆ! ਵਤਨੀ ਗਿਆਨ ਕੰਮ ਆਵੇਗਾ ।

ਪਰ ਗਿਆਨ ਸੋਮੇ ਦੇ ਵਲੀ ਕੰਧਾਰੀਆਂ ਕਿਹਾ,

ਅਜੇ ਨਿਸ਼ਕਾਮ ਸੇਵਾ ਕਰੋ,

ਪੱਤਿਆਂ ਲਈ, ਜਦੋਂ ਜ਼ਰੂਰਤ ਪਈ ਬੁਲਾਵਾਂਗੇ ।

ਉਸ ਕਿਹਾ ਕਿ ਰੋਟੀ ਤਾਂ ਆਟੇ ਦੀ ਪੱਕਦੀ ਹੈ ।

ਸ਼ੌਕ ਦੇ ਘੋੜੇ ਭਜਾਉਣਾ ਰੱਜੇ ਘਰਾਂ ਦੀ ਖੇਡ ਹੈ ।

ਉਸ ਟਿਫ਼ਨ ਬੰਨ੍ਹਿਆ ਤੇ ਬੇਰੀਆਂ ਤੋੜਨ ਜਾ ਲੱਗਾ ।

 

ਖੇਤਾਂ ਬੂਟਿਆਂ ਤੇ ਬੰਦਿਆਂ ਨੇ ਕਿਹਾ,

ਜਰਨੈਲ ਸਿੰਹਾ, ਜੇ ਸੱਚੀਂ ਜਰਨੈਲ ਹੈਂ,

ਤਾਂ ਕਲਮ ਨੂੰ ਸ਼ਸਤਰ ਵਾਂਗ ਚੁੱਕ ।

ਤਹਿ ਤੇਗ ਕਰ ਸਾਡੀਆਂ ਦੁਸ਼ਵਾਰੀਆਂ ।

ਕਲਮ ਅੱਗੇ ਹੀ ਨੇ ਬਦੀਆਂ ਹਾਰੀਆਂ ।

ਮੁੜ ਫੁੱਟਿਆ ਛਾਂਗਿਆ ਬਿਰਖ਼ ।

ਸ਼ਬਦਾਂ ਦੀ ਰਬਾਬ ਸੁਰ ਕੀਤੀ ।

ਪਹਿਲਾ ਨਾਵਲ ਲਿਖਿਆ ਦੁਨੀਆ ਕੈਸੀ ਹੋਈ

ਰੂਹ ਨਾਲ ਇਕੱਲੀ ਇਕੱਲੀ ਤਰਬ ਪਰੋਈ ।

ਕੈਨੇਡਾ ਤੋਂ ਤੁਰ ਕੇ ਮਹਿਮਾ ਗਲੋਬਲ ਬਣੀ ।

ਯੂਨੀਵਰਸਿਟੀਆਂ ਇਸ ਨੂੰ ਸਿਲੇਬਸ ਦਾ ਹਿੱਸਾ ਬਣਾਇਆ

ਪੜ੍ਹਿਆ ਤੇ ਪੜ੍ਹਾਇਆ ।

ਸੱਚਮੁੱਚ ਅਦਬੀ ਜਰਨੈਲ ਬਣਾਇਆ ।

ਵਿਗੋਚਾ, ਬੇਗਾਨੇ ਤੇ ਭਗੌੜੇ

ਨਾਵਲਾਂ ਦਾ ਸਿਰਜਣਹਾਰਾ ।

ਦੁੱਲੇ ਦੀ ਬਾਰ ਤੀਕ ਦਾ ਸੁਚੇਤ ਪਾਂਧੀ ।

 

ਕਈ ਸਾਲ ਪਹਿਲਾਂ

ਕੈਨੇਡੀਅਨ ਧਰਤੀ ਤੇ ਦੰਦ-ਪੀੜ

ਮੇਰੇ ਨਾਲ ਨਾਲ ਹੀ ਓਥੇ ਅੱਪੜ ਗਈ ।

ਲੇਰਾਂ ਕਢਾ ਦਿੱਤੀਆਂ ।

ਭਾਅ ਸੇਖਾ ਤੇ ਮੋਹਨ ਗਿੱਲ ਘਬਰਾ ਗਏ ।

ਮੇਰੇ ਲਈ ਸ਼ਰਾਬ ਦਾ ਤੂੰਬਾ

ਗੜੁੱਚ ਕਰਕੇ ਕਹਿਣ ਲੱਗੇ,

ਅੰਦਰ ਧਰ ਲੈ, ਰਾਹਤ ਮਿਲੇਗੀ ।

ਮੈਂ ਇਨਕਾਰੀ ਸਾਂ ।

ਕਿਹਾ, ਜੇ ਮੈਂ ਡੋਲ ਗਿਆ,

ਮੇਰੇ ਸੁਰਗਵਾਸੀ ਬਾਪੂ ਜੀ ਕੀ ਕਹਿਣਗੇ?

ਪੀੜ ਪਿੱਛੇ ਡੋਲ ਗਿਆ ਪੁੱਤਰਾ?

 

ਜਰਨੈਲ ਸਿੰਘ ਸੇਖਾ ਨੇ ਰੂਪ ਬਦਲਿਆ ।

ਮੇਰੇ ਲਈ ਬਾਬਲ ਬਣੇ ।

ਮੱਥੇ ਹੱਥ ਰੱਖਿਆ ਪੀੜ ਕਾਫ਼ੂਰ ਹੋ ਗਈ ।

ਬੋਲੇ, ਦੰਦਾਂ ’ਚ ਇਹ ਲੌਂਗ ਧਰ ਲੈ,

ਪੀੜ ਹਾਰ ਜਾਵੇਗੀ ।

ਸੱਚਮੁੱਚ ਪੀੜ ਹਰਨ ਹੋ ਗਈ ।

 

ਮੁਹੱਬਤ ਕਿਵੇਂ ਅਕਸੀਰ ਬਣਦੀ ਹੈ

ਪਹਿਲੀ ਵਾਰ

ਨੰਗੀ ਅੱਖ ਨਾਲ ਵੇਖਿਆ ।

Share this content:

Post Comment