ਪੰਜਾਬ ਸਰਕਾਰ ਵਲੋਂ ਆਰਥਿਕ ਸੁਧਾਰਾਂ ਅਤੇ ਵਪਾਰ ਨੀਤੀ ਤਹਿਤ ਸਥਾਪਿਤ ਕੀਤੇ ਗਏ ਪੰਜਾਬ ਰਾਜ ਵਪਾਰ ਕਮਿਸ਼ਨ ਦੇ ਸੱਦੇ ਤੇ ਫੋਕਲ ਪੁਆਇੰਟ ਮੋਗਾ ਦੇ ਉਦਮੀਆਂ ਅਤੇ ਜ਼ਿਲ੍ਹਾ ਮੋਗਾ ਜੀਐਸਟੀ ਅਧਿਕਾਰੀਆਂ ਦੀ ਇੱਕ ਮੀਟਿੰਗ
ਮੋਗਾ, 25 ਫਰਵਰੀ (ਗਿਆਨ ਸਿੰਘ/ ਏ.ਡੀ.ਪੀ ਨਿਊਜ਼) – ਪੰਜਾਬ ਸਰਕਾਰ ਵਲੋਂ ਆਰਥਿਕ ਸੁਧਾਰਾਂ ਅਤੇ ਵਪਾਰ ਨੀਤੀ ਤਹਿਤ ਸਥਾਪਿਤ ਕੀਤੇ ਗਏ ਪੰਜਾਬ ਰਾਜ ਵਪਾਰ ਕਮਿਸ਼ਨ ਦੇ ਸੱਦੇ ਤੇ ਫੋਕਲ ਪੁਆਇੰਟ ਮੋਗਾ ਦੇ ਉਦਮੀਆਂ ਅਤੇ ਜ਼ਿਲ੍ਹਾ ਮੋਗਾ ਦੇ ਜੀਐਸਟੀ ਅਧਿਕਾਰੀਆਂ ਦੀ ਮੀਟਿੰਗ ਨੀਲਮ ਨੋਵਾ ਬੈਂਕੁਇਟ ਹਾਲ ਵਿਖੇ ਹੋਈ ਜਿਸ ਵਿੱਚ ਵਪਾਰੀ ਵਰਗ ਦੇ ਸਾਂਝੇ ਮੁੱਦਿਆਂ ਨੂੰ ਹੱਲ ਕਰਨ ਅਤੇ ਕਾਰੋਬਾਰ ਕਰਨ ਵਿੱਚ ਆਸਾਨੀ ਨੂੰ ਕਿਵੇਂ ਬਿਹਤਰ ਬਣਾਇਆ ਜਾ ਸਕੇ ਬਾਰੇ ਵਿਚਾਰ- ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਦੌਰਾਨ ਏਈਟੀਸੀ ਮੋਗਾ ਸ਼੍ਰੀਮਤੀ ਪੂਨਮ ਗਰਗ ਅਤੇ ਉਨ੍ਹਾਂ ਦੀ ਟੀਮ ਨੇ ਵਪਾਰੀਆਂ ਦੇ ਵੱਖ-ਵੱਖ ਮੁੱਦਿਆਂ ਦੀ ਸੁਣਵਾਈ ਕੀਤੀ ਅਤੇ ਓਹਨਾ ਦੇ ਹੱਲ ਦਾ ਭਰੋਸਾ ਦਵਾਇਆ। ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਸੁਭਾਸ਼ ਗਰੋਵਰ ਨੇ ਫੋਕਲ ਪੁਆਇੰਟ ਦੇ ਸਾਂਝੇ ਬੁਨਿਆਦੀ ਢਾਂਚੇ ਨਾਲ ਸਬੰਧਤ ਕਈ ਹੋਰ ਮੰਗਾਂ ਦੇ ਨਾਲ-ਨਾਲ ਰਾਸ਼ਟਰੀ ਰਾਜਮਾਰਗ ਤੋਂ ਫੋਕਲ ਪੁਆਇੰਟ ਤੱਕ ਵਧੀਆ ਪ੍ਰਵੇਸ਼ ਦੀ ਮੰਗ ਉਠਾਈ।

ਸਮੂੰਹ ਉਦਯੋਗਪਤੀਆਂ ਨੂੰ ਸੰਬੋਧਨ ਕਰਦੇ ਹੋਏ, ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ, ਸ਼੍ਰੀ ਸੁਖਮੰਦਰ ਸਿੰਘ ਰੇਖੀ ਨੇ ਉੱਦਮੀਆਂ ਨੂੰ ਹੋਰ ਨਿਵੇਸ਼ ਕਰਨ ਅਤੇ ਰਾਜ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਨਿਵੇਸ਼ ਪ੍ਰੋਤਸਾਹਨ ਸਕੀਮਾਂ ਦੇ ਮੌਕੇ ਦਾ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ। ਪੰਜਾਬ ਰਾਜ ਵਪਾਰ ਕਮਿਸ਼ਨ ਮੋਗਾ ਦੇ ਚੇਅਰਮੈਨ ਸ਼੍ਰੀ ਸੰਜੀਵ ਨਰੂਲਾ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਭਰੋਸਾ ਦਿੱਤਾ ਕੀ ਉਦਯੋਗਪਤੀਆਂ ਦੀ ਐਸੋਸੀਏਸ਼ਨ ਦੁਆਰਾ ਉਜਾਗਰ ਕੀਤੇ ਗਏ ਸਾਰੇ ਮੁੱਦਿਆਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ ਅਤੇ ਵਪਾਰ ਲਈ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਸਰਕਾਰ ਦੀ ਪ੍ਰਾਥਮਿਕਤਾ ਰਹੇਗੀ | ਇਸ ਮੌਕੇ ਤੇ ਜ਼ਿਲਾ ਮੋਗਾ ਜੀ ਐੱਸ ਟੀ ਸੁਝਾਵ ਕਮੇਟੀ ਦੇ ਮੇਂਬਰ ਸ੍ਰੀ ਰਾਕੇਸ਼ ਮਿੱਢਾ ਵੀ ਵਿਸ਼ੇਸ਼ ਤੋਰ ਤੇ ਮੌਜੂਦ ਸਨ ਅਤੇ ਓਹਨਾ ਨੇਂ ਆਪਣੇ ਭਾਸ਼ਣ ਦੌਰਾਨ ਸਮੂੰਹ ਵਪਾਰੀ ਵਰਗ ਨੂੰ ਭਰੋਸਾ ਦਵਾਯਾ ਕੀ ਉਹ ਜਲਦ ਹੀ ਓਹਨਾ ਦੇ ਸੁਝਾਵ ਜੀ ਐਸ ਟੀ ਸੁਝਾਵ ਕਮੇਟੀ ਦੀਆਂ ਮੀਟਿੰਗਾਂ ਵਿੱਚ ਰੱਖਣਗੇ ਤਾਂ ਜੋ ਸਰਕਾਰ ਵਲੋਂ ਇਹ ਸੁਝਾਵ ਅਮਲ ਵਿੱਚ ਲਿਆਂਦੇ ਜਾ ਸਕਣ |

ਇਸ ਸਮਾਗਮ ਦੌਰਾਨ ਫੋਕਲ ਪੁਆਇੰਟ ਤੋਂ ਸਾਰੇ ਪ੍ਰਮੁੱਖ ਉਦਯੋਗਪਤੀ ਮੌਜੂਦ ਸਨ। ਉੱਦਮੀਆਂ ਵੱਲੋਂ ਅਫਸਰ ਸਹਿਬਾਨ ਨੂੰ ਕਈ ਸਵਾਲ ਉਠਾਏ ਗਏ ਜਿਨ੍ਹਾਂ ਦਾ ਜਵਾਬ ਸ਼੍ਰੀ ਚਮਨ ਸਿੰਗਲਾ ਈਟੀਓ ਦੁਆਰਾ ਬਾਖੂਬੀ ਦਿੱਤਾ ਗਿਆ ਅਤੇ ਜਨਤਾ ਦੇ ਸੁਝਾਵਾਂ ਨੂੰ ਜੀਐਸਟੀ ਕੌਂਸਲ ਨੂੰ ਪੇਸ਼ ਕਰਨ ਲਈ ਨੋਟ ਕੀਤਾ ਗਿਆ। ਮੀਟਿੰਗ ਦੇ ਅੰਤ ਵਿੱਚ ਪ੍ਰਧਾਨ ਸੁਭਾਸ਼ ਗਰੋਵਰ ਵਲੋਂ ਆਏ ਹੋਏ ਉਦਯੋਗਪਤੀਆਂ ਦਾ ਅਤੇ ਸਮੂਹ ਅਫਸਰ ਸਹਿਬਾਨ ਦਾ ਧੰਨਵਾਦ ਕੀਤਾ ਗਿਆ ਅਤੇ ਰਾਜ ਸਰਕਾਰ ਦੇ ਇਸ ਉਪਰਾਲੇ ਦੀ ਖੂਬ ਸ਼ਲਾਗਾ ਕੀਤੀ ਗਈ |
Share this content:


Post Comment