ਪੰਜਾਬ ਸਰਕਾਰ ਖ਼ਿਲਾਫ਼ ਅਧਿਆਪਕਾਂ ’ਚ ਰੋਸ : ਡੀਟੀਐੱਫ
ਸ੍ਰੀ ਮੁਕਤਸਰ ਸਾਹਿਬ, 29 ਅਗਸਤ – ਤਾਲਮੇਲ ਕਮੇਟੀ ਦੇ ਸੱਦੇ ਨੂੰ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਨੇ ਜ਼ਿਲ੍ਹੇ ਭਰ ਦੇ ਸਕੂਲ ਅਧਿਆਪਕਾਂ ਨੇ ਵੱਖ-ਵੱਖ ਵਿੱਦਿਅਕ ਅਦਾਰਿਆਂ ਦੇ ਗੇਟਾਂ ਅੱਗੇ ਜ਼ੋਰਦਾਰ ਪ੍ਰਦਰਸ਼ਨ ਕੀਤੇ। ਉਨ੍ਹਾਂ ਨੇ ਮੁੱਖ ਮੰਤਰੀ ਦੇ ਹਾਲ ਹੀ ਦੇ ਤਾਨਾਸ਼ਾਹੀ ਟਵੀਟ ਅਤੇ ਗੈਰ-ਹਾਜ਼ਰ ਮੁਲਾਜ਼ਮਾਂ ਬਾਰੇ ਜਾਰੀ ਕੀਤੇ ਗਏ ਧਮਕੀ ਭਰੇ ਪੱਤਰਾਂ ਦੀਆਂ ਕਾਪੀਆਂ ਸਾੜੀਆਂ ਅਤੇ ਸਕੂਲਾਂ ਦੇ ਗੇਟਾਂ ਦੇ ਬਾਹਰ ਨਾਅਰੇਬਾਜ਼ੀ ਕੀਤੀ। ਡੀਟੀਐੱਫ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਪਵਨ ਕੁਮਾਰ ਅਤੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੁੰਡੇ ਹਲਾਲ, ਚੱਕ ਸ਼ੇਰੇਵਾਲਾ, ਭੰਗਚੜ੍ਹੀ, ਕੋਟਲੀ ਸੰਘਰ, ਚੱਕ ਦੂਹੇਵਾਲਾ, ਰਹੂੜਿਆਂ ਵਾਲੀ, ਚਿੱਬੜਾਂਵਾਲੀ, ਬਬਾਣੀਆਂ, ਬਾਦੀਆਂ, ਗੁਰੂਸਰ, ਝਬੇਲਵਾਲੀ, ਗਿੱਦੜਬਾਹਾ, ਚੰਨੂੰ, ਸਾਹਿਬ ਚੰਦ, ਸ੍ਰੀ ਮੁਕਤਸਰ ਸਾਹਿਬ, ਸ਼ੇਖ ਫਰੀਦ ਨਗਰ ਆਦਿ ਸਮੇਤ ਦਰਜਨਾਂ ਸਕੂਲਾਂ ਦੇ ਗੇਟਾਂ ਦੇ ਬਾਹਰ ਅਧਿਆਪਕਾਂ ਨੇ ਰੋਸ ਪ੍ਰਦਰਸ਼ਨ ਕੀਤੇ ਹਨ।
ਮੁਜ਼ਾਹਰਾਕਾਰੀ ਆਗੂਆਂ ਪਰਮਾਤਮਾ ਸਿੰਘ, ਰਵੀ ਕੁਮਾਰ, ਰਵਿੰਦਰ ਸਿੰਘ, ਕੁਲਵੰਤ ਸਿੰਘ, ਜਸਵੰਤ ਸਿੰਘ, ਕੰਵਲਜੀਤ ਪਾਲ, ਮਨਪ੍ਰੀਤ ਸਿੰਘ, ਮਨਜੀਤ ਕੌਰ, ਅੰਮ੍ਰਿਤਪਾਲ ਕੌਰ ਨੇ ਕਿਹਾ ਕਿ ਮੁਲਾਜ਼ਮ ਕਿਸੇ ਵੀ ਅਨੁਸ਼ਾਸਨੀ ਕਾਰਵਾਈ ਜਾਂ ਧਮਕੀ ਭਰੇ ਸਰਕੂਲਰਾਂ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਨੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਹੱਲ ਕਰਨ ਦੀ ਬਜਾਏ ਚੇਤਾਵਨੀਆਂ ਰਾਹੀਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਦਬਾਉਣ ਦੀ ਸਰਕਾਰ ਦੀ ਪਹੁੰਚ ਦੀ ਸਖ਼ਤ ਨਿੰਦਾ ਕੀਤੀ। ਡੀਟੀਐੱਫ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦਾ ਤੁਰੰਤ ਅਤੇ ਸਾਰਥਕ ਹੱਲ ਨਾ ਕੀਤਾ ਗਿਆ ਤਾਂ ਇਸ ਸੰਘਰਸ਼ ਨੂੰ ਸੂਬੇ ਦੇ ਹਰ ਬਲਾਕ ਅਤੇ ਜ਼ਿਲ੍ਹੇ ਵਿੱਚ ਹੋਰ ਤੇਜ਼ ਕੀਤਾ ਜਾਵੇਗਾ। ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ 30 ਅਗਸਤ ਨੂੰ ਲੁਧਿਆਣਾ ਵਿਖੇ ਹੋਣ ਵਾਲੀ ਤਾਲਮੇਲ ਕਮੇਟੀ ਦੀ ਮੀਟਿੰਗ ’ਚ ਹੋਣ ਵਾਲੇ ਫੈਸਲਿਆਂ ਨੂੰ ਜ਼ਿਲ੍ਹੇ ਭਰ ’ਚ ਵਧ ਚੜ੍ਹ ਕੇ ਲਾਗੂ ਕੀਤਾ ਜਾਵੇਗਾ।
Share this content:



Post Comment