ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਵੱਲੋਂ ਕੋਟਕਪੂਰਾ ਦਾ ਦੌਰਾ
*ਜਨਤਕ ਸੁਣਵਾਈ ਦੌਰਾਨ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ
*ਕਮਿਸ਼ਨ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਵਚਨਬੱਧ -ਜਤਿੰਦਰ ਸਿੰਘ ਸ਼ੰਟੀ
ਫ਼ਰੀਦਕੋਟ, 26 ਅਕਤੂਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪਦਮ ਸ਼੍ਰੀ ਜਤਿੰਦਰ ਸਿੰਘ ਸ਼ੰਟੀ ਨੇ ਅੱਜ ਬਾਬਾ ਫਰੀਦ ਨਰਸਿੰਗ ਕਾਲਜ, ਕੋਟਕਪੂਰਾ ਵਿਖੇ ਇੱਕ ਜਨਤਕ ਸੁਣਵਾਈ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।

ਉਨ੍ਹਾਂ ਕਿਹਾ ਕਿ ਕਮਿਸ਼ਨ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਵਚਨਬੱਧ ਹੈ ਅਤੇ ਇਸੇ ਲੜੀ ਤਹਿਤ ਰਾਜ ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚ 15 ਮੈਂਬਰੀ ਕੋਰ ਗਰੁੱਪਾਂ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਹਸਪਤਾਲ ਮਰੀਜ਼ ਦੀ ਮੌਤ ਉਪਰੰਤ ਬਿੱਲ ਨਾ ਭਰਨ ਦੇ ਮਾਮਲੇ ਵਿੱਚ ਲਾਸ਼ ਨਹੀਂ ਰੱਖ ਸਕਦੇ ਅਤੇ ਅਜਿਹਾ ਕਰਨ ‘ਤੇ ਪੁਲਿਸ ਕੇਸ ਦਰਜ ਹੋ ਸਕਦਾ ਹੈ। ਨਾਲ ਹੀ ਸਫਾਈ ਕਰਮਚਾਰੀਆਂ ਦੀ ਭਲਾਈ ਲਈ ਦਸਤਾਨੇ, ਮਾਸਕ ਅਤੇ ਬੀਮਾ ਮੁਹੱਈਆ ਕਰਵਾਉਣਾ ਲਾਜ਼ਮੀ ਕੀਤਾ ਗਿਆ ਹੈ।

ਸ਼ਿਕਾਇਤਕਰਤਾ ਆਪਣੇ ਮਸਲੇ ਵਟਸਐੱਪ ਨੰਬਰ 9855475547 ਜਾਂ ਵੈੱਬਸਾਈਟ ਰਾਹੀਂ ਭੇਜ ਸਕਦੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਕੇਸ਼ਵ ਗੋਇਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਦੀਪ ਮਲਹੋਤਰਾ, ਐਸ.ਡੀ.ਐਮ ਕੋਟਕਪੂਰਾ ਰਜਿੰਦਰ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਐਨ.ਜੀ.ਓਜ਼ ਦੇ ਨੁਮਾਇੰਦੇ ਹਾਜ਼ਰ ਸਨ।
Share this content:



Post Comment