ਪੰਜਾਬ ਦੀਆਂ ਮੰਡੀਆਂ ‘ਚ ਕਣਕ ਦੀ ਚੁਕਾਈ ਨੇ ਫੜੀ ਤੇਜ਼ੀ
ਚੰਡੀਗੜ੍ਹ, 20 ਅਪ੍ਰੈਲ – ਕੇਂਦਰ ਸਰਕਾਰ ਨੇ ਪੰਜਾਬ ’ਚੋਂ ਕਣਕ ਦੀ ਸਿੱਧੀ ਚੁਕਾਈ ਲਈ ਹੱਥ ਖੋਲ੍ਹ ਦਿੱਤਾ ਹੈ। ਸੂਬੇ ’ਚੋਂ ਸਿੱਧੀ ਚੁਕਾਈ ਲਈ ਅੱਜ ਟਰੇਨਾਂ ਦੀ ਗਿਣਤੀ ਵਧਾ ਦਿੱਤੀ ਹੈ ਜਿਸ ਨਾਲ ਖ਼ਰੀਦ ਏਜੰਸੀਆਂ ਨੇ ਰਾਹਤ ਮਹਿਸੂਸ ਕੀਤੀ ਹੈ। ਕੇਂਦਰ ਸਰਕਾਰ ਵੱਲੋਂ ਖ਼ਰੀਦ ਮਾਪਦੰਡਾਂ ’ਚ ਛੋਟ ਦੇਣ ਦਾ ਮਾਮਲਾ ਲਟਕਣ ਨਾਲ ਮੰਡੀਆਂ ’ਚ ਕਣਕ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਸਨ ਅਤੇ ਇਸ ਮਾਮਲੇ ਨੇ ਸਿਆਸੀ ਰੰਗਤ ਫੜ ਲਈ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀਂ ਕੇਂਦਰੀ ਖ਼ੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੀਟਿੰਗ ਕਰ ਕੇ ਸੂਬੇ ’ਚੋਂ ਅਨਾਜ ਚੁੱਕਣ ਦਾ ਮੁੱਦਾ ਚੁੱਕਿਆ ਸੀ।
ਮੁੱਖ ਮੰਤਰੀ ਨੇ ਕੇਂਦਰ ਸਰਕਾਰ ਤੋਂ ਫ਼ਸਲ ਦੀ ਮੰਡੀਆਂ ’ਚੋਂ ਸਿੱਧੀ ਚੁਕਾਈ ਲਈ ਗੱਡੀਆਂ ਦੀ ਗਿਣਤੀ ਵਧਾਏ ਜਾਣ ਦੀ ਮੰਗ ਵੀ ਰੱਖੀ ਸੀ। ਭਾਰਤੀ ਖ਼ੁਰਾਕ ਨਿਗਮ ਨੇ ਅੱਜ ਸੂਬੇ ’ਚ ਕਰੀਬ ਇੱਕ ਦਰਜਨ ਥਾਵਾਂ ਤੋਂ ਟਰੇਨਾਂ ’ਚ ਕਣਕ ਦੀ ਜਿਣਸ ਦੀ ਮੰਡੀਆਂ ’ਚੋਂ ਸਿੱਧੀ ਲੋਡਿੰਗ ਕੀਤੀ ਹੈ। ਇੱਕ ਗੱਡੀ ’ਚ ਕਰੀਬ 56 ਹਜ਼ਾਰ ਬੋਰੀ ਲੋਡ ਹੁੰਦੀ ਹੈ। ਪਟਿਆਲਾ, ਸਰਹਿੰਦ, ਸੁਨਾਮ, ਸ਼ੇਖ਼ਾ, ਤਪਾ, ਤਰਨ ਤਾਰਨ, ਖ਼ਾਸਾ, ਭੁਲੱਥ, ਸ੍ਰੀ ਮੁਕਤਸਰ ਸਾਹਿਬ, ਮਲੋਟ, ਗੋਨਿਆਣਾ ਮੰਡੀ ਅਤੇ ਬੰਗਾ ’ਚੋਂ ਫ਼ਸਲ ਦੀ ਲੋਡਿੰਗ ਹੋਈ ਹੈ। ਵੇਰਵਿਆਂ ਅਨੁਸਾਰ ਪਹਿਲੇ ਦਿਨ ਦੋ ਅਤੇ ਦੂਜੇ ਦਿਨ ਚਾਰ ਗੱਡੀਆਂ ਲੋਡ ਹੋਈਆਂ ਸਨ।
ਪੰਜਾਬ ’ਚੋਂ ਹੁਣ ਤੱਕ 10.08 ਲੱਖ ਬੋਰੀ ਕਣਕ ਸਿੱਧੀ ਚੁਕਾਈ ਹੋ ਚੁੱਕੀ ਹੈ। ਖ਼ੁਰਾਕ ਤੇ ਸਪਲਾਈ ਵਿਭਾਗ ਵੱਲੋਂ ਭਾਰਤੀ ਖ਼ੁਰਾਕ ਨਿਗਮ ਨੂੰ ਰੋਜ਼ਾਨਾ ਪਲੈਨ ਚਾਰਟ ਦਿੱਤਾ ਜਾਂਦਾ ਹੈ ਜਿਸ ’ਚ ਪਹਿਲੇ ਨੰਬਰ ’ਤੇ ਤਰਜੀਹੀ ਮੰਡੀਆਂ ਦੀ ਸੂਚੀ ਹੁੰਦੀ ਹੈ। ਸੂਬਾ ਸਰਕਾਰ ਵੱਲੋਂ 22 ਲੱਖ ਮੀਟਰਿਕ ਟਨ ਕਣਕ ਦੀ ਸਿੱਧੀ ਚੁਕਾਈ ਦੀ ਯੋਜਨਾ ਬਣਾਈ ਗਈ ਹੈ। ਅਧਿਕਾਰੀਆਂ ਮੁਤਾਬਕ ਆਉਂਦੇ ਦਿਨਾਂ ’ਚ ਰੋਜ਼ਾਨਾ ਲੋਡ ਹੋਣ ਵਾਲੀਆਂ ਗੱਡੀਆਂ ਦਾ ਅੰਕੜਾ 20 ਤੱਕ ਪਹੁੰਚ ਸਕਦਾ ਹੈ। ਖ਼ਰੀਦ ਕੇਂਦਰਾਂ ’ਚ ਕਣਕ ਦੀ ਆਮਦ ਇਕਦਮ ਤੇਜ਼ ਹੋ ਗਈ ਹੈ ਅਤੇ ਖ਼ਰੀਦ ਦੇ ਕੰਮ ਨੇ ਵੀ ਰਫ਼ਤਾਰ ਫੜ ਲਈ ਹੈ। ਆਉਂਦਾ ਹਫ਼ਤਾ ਸੂਬਾ ਸਰਕਾਰ ਲਈ ਪ੍ਰੀਖਿਆ ਦੀ ਘੜੀ ਰਹੇਗਾ ਕਿਉਂਕਿ ਮੰਡੀਆਂ ’ਚ ਰਿਕਾਰਡ ਫ਼ਸਲ ਆਉਣ ਦੀ ਸੰਭਾਵਨਾ ਹੈ।
Share this content:



Post Comment