ਪੰਜਾਬ ‘ਚ ਲੱਖਾਂ ਉੱਜਵਲਾ ਲਾਭਪਾਤਰੀਆਂ ਨੇ ਨਹੀਂ ਭਰਵਾਇਆ ਇਕ ਵੀ ਸਿਲੰਡਰ
ਚੰਡੀਗੜ੍ਹ, 30 ਦਸੰਬਰ – ਪੰਜਾਬ ‘ਚ ਊਰਜਾ ਦੀ ਪਸੰਦ ਬਦਲ ਰਹੀ ਹੈ। ਜਿੱਥੇ ਸਰਕਾਰ ਗੈਸ ਨੂੰ ਇੱਕ ਸਾਫ਼ ਸੁਥਰਾ ਵਿਕਲਪ ਬਣਾਉਣਾ ਚਾਹੁੰਦੀ ਹੈ, ਉੱਥੇ ਹੀ ਉਪਭੋਗਤਾ ਆਪਣੀ ਜੇਬ ਦੇ ਹਿਸਾਬ ਨਾਲ ਬਿਜਲੀ ਨੂੰ ਚੁਣ ਰਹੇ ਹਨ। ਜਦੋਂ ਤਕ ਰਸੋਈ ਦਾ ਖਰਚਾ ਕਾਬੂ ‘ਚ ਨਹੀਂ ਆਵੇਗਾ, ਉਦੋਂ ਤਕ ਉੱਜਵਲਾ ਯੋਜਨਾ ਦੀ ਲਾਟ ਕਮਜ਼ੋਰ ਹੀ ਰਹੇਗੀ। ਇਹੀ ਤਸਵੀਰ ਤਾਜ਼ਾ ਸਰਕਾਰੀ ਅੰਕੜਿਆਂ ‘ਚ ਸਾਹਮਣੇ ਆਈ ਹੈ, ਜਿਸ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੀ ਜ਼ਮੀਨੀ ਸਥਿਤੀ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਲੋਕ ਸਭਾ ‘ਚ ਇਕ ਸਵਾਲ ਦੇ ਜਵਾਬ ‘ਚ ਦਿੱਤੇ ਗਏ ਅੰਕੜਿਆਂ ਅਨੁਸਾਰ, ਵਿੱਤੀ ਸਾਲ 2024-25 ‘ਚ ਸੂਬੇ ਦੇ 1.21 ਲੱਖ ਲਾਭਪਾਤਰੀਆਂ ਨੇ ਇਕ ਵਾਰ ਵੀ ਐਲਪੀਜੀ (LPG) ਸਿਲੰਡਰ ਰਿਫਿਲ ਨਹੀਂ ਕਰਵਾਇਆ, ਜਦੋਂਕਿ 99 ਹਜ਼ਾਰ ਲੋਕਾਂ ਨੇ ਸਿਰਫ ਇਕ ਵਾਰ ਸਿਲੰਡਰ ਭਰਵਾਇਆ। ਇਹ ਦਰਸਾਉਂਦਾ ਹੈ ਕਿ ਲੱਖਾਂ ਪਰਿਵਾਰ ਗੈਸ ਕਨੈਕਸ਼ਨ ਹੋਣ ਦੇ ਬਾਵਜੂਦ ਉਸ ਦੀ ਵਰਤੋਂ ਨਹੀਂ ਕਰ ਰਹੇ।
ਪਿਛਲੇ ਸਾਲਾਂ ਦਾ ਰੁਝਾਨ
ਇਹ ਰੁਝਾਨ ਨਵਾਂ ਨਹੀਂ ਹੈ। ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ: ਸਾਲ 2023-24: 93,622 ਲਾਭਪਾਤਰੀਆਂ ਨੇ ਇੱਕ ਵੀ ਰਿਫਿਲ ਨਹੀਂ ਕਰਵਾਇਆ, ਜਦੋਂ ਕਿ 1.04 ਲੱਖ ਲੋਕਾਂ ਨੇ ਸਿਰਫ ਇੱਕ ਵਾਰ ਸਿਲੰਡਰ ਭਰਵਾਇਆ। ਸਾਲ 2022-23: 90,233 ਲਾਭਪਾਤਰੀਆਂ ਨੇ ਸਿਲੰਡਰ ਨਹੀਂ ਭਰਵਾਇਆ ਅਤੇ 88,406 ਲਾਭਪਾਤਰੀਆਂ ਨੇ ਸਿਰਫ ਇੱਕ ਵਾਰ ਰਿਫਿਲ ਕਰਵਾਇਆ।
ਸਬਸਿਡੀ ਦੇ ਬਾਵਜੂਦ ਘਟ ਰਹੀ ਵਰਤੋਂ
ਸਰਕਾਰ ਨੇ ਐਲਪੀਜੀ ਨੂੰ ਕਿਫਾਇਤੀ ਬਣਾਉਣ ਲਈ ਮਈ 2022 ਵਿੱਚ 14.2 ਕਿਲੋ ਦੇ ਸਿਲੰਡਰ ‘ਤੇ 200 ਰੁਪਏ ਦੀ ਸਬਸਿਡੀ ਸ਼ੁਰੂ ਕੀਤੀ ਸੀ, ਜਿਸ ਨੂੰ ਅਕਤੂਬਰ 2023 ਵਿੱਚ ਵਧਾ ਕੇ 300 ਰੁਪਏ ਕਰ ਦਿੱਤਾ ਗਿਆ। ਇਹ ਸਹਾਇਤਾ 2025-26 ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਬਾਵਜੂਦ ਰਿਫਿਲ ਕਰਵਾਉਣ ਵਾਲਿਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ।
ਬਿਜਲੀ ਬਣੀ ਪਹਿਲੀ ਪਸੰਦ
ਇਸ ਦੇ ਉਲਟ, ਰਾਜ ਵਿੱਚ ਬਿਜਲੀ ਦੀ ਉਪਲਬਧਤਾ ਬਿਹਤਰ ਹੋਈ ਹੈ ਅਤੇ ਕਈ ਵਰਗਾਂ ਨੂੰ ਸਸਤੀ ਜਾਂ ਮੁਫਤ ਬਿਜਲੀ ਮਿਲ ਰਹੀ ਹੈ। ਇਸੇ ਕਾਰਨ ਗਰੀਬ ਅਤੇ ਮੱਧ ਵਰਗ ਦੇ ਪਰਿਵਾਰ ਇੰਡਕਸ਼ਨ ਕੁੱਕਰ ਅਤੇ ਇਲੈਕਟ੍ਰਿਕ ਹੀਟਰ ਵਰਗੇ ਵਿਕਲਪਾਂ ਵੱਲ ਵੱਧ ਰਹੇ ਹਨ, ਕਿਉਂਕਿ ਇਨ੍ਹਾਂ ਵਿੱਚ ਮਹੀਨਾਵਾਰ ਖਰਚਾ ਘੱਟ ਪੈਂਦਾ ਹੈ ਅਤੇ ਭੁਗਤਾਨ ਕਰਨਾ ਆਸਾਨ ਹੈ।
Share this content:



Post Comment