Loading Now

ਪੰਜਾਬ ’ਚ ਖੇਤੀ ਹੁਣ ਘਾਟੇ ਦਾ ਸੌਦਾ!

ਪੰਜਾਬ ’ਚ ਖੇਤੀ ਹੁਣ ਘਾਟੇ ਦਾ ਸੌਦਾ!

ਲੋਕਾਂ ਦਾ ਢਿੱਡ ਭਰਨ ਵਾਲਾ ਅੰਨਦਾਤਾ ਇਸ ਵੇਲੇ ਰੋਟੀ ਤੋਂ ਵੀ ਅਵਾਜ਼ਾਰ ਹੈ ਕਿਉਂਕਿ ਕਿਸਾਨ ਦੀਆਂ ਫ਼ਸਲਾਂ ਜਿੱਥੇ ਕੁਦਰਤੀ ਕਰੋਪੀ ਦੀ ਮਾਰ ਹੇਠ ਹਨ, ਉੱਥੇ ਕਾਰਪੋਰੇਟ ਘਰਾਣਿਆਂ ਤੇ ਸਰਕਾਰਾਂ ਦੁਆਰਾ ਸ਼ੁਰੂ ਕੀਤੀਆਂ ਜੰਗਾਂ ਨੇ ਉਸ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਹਾਲਾਤ ਇਹ ਹਨ ਕਿ ਕਿਸਾਨ ਇਸ ਵੇਲੇ ਖੇਤੀ ਛੱਡਣ ਲਈ ਮਜਬੂਰ ਹੈ ਕਿਉਂਕਿ ਉਹਦੇ ਪੱਲੇ ਕੁਝ ਨਹੀਂ ਪੈ ਰਿਹਾ। ਜਿੱਥੇ ਫੈਕਟਰੀਆਂ, ਕਾਰਖਾਨੇ ਅਤੇ ਸ਼ੌਪਿੰਗ ਮਾਲਜ਼ ਕਿਸਾਨਾਂ ਦਾ ਉਜਾੜਾ ਕਰ ਰਹੇ ਨੇ, ਉੱਥੇ ਨਾਲ ਹੀ ਪਾਣੀ, ਹਵਾ ਅਤੇ ਧਰਤੀ ਦਾ ਵੀ ਨੁਕਸਾਨ ਹੋ ਰਿਹਾ ਹੈ।

ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਪਿਛਲੇ ਕਈ ਸਾਲਾਂ ਤੋਂ ਭਾਰੀ ਮੀਂਹ ਤੇ ਗੜਿਆਂ ਸਮੇਤ ਹੜ੍ਹਾਂ ਕਾਰਨ ਹੋਈ ਤਬਾਹੀ ਨਾਲ ਜਿੱਥੇ ਕਿਸਾਨਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ, ਉੱਥੇ ਫ਼ਸਲਾਂ ਦੀ ਪੈਦਾਵਾਰ ਵਿੱਚ ਵੀ ਵੱਡੀ ਪੱਧਰ ’ਤੇ ਗਿਰਾਵਟ ਆਈ ਹੈ। ਬੇਸ਼ੱਕ, ਸਰਕਾਰਾਂ ਅਤੇ ਖੇਤੀਬਾੜੀ ਵਿਭਾਗ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਫ਼ਸਲਾਂ ਦਾ ਝਾੜ ਪਿਛਲੇ ਚਾਰ ਪੰਜ ਸਾਲਾਂ ਦੌਰਾਨ ਵਧਿਆ ਹੈ, ਪਰ ਅਸਲੀਅਤ ਇਸ ਤੋਂ ਉਲਟ ਹੈ। ਪੰਜਾਬ ਵਿੱਚ 2023 ਅਤੇ 2025 ਦੌਰਾਨ ਆਏ ਹੜ੍ਹਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਇੰਨੀ ਬੁਰੀ ਤਰ੍ਹਾਂ ਝੰਬਿਆ ਕਿ ਉਹ ਦੁਬਾਰਾ ਪੈਰਾਂ ਸਿਰ ਨਹੀਂ ਹੋ ਸਕੇ। ਇਸ ਵੇਲੇ ਹਾਲਾਤ ਇਹ ਹਨ ਕਿ ਗੜਿਆਂ ਨੇ ਕਿਸਾਨਾਂ ਦੀ ਫ਼ਸਲ ਦਾ ਵੱਡੇ ਪੱਧਰ ’ਤੇ ਨੁਕਸਾਨ ਕੀਤਾ ਹੈ ਅਤੇ ਇਜ਼ਰਾਈਲ-ਅਮਰੀਕਾ ਤੇ ਇਰਾਨ ਵਿਚਾਲੇ ਜੰਗ ਨੇ ਕਿਸਾਨਾਂ ਦੇ ਸਾਹ ਸੁਕਾ ਦਿੱਤੇ। ਭਾਵੇਂ ਸਰਕਾਰ ਵੱਲੋਂ ਕਿਸਾਨਾਂ ਨਾਲ ਵਾਅਦਾ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਫ਼ਸਲ ਦਾ ਪੂਰਾ ਮੁੱਲ ਦਿੱਤਾ ਜਾਵੇਗਾ, ਪਰ ਇਸ ਵਾਅਦੇ ਦੇ ਵਫ਼ਾ ਹੋਣ ਬਾਰੇ ਭਵਿੱਖ ਹੀ ਦੱਸੇਗਾ। ਕਿਸਾਨਾਂ ਨੂੰ ਮੰਡੀਆਂ ਵਿੱਚ ਵੱਡੀ ਕਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਣਕ ਦਾ ਝਾੜ ਘਟਣ ਕਾਰਨ ਉਹ ਚਿੰਤਾ ਵਿੱਚ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਮਾਰਚ ਮਹੀਨੇ ਅਤੇ ਅਪਰੈਲ ਦੇ ਪਹਿਲੇ ਹਫ਼ਤੇ ਪਏ ਬੇਮੌਸਮੀ ਮੀਂਹ ਅਤੇ ਗੜਿਆਂ ਨੇ ਕਿਸਾਨਾਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ ਹੈ। ਕਿਸਾਨ ਪਹਿਲਾਂ ਹੀ ਹੜ੍ਹਾਂ ਦੇ ਝੰਬੇ ਹੋਏ ਸਨ ਅਤੇ ਇਸ ਕੁਦਰਤੀ ਮਾਰ ਨੇ ਉਨ੍ਹਾਂ ਨੂੰ ਆਰਥਿਕ ਪੱਖੋਂ ਹੋਰ ਮਧੋਲ ਦਿੱਤਾ ਹੈ। ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਕਣਕ ਦਾ ਝਾੜ ਕਾਫ਼ੀ ਘੱਟ ਹੈ। ਖੇਤੀਬਾੜੀ ਵਿਭਾਗ ਦੀ ਮੰਨੀਏ ਤਾਂ ਇਸ ਵਿੱਤੀ ਵਰ੍ਹੇ ਦੌਰਾਨ ਦੋ ਕੁਇੰਟਲ ਪ੍ਰਤੀ ਏਕੜ ਝਾੜ ਘੱਟ ਨਿਕਲਿਆ ਹੈ, ਜਦੋਂਕਿ ਕਿਸਾਨਾਂ ਦਾ ਦਾਅਵਾ ਹੈ ਕਿ ਐਤਕੀਂ ਤਕਰੀਬਨ ਸਾਢੇ ਤਿੰਨ ਕੁਇੰਟਲ ਪ੍ਰਤੀ ਏਕੜ ਝਾੜ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਹੈ। ਅੰਦਾਜ਼ਨ ਐਤਕੀਂ ਕਿਸਾਨਾਂ ਨੂੰ ਤਕਰੀਬਨ ਸੱਤ ਤੋਂ ਅੱਠ ਹਜ਼ਾਰ ਰੁਪਏ ਦਾ ਨੁਕਸਾਨ ਪ੍ਰਤੀ ਏਕੜ ਹੋਇਆ ਹੈ। ਪੰਜਾਬ ਵਿੱਚ ਕਣਕ ਦੀ ਵਾਢੀ ਦਾ ਕੰਮ ਲਗਭਗ ਪੂਰਾ ਹੋ ਚੁੱਕਿਆ ਹੈ, ਪਰ ਜਿਹੜੇ ਕਿਸਾਨਾਂ ਦੀ ਬਰਬਾਦੀ ਖੇਤਾਂ ਵਿੱਚ ਹੋਈ ਹੈ, ਉਸ ਦਾ ਮੁਆਵਜ਼ਾ ਕਿਸਾਨਾਂ ਨੂੰ ਕਦੋਂ ਮਿਲੇਗਾ? ਗੜਿਆਂ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਮੁੱਖ ਮੰਤਰੀ ਨੇ ਟੀਮਾਂ ਕਾਇਮ ਕੀਤੀਆਂ ਅਤੇ ਗਿਰਦਾਵਰੀ ਦੇ ਹੁਕਮ ਵੀ ਦਿੱਤੇ, ਪਰ ਪੰਜਾਬ ਦੇ ਹਜ਼ਾਰਾਂ ਕਿਸਾਨ ਹਾਲੇ ਵੀ ਮੁਆਵਜ਼ੇ ਤੋਂ ਵਾਂਝੇ ਹਨ।

ਇੱਥੇ ਹੀ ਬੱਸ ਨਹੀਂ। ਪਿਛਲੇ ਸਾਲ ਆਏ ਹੜ੍ਹਾਂ ਦਾ ਸਰਹੱਦੀ ਇਲਾਕੇ ਦੇ ਬਹੁਗਿਣਤੀ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲ ਸਕਿਆ, ਜਿਸ ਕਾਰਨ ਪਹਿਲਾਂ ਹੀ ਮੁਸੀਬਤ ’ਚ ਘਿਰੇ ਕਿਸਾਨਾਂ ਨੂੰ ਫ਼ਸਲਾਂ ਦੇ ਘੱਟ ਝਾੜ ਕਾਰਨ ਹੋਰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦੀ ਮੰਨੀਏ ਤਾਂ ਇਸ ਵੇਲੇ ਹਾਲਾਤ ਇਹ ਹਨ ਕਿ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਤਾਂ ਹੋ ਰਹੀ ਹੈ, ਪਰ ਅਦਾਇਗੀ ਵਿੱਚ ਸਮੱਸਿਆ ਆ ਰਹੀ ਹੈ। ਪਿਛਲੇ ਸਾਲਾਂ ਦੌਰਾਨ ਕੁਝ ਪ੍ਰਾਈਵੇਟ ਫਰਮਾਂ ਵੱਡੇ ਪੱਧਰ ’ਤੇ ਕਿਸਾਨਾਂ ਤੋਂ ਫ਼ਸਲਾਂ ਦੀ ਖ਼ਰੀਦ ਕਰਦੀਆਂ ਆ ਰਹੀਆਂ ਸਨ, ਪਰ ਹੁਣ ਉਨ੍ਹਾਂ ਵਿੱਚੋਂ ਕਈ ਫਰਮਾਂ ਨੇ ਵੀ ਖ਼ਰੀਦ ਤੋਂ ਮੂੰਹ ਫੇਰ ਲਿਆ ਹੈ। ਪ੍ਰਾਈਵੇਟ ਫਰਮਾਂ ਦਾ ਕਹਿਣਾ ਹੈ ਕਿ ਇੱਕ ਤਾਂ ਕਣਕ ਦੀ ਕੁਆਲਿਟੀ ਵਿੱਚ ਕਾਫ਼ੀ ਫ਼ਰਕ ਹੈ। ਇਜ਼ਰਾਈਲ-ਅਮਰੀਕਾ ਅਤੇ ਇਰਾਨ ਜੰਗ ਕਾਰਨ ਇਨ੍ਹਾਂ ਫਰਮਾਂ ਨੂੰ ਇਹ ਡਰ ਵੀ ਸਤਾ ਰਿਹਾ ਹੈ ਕਿ ਜੇਕਰ ਉਨ੍ਹਾਂ ਫ਼ਸਲ ਖ਼ਰੀਦ ਕੇ ਰੱਖ ਲਈ ਤਾਂ ਉਹ ਅੱਗੇ ਸਪਲਾਈ ਕਿੱਥੇ ਕਰਨਗੀਆਂ?

ਜਾਣਕਾਰੀ ਮੁਤਾਬਿਕ ਬੇਸ਼ੱਕ ਜੰਗ ਵਾਲਾ ਇਹ ਖਿੱਤਾ ਸਾਡੇ ਮੁਲਕ ਦੇ ਬਹੁਤਾ ਨੇੜੇ ਨਹੀਂ, ਪਰ ਇਸ ਦਾ ਅਸਰ ਖਾਣ-ਪੀਣ ਵਾਲੀਆਂ ਵਸਤਾਂ ’ਤੇ ਪੈ ਰਿਹਾ ਹੈ ਅਤੇ ਨਾਲ ਹੀ ਤੇਲ ਦੇ ਭਾਅ ਵਿੱਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਹੇ ਹਨ। ਹੋਰ ਵਸਤਾਂ ਦੇ ਭਾਅ ਵਿੱਚ ਤਾਂ ਵਾਧਾ ਦਰਜ ਕੀਤਾ ਜਾ ਰਿਹਾ ਹੈ, ਪਰ ਕਿਸਾਨ ਦੀ ਫ਼ਸਲ ਤੇ ਸਬਜ਼ੀਆਂ ਦੇ ਭਾਅ ਪਹਿਲਾਂ ਵਾਲੇ ਹੀ ਹਨ। ਕਿਸਾਨਾਂ ਕੋਲੋਂ ਮੰਡੀਆਂ ’ਚ ਸਸਤੇ ਭਾਅ ਵਸਤਾਂ ਖ਼ਰੀਦ ਕੇ ਵਪਾਰੀ ਅੱਗੇ ਮਹਿੰਗੇ ਭਾਅ ਬਾਜ਼ਾਰਾਂ ਵਿੱਚ ਵੇਚ ਰਹੇ ਹਨ। ਇੱਕ ਜਾਣਕਾਰੀ ਮੁਤਾਬਿਕ ਪਿਛਲੇ ਸਾਲ ਬਾਜ਼ਾਰ ਵਿੱਚ ਕਣਕ ਦੇ ਭਾਅ ਡਿੱਗ ਗਏ ਸਨ, ਜਿਸ ਕਾਰਨ ਵਪਾਰੀਆਂ ਨੂੰ ਨੁਕਸਾਨ ਹੋਇਆ ਸੀ ਅਤੇ ਇਸ ਸਾਲ ਤਾਂ ਕਣਕ ਦੀ ਗੁਣਵੱਤਾ ਥੋੜ੍ਹੀ ਘੱਟ ਹੈ ਅਤੇ ਭਾਅ ਸਥਿਰ ਹੈ, ਪਰ ਫਿਰ ਵੀ ਵਪਾਰੀਆਂ ਨੇ ਕਣਕ ਖ਼ਰੀਦਣ ਤੋਂ ਮੂੰਹ ਮੋੜ ਲਿਆ ਹੈ।

ਰੂਸ-ਯੂਕਰੇਨ ਜੰਗ ਦੌਰਾਨ ਵੀ ਵਪਾਰੀਆਂ ਨੂੰ ਆਸ ਸੀ ਕਿ ਇਨ੍ਹਾਂ ਪ੍ਰਭਾਵਿਤ ਮੁਲਕਾਂ ਵਿੱਚ ਕਣਕ ਅਤੇ ਹੋਰ ਖਾਣ ਵਾਲੀਆਂ ਵਸਤਾਂ ਪਹੁੰਚਾਈਆਂ ਜਾਣਗੀਆਂ ਤਾਂ ਭਾਅ ਵਧ ਜਾਣਗੇ, ਜਿਸ ਨਾਲ ਉਨ੍ਹਾਂ ਦੀਆਂ ਜੇਬਾਂ ਭਰ ਜਾਣਗੀਆਂ, ਪਰ ਅਜਿਹਾ ਨਹੀਂ ਹੋਇਆ। ਵਪਾਰੀ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਭਾਰੀ ਘਾਟਾ ਪੈ ਰਿਹਾ ਹੈ, ਪਰ ਕਿਸਾਨ ਦਾ ਹਾਲ ਤਾਂ ਸਭਨਾਂ ਨਾਲੋਂ ਮਾੜਾ ਹੈ। ਮਾਲਵੇ ਅਤੇ ਮਾਝੇ ਦੇ ਬਹੁਗਿਣਤੀ ਹਿੱਸਿਆਂ ਵਿੱਚ ਇਸ ਵਾਰ ਗੜਿਆਂ ਨੇ 40 ਤੋਂ 50 ਫ਼ੀਸਦੀ ਫ਼ਸਲਾਂ ਤਬਾਹ ਕਰ ਦਿੱਤੀਆਂ ਹਨ, ਜਿਸ ਕਾਰਨ ਕਿਸਾਨਾਂ ਦੀਆਂ ਉਮੀਦਾਂ ਬਿਲਕੁਲ ਟੁੱਟ ਚੁੱਕੀਆਂ ਹਨ।

ਦੇਖਿਆ ਜਾਵੇ ਤਾਂ ਇਹ ਘਾਟੇ ਦਾ ਸੌਦਾ ਕੋਈ ਅੱਜ ਦਾ ਨਹੀਂ ਹੈ। ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਕਿਸਾਨਾਂ ਨਾਲ ਇਸੇ ਤਰ੍ਹਾਂ ਹੀ ਹੁੰਦਾ ਆ ਰਿਹਾ ਹੈ। ਜਦੋਂ ਦੁਨੀਆ ਵਿੱਚ ਕਿਤੇ ਵੀ ਬਿਪਤਾ ਪੈਂਦੀ ਹੈ ਤਾਂ ਸਭ ਤੋਂ ਵੱਧ ਕਿਸਾਨ ਪ੍ਰਭਾਵਿਤ ਹੁੰਦਾ ਹੈ। ਕਿਸਾਨ ਨੇ ਭਾਵੇਂ ਕਰੋਨਾ ਕਾਲ ਦੌਰਾਨ ਅਤੇ ਹੋਰਨਾਂ ਮਹਾਮਾਰੀਆਂ ਵੇਲੇ ਲੋਕਾਂ ਦਾ ਢਿੱਡ ਭਰਨ ਵਿੱਚ ਪੂਰੀ ਵਾਹ ਲਾਈ, ਪਰ ਕਿਸਾਨ ਦੀ ਹਾਲਤ ਵੱਲ ਕੋਈ ਨਹੀਂ ਦੇਖਦਾ। ਹਰ ਕੋਈ ਆਪਣਾ ਫ਼ਾਇਦਾ ਉਠਾਉਂਦਾ ਹੈ। ਕਿਸਾਨ ਦੀ ਫ਼ਸਲ ਦਾ ਮੁੱਲ ਕਦੇ ਵੀ ਉਸ ਨੂੰ ਨਹੀਂ ਮਿਲਦਾ। ਪਿਛਲੇ ਦਿਨੀਂ ਆਲੂਆਂ ਦੀ ਫ਼ਸਲ ਬਹੁਗਿਣਤੀ ਕਿਸਾਨਾਂ ਨੂੰ ਖੇਤਾਂ ਵਿੱਚ ਹੀ ਵਾਹੁਣੀ ਪਈ ਸੀ। ਇਸ ਦਾ ਵੱਡਾ ਕਾਰਨ ਇਹ ਸਾਹਮਣੇ ਆਇਆ ਸੀ ਕਿ ਕਿਸਾਨਾਂ ਨੂੰ ਆਲੂਆਂ ਦੀ ਫ਼ਸਲ ਦਾ ਸਹੀ ਭਾਅ ਨਹੀਂ ਮਿਲਿਆ ਸੀ, ਪਰ ਦੂਜੇ ਪਾਸੇ ਆਲੂਆਂ ਤੋਂ ਚਿਪਸ ਅਤੇ ਹੋਰ ਚੀਜ਼ਾਂ ਬਣਾਉਣ ਵਾਲੀਆਂ ਕੰਪਨੀਆਂ ਅੱਜ ਕਰੋੜਾਂ ਵਿੱਚ ਖੇਡ ਰਹੀਆਂ ਹਨ। ਕਿਸਾਨ ਦੀ ਹਾਲਤ ਦਿਨ-ਬ-ਦਿਨ ਮਾੜੀ ਹੁੰਦੀ ਜਾ ਰਹੀ ਹੈ, ਪਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਕੇਂਦਰ ਸਰਕਾਰ ਨੇ ਕਿਸਾਨਾਂ ਦੀ ਆਮਦਨ 2023 ਤੱਕ ਦੁੱਗਣੀ ਕਰਨ ਦਾ ਦਾਅਵਾ ਕੀਤਾ ਸੀ, ਪਰ ਇਸ ਵੇਲੇ ਹਾਲਾਤ ਇਹ ਹਨ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਤਾਂ ਕੀ, ਇੱਕ ਹਿੱਸਾ ਵੀ ਨਹੀਂ ਬਚੀ। ਕਿਸਾਨਾਂ ਦੇ ਉੱਪਰ ਵੱਧ ਕਰਜ਼ੇ ਦੇ ਬੋਝ ਅਤੇ ਮਹਿੰਗੀਆਂ ਕੀਟਨਾਸ਼ਕ ਤੇ ਨਦੀਨਨਾਸ਼ਕ ਦਵਾਈਆਂ ਨੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।

ਉਪਰੋਂ ਕੁਦਰਤੀ ਮਾਰਾਂ ਨੇ ਕਿਸਾਨਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਗ਼ਲਤੀ ਕੋਈ ਹੋਰ ਕਰਦਾ ਹੈ, ਪਰ ਭੁਗਤਣੀ ਕਿਸਾਨ ਨੂੰ ਪੈਂਦੀ ਹੈ। ਕਿਸਾਨ ਦੀ ਖੇਤੀ ਦੀ ਅਜਿਹੇ ਲੋਕਾਂ ਨੂੰ ਕੋਈ ਕਦਰ ਨਹੀਂ ਹੁੰਦੀ, ਜਿਹੜੇ ਕਿਸਾਨਾਂ ਨੂੰ ਹਮੇਸ਼ਾ ਟਿੱਚਰਾਂ ਕਰਦੇ ਰਹਿੰਦੇ ਹਨ। ਖ਼ੈਰ, ਕਿਸਾਨਾਂ ਨਾਲ ਇਹ ਕੋਈ ਪਹਿਲੀ ਵਾਰੀ ਤਾਂ ਹੋ ਨਹੀਂ ਰਿਹਾ, ਹਰ ਸੀਜ਼ਨ ਹੀ ਕਿਸਾਨਾਂ ਨੂੰ ਇਸੇ ਤਰੀਕੇ ਬੁਰੇ ਹਾਲਾਤ ਵਿੱਚੋਂ ਗੁਜ਼ਰਨਾ ਪੈਂਦਾ ਹੈ। ਪਿਛਲੇ ਸਾਲ ਪੰਜਾਬ ਨੂੰ ਹੜ੍ਹਾਂ ਨੇ ਮਾਰਿਆ ਅਤੇ ਕਿਸਾਨ ਬੁਰੀ ਤਰ੍ਹਾਂ ਝੰਬਿਆ ਗਿਆ।

Share this content:

Post Comment