Loading Now

ਪੰਜਾਬ ‘ਚ ਕੜਾਕੇ ਦੀ ਠੰਡ-ਸੰਘਣੀ ਧੁੰਦ ਨੇ ਤੋੜਿਆ 8 ਸਾਲਾਂ ਦਾ ਰਿਕਾਰਡ

ਪੰਜਾਬ ‘ਚ ਕੜਾਕੇ ਦੀ ਠੰਡ-ਸੰਘਣੀ ਧੁੰਦ ਨੇ ਤੋੜਿਆ 8 ਸਾਲਾਂ ਦਾ ਰਿਕਾਰਡ

ਚੰਡੀਗੜ੍ਹ, 14 ਜਨਵਰੀ – ਪੰਜਾਬ ਵਿੱਚ ਲਗਾਤਾਰ ਪੈ ਰਹੀ ਕੜਾਕੇ ਦੀ ਠੰਡ ਹੁਣ ਸਿਖ਼ਰ ’ਤੇ ਹੈ। ਇਸ ਕਾਰਨ ਆਮ ਜਨਤਾ ਦੇ ਨਾਲ-ਨਾਲ ਵਿਦਿਆਰਥੀਆਂ ਸਣੇ ਅਧਿਆਪਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕਿ ਸਕੂਲ ਅਧਿਆਪਕਾਂ ਵੱਲੋਂ ਛੁੱਟੀਆਂ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ, ਹਾਲਾਂਕਿ ਅੱਜ ਪੰਜਾਬ ਦੇ ਜ਼ਿਆਦਾਤਰ ਸਕੂਲ ਖੁੱਲ੍ਹੇ ਅਤੇ ਵਿਦਿਆਰਥੀ ਕੰਬਦੇ ਹੋਏ ਸਕੂਲਾਂ ਵਿੱਚ ਪਹੁੰਚੇ। ਇਸ ਵਿਚਾਲੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਲਗਾਤਾਰ ਦੂਜੇ ਦਿਨ ਚੰਡੀਗੜ੍ਹ ਦੀ ਰਾਤ ਸ਼ਿਮਲਾ ਨਾਲੋਂ ਠੰਡੀ ਰਹੀ। ਪੂਰੇ ਉੱਤਰੀ ਭਾਰਤ ’ਚ ਪੈ ਰਹੀ ਕੜਾਕੇ ਦੀ ਠੰਡ ਤੋਂ ਅਗਲੇ ਦੋ ਦਿਨਾਂ ਤੱਕ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ’ਚ ਮੁੜ ਵਾਪਸ ਆਏ ਪ੍ਰਦੂਸ਼ਣ ਕਾਰਨ ਸ਼ਹਿਰ ਤੀਹਰੀ ਮਾਰ ਝੱਲ ਰਿਹਾ ਹੈ। ਬੱਦੀ ਦੀ ਖ਼ਰਾਬ ਆਬੋ ਹਵਾ ਨੇ ਟ੍ਰਾਈਸਿਟੀ ’ਚ ਫਿਰ ਪ੍ਰਦੂਸ਼ਣ ਖ਼ਰਾਬ ਪੱਧਰ ’ਤੇ ਪਹੁੰਚਾ ਦਿੱਤਾ ਹੈ। ਰਾਹਤ ਦੀ ਗੱਲ ਇਹ ਹੈ ਕਿ 15 ਜਨਵਰੀ ਤੋਂ ਬਾਅਦ ਬੱਦਲ ਛਾਉਣ ਨਾਲ ਸ਼ਹਿਰ ਨੂੰ ਸੰਘਣੀ ਧੁੰਦ ਤੋਂ ਰਾਹਤ ਮਿਲ ਸਕਦੀ ਹੈ।

ਸਾਢੇ 9 ਘੰਟਿਆਂ ਲਈ ਤਾਪਮਾਨ 5 ਡਿਗਰੀ ਤੋਂ ਰਿਹਾ ਹੇਠਾਂ

ਮੌਸਮ ਵਿਭਾਗ ਮੁਤਾਬਕ ਸੋਮਵਾਰ ਰਾਤ ਇਕ ਤੋਂ ਸਵੇਰੇ ਸਾਢੇ 8 ਵਜੇ ਤੱਕ ਜ਼ਿਆਦਾਤਰ ਹਿੱਸਿਆਂ ’ਚ ਸੰਘਣੀ ਧੁੰਦ ਛਾਈ ਰਹੀ। ਕਈ ਹਿੱਸਿਆਂ ’ਚ ਦਿਸਣ ਹੱਦ ਸਿਰਫ਼ 20 ਮੀਟਰ ਰਹੀ। ਇਸ ਦੌਰਾਨ ਤਾਪਮਾਨ 5 ਡਿਗਰੀ ਤੋਂ ਹੇਠਾਂ ਰਿਹਾ। ਸੋਮਵਾਰ ਰਾਤ 10 ਵਜੇ ਪਾਰਾ ਡਿੱਗ ਕੇ 5 ਡਿਗਰੀ ਰਿਹਾ। ਇਸ ਤੋਂ ਬਾਅਦ ਪਾਰਾ ਲਗਾਤਾਰ ਡਿੱਗਦਾ ਰਿਹਾ ਤੇ 2017 ਤੋਂ ਬਾਅਦ ਸਭ ਤੋਂ ਠੰਡੀ ਰਾਤ ਰਹੀ। ਸਵੇਰੇ ਸਾਢੇ 7 ਵਜੇ ਤੱਕ ਪਾਰਾ 5 ਡਿਗਰੀ ਤੋਂ ਹੇਠਾਂ ਸੀ। ਇਸ ਤੋਂ ਬਾਅਦ ਤਾਪਮਾਨ ਹੌਲੀ-ਹੌਲੀ ਵੱਧਣਾ ਸ਼ੁਰੂ ਹੋਇਆ ਤੇ ਵੱਧੋ-ਵੱਧ 15 ਡਿਗਰੀ ਨੂੰ ਪਾਰ ਕਰ ਗਿਆ ਪਰ ਦਿਨ ਭਰ ਸੀਤ ਲਹਿਰ ਕਾਰਨ ਕੋਈ ਰਾਹਤ ਨਹੀਂ ਮਿਲੀ।

15 ਤੋਂ ਪੱਛਮੀ ਗੜਬੜੀ ਐਕਟਿਵ ਹੋਣ ਤੇ ਵਰ੍ਹੇਗਾ ਮੀਂਹ

ਮੌਸਮ ਵਿਭਾਗ ਮੁਤਾਬਕ ਮਜ਼ਬੂਤ ਪੱਛਮੀ ਗੜਬੜੀ ਉੱਤਰੀ ਭਾਰਤ ਵੱਲ ਵਧ ਰਹੀ ਹੈ। ਬੁਲੇਟਿਨ ਦੀ ਮੰਨੀਏ ਤਾਂ 15 ਜਨਵਰੀ ਤੋਂ ਬਾਅਦ ਇਹ ਸਿਸਟਮ ਸਰਗਰਮ ਹੋਣ ਨਾਲ ਬੱਦਲ ਛਾਏ ਰਹਿਣਗੇ। 18 ਤੇ 19 ਜਨਵਰੀ ਨੂੰ ਇਸ ਸਿਸਟਮ ਦੇ ਮੈਦਾਨੀ ਇਲਾਕਿਆਂ ’ਚ ਵੀ ਸਰਗਰਮ ਹੋਣ ਕਾਰਨ ਬਾਰਸ਼ ਹੋ ਸਕਦੀ ਹੈ।

ਠੰਡ ਕਾਰਨ ਸਕੂਲਾਂ ਦੀਆਂ ਛੁੱਟੀਆਂ 17 ਤੱਕ ਵਧਾਈਆਂ

ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸਕੂਲਾਂ ਨੂੰ ਲੈ ਕੇ ਮਹੱਤਵਪੂਰਨ ਫ਼ੈਸਲਾ ਲਿਆ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਸਕੂਲਾਂ ’ਚ 17 ਜਨਵਰੀ ਤੱਕ ਛੁੱਟੀਆਂ ਵਧਾਉਣ ਦੇ ਹੁਕਮ ਜਾਰੀ ਕੀਤੇ ਹਨ।

Share this content:

Post Comment