Loading Now

ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਲਾਇਆ ਦਿੱਲੀ ਡੇਰਾ

ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਲਾਇਆ ਦਿੱਲੀ ਡੇਰਾ

ਚੰਡੀਗੜ੍ਹ, 6 ਅਕਤੂਬਰ – ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਕਾਂਗਰਸ ਹਾਈਕਮਾਨ ਨੇ ਸੰਗਠਨ ਨੂੰ ਇਕਜੁੱਟ ਕਰਨ ਦੇ ਨਾਲ-ਨਾਲ ਕੇਂਦਰ ਸਰਕਾਰ ਖ਼ਿਲਾਫ਼ ਸਿਆਸੀ ਮਾਹੌਲ ਬਣਾਉਣ ਦੀ ਕਵਾਇਦ ਤੇਜ਼ ਕਰ ਦਿੱਤੀ ਹੈ। ਮੰਗਲਵਾਰ ਨੂੰ ਨਵੀਂ ਦਿੱਲੀ ‘ਚ ਚੋਣ ਕਮਿਸ਼ਨ ਖ਼ਿਲਾਫ਼ ‘ਵੋਟ ਚੋਰੀ’ ਤੇ ਵੋਟਰ ਸੂਚੀ ‘ਚ ਕਥਿਤ ਗੜਬੜੀਆਂ ਦੇ ਮੁੱਦੇ ‘ਤੇ ਕਾਂਗਰਸ ਸਮੇਤ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਵੱਲੋਂ ਕੀਤੇ ਪ੍ਰਦਰਸ਼ਨ ‘ਚ ਪੰਜਾਬ ਕਾਂਗਰਸ ਦੀ ਵੀ ਮਜ਼ਬੂਤ ਹਾਜ਼ਰੀ ਨਜ਼ਰ ਆਈ। ਪੰਜਾਬ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਤੇ ਗੁਰਜੀਤ ਸਿੰਘ ਔਜਲਾ ਸਮੇਤ ਹੋਰ ਆਗੂ ਦਿੱਲੀ ‘ਚ ਪ੍ਰਦਰਸ਼ਨ ‘ਚ ਪਹੁੰਚੇ। ਇੰਡੀਆ ਗਠਜੋੜ ਦੇ ਸੰਸਦ ਮੈਂਬਰ ਸੰਸਦ ਭਵਨ ਤੋਂ ਚੋਣ ਕਮਿਸ਼ਨ ਦੇ ਦਫ਼ਤਰ ਵੱਲ ਮਾਰਚ ਕਰ ਰਹੇ ਸਨ, ਪਰ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਸੰਸਦ ਮੈਂਬਰਾਂ ਨੇ ਸੜਕ ‘ਤੇ ਧਰਨਾ ਦਿੱਤਾ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ।

ਪ੍ਰਦਰਸ਼ਨ ‘ਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਤੇ ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਸਮੇਤ ਕਈ ਵੱਡੇ ਆਗੂ ਸ਼ਾਮਲ ਰਹੇ। ਬਾਅਦ ‘ਚ ਪੁਲਿਸ ਨੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਸਮੇਤ ਕਈ ਆਗੂਆਂ ਨੂੰ ਹਿਰਾਸਤ ‘ਚ ਲੈ ਲਿਆ। ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਦੀ ਇਸ ਪ੍ਰਦਰਸ਼ਨ ‘ਚ ਮੌਜੂਦਗੀ ਇਸ ਲਈ ਵੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਪਾਰਟੀ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ‘ਚ ਸੰਗਠਨ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਚੰਨੀ ਤੇ ਰੰਧਾਵਾ ਪਹਿਲਾਂ ਵੀ ਦਿੱਲੀ ‘ਚ ਕਾਂਗਰਸ ਦੇ ਕੇਂਦਰੀ ਲੀਡਰਸ਼ਿਪ ਵੱਲੋਂ ਕਰਵਾਏ ਗਏ ਪ੍ਰਦਰਸ਼ਨਾਂ ‘ਚ ਸਰਗਰਮੀ ਨਾਲ ਸ਼ਾਮਲ ਰਹੇ ਹਨ। ਜੁਲਾਈ ‘ਚ ਦੋਵਾਂ ਆਗੂਆਂ ਨੂੰ ਦਿੱਲੀ ‘ਚ ਕਾਂਗਰਸ ਦੇ ਪ੍ਰਦਰਸ਼ਨ ਦੌਰਾਨ ਹਿਰਾਸਤ ‘ਚ ਵੀ ਲਿਆ ਗਿਆ ਸੀ।
ਪੰਜਾਬ ਕਾਂਗਰਸ ਲਈ ਵੀ ਸ਼ਕਤੀ ਪ੍ਰਦਰਸ਼ਨ

ਦਿੱਲੀ ਦਾ ਇਹ ਪ੍ਰਦਰਸ਼ਨ ਸਿਰਫ਼ ਚੋਣ ਕਮਿਸ਼ਨ ਖ਼ਿਲਾਫ਼ ਕਾਂਗਰਸ ਦੀ ਮੁਹਿੰਮ ਤਕ ਸੀਮਤ ਨਹੀਂ ਹੈ। ਪੰਜਾਬ ਕਾਂਗਰਸ ਲਈ ਇਹ ਆਪਣੇ ਸੰਸਦ ਮੈਂਬਰਾਂ ਤੇ ਸੀਨੀਅਰ ਆਗੂਆਂ ਦੀ ਕੇਂਦਰੀ ਲੀਡਰਸ਼ਿਪ ਨਾਲ ਸਰਗਰਮ ਭਾਗੀਦਾਰੀ ਦਿਖਾਉਣ ਦਾ ਵੀ ਮੌਕਾ ਬਣ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਸੂਬਾ ਪ੍ਰਧਾਨ ਵਜੋਂ ਪਰਗਟ ਸਿੰਘ ਦੀ ਨਿਯੁਕਤੀ ਤੋਂ ਬਾਅਦ ਪਾਰਟੀ 2027 ਦੀਆਂ ਚੋਣਾਂ ਦੀ ਤਿਆਰੀ ਨੂੰ ਗਤੀ ਦੇਣ ਦੀ ਦਿਸ਼ਾ ‘ਚ ਅੱਗੇ ਵਧ ਰਹੀ ਹੈ। ਕਾਂਗਰਸ ਨੇ ‘ਵੋਟ ਬਚਾਓ, ਦੇਸ਼ ਬਚਾਓ’ ਮੁਹਿੰਮ ਤਹਿਤ ਅੰਦੋਲਨ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। ਪਾਰਟੀ ਨੇ ਇਸ ਨੂੰ ਸਿਰਫ਼ ਦਿੱਲੀ ਤੱਕ ਸੀਮਤ ਨਾ ਰੱਖਣ ਅਤੇ ਦੇਸ਼ ਭਰ ‘ਚ ਪ੍ਰਦਰਸ਼ਨ, ਪਦਯਾਤਰਾ, ਸਾਈਕਲ ਰੈਲੀ ਅਤੇ ਜਨਸੰਪਰਕ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ।

Share this content:

Post Comment