Loading Now

‘ਪੌਣੀ ਸਦੀ ਜਮ੍ਹਾਂ ਸਵਾ ਤਿੰਨ ਵਰ੍ਹੇ’ ਲੇਖ ਸੰਗ੍ਰਹਿ ਇਤਿਹਾਸਕ ਦਸਤਾਵੇਜ਼/ਉਜਾਗਰ ਸਿੰਘ

‘ਪੌਣੀ ਸਦੀ ਜਮ੍ਹਾਂ ਸਵਾ ਤਿੰਨ ਵਰ੍ਹੇ’ ਲੇਖ ਸੰਗ੍ਰਹਿ ਇਤਿਹਾਸਕ ਦਸਤਾਵੇਜ਼/ਉਜਾਗਰ ਸਿੰਘ

ਗੁਰਮੀਤ ਸਿੰਘ ਪਲਾਹੀ ਸੰਵੇਦਨਸ਼ੀਲ ਤੱਥਾਂ ਦੀ ਗਵਾਹੀ ਨਾਲ ਲਿਖਣ ਵਾਲਾ ਲੇਖਕ ਹੈ। ਉਹ ਸਥਾਪਤ, ਇਨਸਾਫ਼ ਪਸੰਦ, ਦਲੇਰ ਤੇ ਧੜੱਲੇਦਾਰ ਵਿਦਵਾਨ ਲੇਖਕ ਹੈ। ਉਹ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਕਾਲਮ ਨਵੀਸ ਹੈ। ਉਸਦੀਆਂ ਹੁਣ ਤੱਕ 13 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ‘ਪੌਣੀ ਸਦੀ ਜਮ੍ਹਾਂ ਸਵਾ ਤਿੰਨ ਵਰ੍ਹੇ’ ਉਸਦੀ 14ਵੀਂ ਲੇਖ ਸੰਗ੍ਰਹਿਾਂ ਦੀ ਪੁਸਤਕ ਹੈ। ਇਸ ਪੁਸਤਕ ਨੂੰ ਪਰਵਿੰਦਰਜੀਤ ਸਿੰਘ ਅਤੇ ਕਮਲੇਸ਼ ਸੰਧੂ ਨੇ ਸੰਪਾਦਿਤ ਕੀਤਾ ਹੈ। ਦੋਹਾਂ ਸੰਪਾਦਕਾਂ ਨੇ ਇਸ ਪੁਸਤਕ ਵਿੱਚ ਉਸਦੇ ਵੱਖ-ਵੱਖ ਵਿਸ਼ਿਆਂ ‘ਤੇ ਵੱਖ-ਵੱਖ ਸਮੇਂ ਲਿਖੇ 51 ਲੇਖ ਸ਼ਾਮਲ ਕੀਤੇ ਹਨ, ਜਿਹੜੇ ਦੇਸ਼ ਵਿਦੇਸ਼ ਵਿੱਚ ਪ੍ਰਕਾਸ਼ਤ ਹੋਣ ਵਾਲੇ ਅਖ਼ਬਾਰਾਂ ਅਤੇ ਵੈਬ ਸਾਈਟਸ ਦਾ ਸ਼ਿੰਗਾਰ ਬਣ ਚੁੱਕੇ ਹਨ। ਇਨ੍ਹਾਂ ਲੇਖਾਂ ਦੇ ਵਿਸ਼ੇ ਲੋਕਾਈ ਦੇ ਦਰਦ ਦੀ ਦਾਸਤਾਂ ਹਨ। ਦੇਸ਼ ਵਿਦੇਸ਼ ਖਾਸ ਤੌਰ ‘ਤੇ ਪੰਜਾਬ ਵਿੱਚ ਵਾਪਰਨ ਵਾਲੀ ਹਰ ਤੱਤਕਾਲੀ ਘਟਨਾ ਬਾਰੇ ਉਸਦੇ ਬੇਬਾਕੀ ਨਾਲ ਲਿਖੇ ਲੇਖ ਇਸ ਲੇਖ ਸੰਗ੍ਰਹਿ ਵਿੱਚ ਸ਼ਾਮਲ ਕੀਤੇ ਗਏ ਹਨ।

ਲੇਖ ਸੰਗ੍ਰਹਿ ਦੇ ਨਾਮ ਵਾਲਾ ਪਹਿਲਾ ਲੇਖ ‘ ਪੌਣੀ ਸਦੀ ਜਮ੍ਹਾਂ ਸਵਾ ਤਿੰਨ ਵਰ੍ਹੇ’ ਵਿੱਚ ਦੇਸ਼ ਦੀ ਗ਼ਰੀਬੀ, ਕੰਗਾਲੀ, ਦਰਿਦਰਤਾ ਅਤੇ ਥੁੜ੍ਹਾਂ ਦਾ ਬਾਰੇ ਜਾਣਕਾਰੀ ਦਿੱਤੀ ਹੈ। ਲੇਖ ਵਿੱਚ ਸਵਾਰਥੀ ਸਿਆਸਤਦਾਨਾ ਦੀਆਂ ਸਾਜ਼ਸ਼ਾਂ ਵੱਲੋਂ ਲੋਕਾਂ ਦੀਆਂ ਸਹੂਲਤਾਂ ‘ਤੇ ਕੀਤੇ ਕਬਜ਼ਿਆਂ ਦਾ ਬਿ੍ਰਤਾਂਤ ਦਿੱਤਾ ਗਿਆ ਹੈ। ਲੋਕਾਂ ਨੂੰ ਮੁਫ਼ਤਖ਼ੋਰੇ ਬਣਾ ਦਿੱਤਾ ਹੈ। ‘ਪੱਤਰਕਾਰਾਂ ਦੀ ਹੱਤਿਆ ਪ੍ਰੈਸ ਦੀ ਆਜ਼ਾਦੀ ਲਈ ਖ਼ਤਰਾ’ ਸਿਰਲੇਖ ਵਾਲੇ ਲੇਖ ਵਿੱਚ ਦੱਸਿਆ ਗਿਆ ਹੈ ਕਿ ਔਸਤਨ ਹਰ ਰੋਜ਼ 91 ਪੱਤਰਕਾਰਾਂ ਦੇ ਕਤਲ ਹੋ ਰਹੇ ਹਨ। ਲੋਕ-ਹਿਤੈਸ਼ੀ ਪੱਤਰਕਾਰਾਂ ਲਈ ਚੁਣੌਤੀਆਂ ਬਰਕਰਾਰ ਹਨ। ‘ਨਫ਼ਰਤ ਦੇ ਅੰਗ-ਸੰਗ ਦੇਸ਼ ਮਹਾਨ’ ਲੇਖ ਵਿੱਚ ਨਸਲਵਾਦ, ਨਫ਼ਰਤੀ ਭਾਸ਼ਣਾ ਅਤੇ ਬਿਆਨਾ ਦੀ ਸਿਆਸਤਦਾਨਾ ਵੱਲੋਂ ਕੀਤੀ ਜਾਂਦੀ ਬਿਆਨਬਾਜ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ। 2023 ਦੀ ਰਿਪੋਰਟ ਅਨੁਸਾਰ 107 ਵਿਧਾਇਕ ਤੇ ਸੰਸਦ ਮੈਂਬਰਾਂ ਵੱਲੋਂ ਨਫ਼ਰਤੀ ਭਾਸ਼ਣ ਕੀਤੇ ਗਏ। ਇਨ੍ਹਾਂ ‘ਤੇ ਐਫ.ਆਈ.ਆਰ.ਸੁਪਰੀਮ ਕੋਰਟ ਦੇ ਹੁਕਮਾ ਨਾਲ ਕਰਵਾਉਣੀਆਂ ਪਈਆਂ ਹਨ। ‘ਸੁਪਨਿਆਂ ਅਤੇ ਹਕੀਕਤ ਦਰਮਿਆਨ’ ਲੇਖ ਵਿੱਚ ਕਹਿਣੀ ਤੇ ਕਰਨੀ ਦੇ ਅੰਤਰ ਬਾਰੇ ਦੱਸਿਆ ਗਿਆ ਹੈ।

ਨੇਤਾ ਜੋ ਕਹਿੰਦੇ ਹਨ, ਉਹ ਅਸਲ ਵਿੱਚ ਨਹੀਂ ਹੁੰਦਾ। ਦੂਸ਼ਿਤ ਪਾਣੀ ਨਾਲ ਲੋਕ ਰਾਜਾਂ ਵਿੱਚ ਮਰ ਰਹੇ ਹਨ। 2047 ਤੱਕ ਵਿਕਸਤ ਹੋਣ ਦਾ ਸਪਨਾ ਹਕੀਕਤਾਂ ਤੋਂ ਦੂਰ ਹੈ। ‘ਲੋਕਤੰਤਰ, ਭਾਰਤੀ ਸਿਆਸਤ ਅਤੇ ਚੀਜ਼ਾਂ ਦੀ ਮੁਫ਼ਤ ਵੰਡ’ ਲੇਖ ਵਿੱਚ ਦੱਸਿਆ ਹੈ ਕਿ ਵੋਟਾਂ ਮੁਫ਼ਤ ਚੀਜ਼ਾਂ ਦੇ ਕੇ ਖ੍ਰੀਦੀਆਂ ਜਾਂਦੀਆਂ ਹਨ। ‘ਨਸ਼ਿਆਂ ਦੀ ਦਲਦਲ-ਵੱਡੀ ਚੁਣੌਤੀ’ ਵਿੱਚ ਦੱਸਿਆ ਕਿ ਨਸ਼ਿਆਂ ਦੇ ਮਾਫ਼ੀਏ ਸਰਗਰਮ ਹਨ। ਨਸ਼ਿਆਂ ਦੀ ਤਸਕਰੀ ਜ਼ੋਰਾਂ ‘ਤੇ ਹੈ। ‘‘ਵੱਧਦੇ ਆਰਥਿਕ ਪਾੜੇ ਦੇ ਵਿਚਕਾਰ ‘ਜੀ ਰਾਮ ਜੀ’’ ਵਿੱਚ ਦੱਸਿਆ ਹੈ ਕਿ ਮਨਰੇਗਾ ਦਾ ਨਾਮ ਬਦਲਕੇ ਕੇਂਦਰ ਤੇ ਰਾਜ ਸਰਕਾਰ ਦਾ ਹਿੱਸਾ 60:40 ਕਰ ਦਿੱਤਾ। ਰਾਜਾਂ ਨੇ ਆਪਣਾ ਹਿੱਸਾ ਦੇ ਨਹੀਂ ਸਕਣਾ। ਕੇਂਦਰ ਨੇ ਆਪਣੇ ਗਲੋਂ ਲਾਹ ਦਿੱਤਾ। ਰੋਜ਼ਗਾਰ 100 ਤੋਂ 150 ਦਿਨ ਕਰ ਦਿੱਤਾ, ਜਦੋਂ ਕਿ 40 ਦਿਨਾ ਤੋਂ ਵੱਧ ਰੋਜ਼ਗਾਰ ਕਦੇ ਦਿੱਤਾ ਹੀ ਨਹੀਂ ਗਿਆ। ‘ਬੰਦੇ ਮਾਤਰਮ ਬਨਾਮ ਜਨ ਗਣ ਮਨ’ ਲੇਖ ਅਨੁਸਾਰ ਰਾਜਨੀਤਕ ਸਟੰਟ ਹੈ। ਜਨ ਗਣ ਮਨ 1937 ਤੋਂ ਚਲ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਜਿਹੜੇ ਲੇਖ ਇਸ ਪੁਸਤਕ ਦਾ ਮਾਣ ਵਧਾ ਰਹੇ ਹਨ, ਉਹ ਸਾਰੇ ਵੰਨ-ਸਵੰਨੇ ਵਿਸ਼ਿਆਂ ‘ਤੇ ਹਨ। ਕਹਿਣ ਦਾ ਭਾਵ ਹੈ ਕਿ ਕੋਈ ਅਜਿਹਾ ਵਿਸ਼ਾ ਭਾਵੇਂ ਉਹ ਕਿਸੇ ਕੁਰੀਤੀ ਨਾਲ ਸੰਬੰਧਤ ਹੋਵੇ ਤੇ ਭਾਵੇਂ ਸੰਸਾਰ ਦੇ ਕਿਸੇ ਵੀ ਹਿੱਸੇ ਵਿੱਚ ਮਾਨਵਤਾ ਦੇ ਹਿੱਤਾਂ ਦੀ ਅਣਵੇਖੀ ਹੋ ਰਹੀ ਹੋਵੇ, ਉਸਤੇ ਗੁਰਮੀਤ ਸਿੰਘ ਪਲਾਹੀ ਦੀ ਕਲਮ ਆਪ ਮੁਹਾਰੇ ਲਿਖਣ ਲੱਗ ਜਾਂਦੀ ਹੈ। ਉਹ ਆਪਣੇ ਲੇਖਾਂ ਵਿੱਚ ਗੋਦੀ ਮੀਡੀਆ ਨੂੰ ਵੀ ਆੜੇ ਹੱਥੀਂ ਲੈਂਦਾ ਹੈ। ਉਸਦੇ ਬਹੁਤੇ ਲੇਖ ਪੰਜਾਬ ਹਿਤੈਸ਼ੀ ਹਨ।

ਪੰਜਾਬ ਦੇ ਵਿਕਾਸ ਨਾਲ ਸੰਬੰਧਤ ਉਹ ਹਰ ਮੁੱਦੇ ਬਾਰੇ ਲੇਖ ਲਿਖਦਾ ਹੈ। ਗੁਰਮੀਤ ਸਿੰਘ ਪਲਾਹੀ ਘੱਟ ਗਿਣਤੀਆਂ, ਮੁਸਲਮਾਨਾ, ਸਿੱਖ ਕੈਦੀਆਂ, ਸੀ.ਬੀ.ਆਈ. ਤੇ ਈ.ਡੀ. ਮਨੀਪੁਰ, ਸੰਚਾਰ ਸਾਥੀ, ਵੋਟ ਚੋਰੀ, ਗ਼ਰੀਬੀ, ਬੇਰੋਜ਼ਗਾਰੀ, ਭਿ੍ਰਸ਼ਟਾਚਾਰ, ਪੈਨਸ਼ਨ, ਰਾਸ਼ਟਰੀ ਸਵੈਮ-ਸੇਵਕ ਸੰਘ ਤੇ ਉਸਦੇ ਵਾਦਵਿਵਾਦ ਵਰਗੇ ਮਹੱਤਵਪੂਰਨ ਵਿਸ਼ਿਆਂ ‘ਤੇ ਉਹ ਲਿਖਦਾ ਰਹਿੰਦਾ ਹੈ। ਲੇਖਕ ਇਸ ਪੁਸਤਕ ਵਿੱਚ ਸਿਰਫ ਭਾਰਤ ਵਿੱਚ ਹੋ ਰਹੀਆਂ ਸਰਗਰਮੀਆਂ/ਘਟਨਾਵਾਂ ਬਾਰੇ ਹੀ ਨਹੀਂ ਲਿਖਿਆ, ਸਗੋਂ ਸੰਸਾਰ ਵਿੱਚ ਖਾਸ ਤੌਰ ਤੇ ਡੋਨਾਲਡ ਟਰੰਪ ਦੀਆਂ ਆਪ ਹੁਦਰੀਆਂ ਬਾਰੇ ਵੀ ਲਗਾਤਾਰ ਲਿਖਿਆ ਹੈ। ਉਹ ‘ਜੰਗ ਬਨਾਮ ਟਰੰਪ ਕਾਰਡ’, ‘ਕੌਤਕੀ ਟਰੰਪ: ਦੁਨੀਆਂ ਲਈ ਖ਼ਤਰਾ’, ‘ਉਜਾੜਾ ਅਤੇ ਪਰਵਾਸ ਅਤਿਅੰਤ ਪੀੜਦਾਇਕ’ ‘ਵਪਾਰਕ ਹਥੌੜੇ ਦੀ ਮਾਰ ਅਤੇ ਚੂਰ-ਚੂਰ ਹੋ ਰਹੇ ਲੋਕ ਸੁਪਨੇ’ ਲੇਖਾਂ ਵਿੱਚ ਟਰੰਪ ਦੇ ਏਕਾ ਅਧਿਕਾਰ ਦੇ ਹੁਕਮ, ਧੱਕੇਸ਼ਾਹੀ, ਪਨਾਮਾ ਨਹਿਰ, ਕੈਨੇਡਾ, ਗ੍ਰੀਨਲੈਂਡ ਤੇ ਗਾਜ਼ਾਪੱਟੀ ਹਥਿਆਉਣ ਦੀਆਂ ਚਾਲਾਂ, ਪਰਵਾਸੀਆਂ ਨੂੰ ਹੱਥਕੜੀਆਂ ਲਾਕੇ ਵਾਪਸ ਭੇਜਣ, ਸੀਰੀਆ ਦਾ ਉਜਾੜਾ, ਯੂਕਰੇਨ ਜੰਗ, ਟਰੰਪ ਦੀ ਥਾਣੇਦਾਰੀ, ਰਾਸ਼ਟਰਵਾਦ, ਜੰਗਾਂ ਲਗਵਾਉਣਾ ਤੇ ਬੰਦ ਕਰਵਾਉਣ ਦੇ ਪਾਜ ਖੋਲ੍ਹਦਾ ਹੈ। ਯੂਰਪ ਵਿੱਚ ਕੱਟੜਪੰਥੀ ਦਲ ਤੇ ਫਾਸ਼ੀਵਾਦ ਵਿਚਾਰਾਂ ਵਾਲੇ ਲੋਕਾਂ ਦਾ ਬੋਲਬਾਲਾ ਹੋ ਰਿਹਾ ਹੈ।

ਕੈਨੇਡਾ ਨੇ ਇਮੀਗਰੇਸ਼ਨ ਰੂਲਾਂ ਵਿੱਚ ਤਬਦੀਲੀਆਂ ਕੀਤੀਆਂ ਹਨ। ਇਨ੍ਹਾਂ ਦੇਸ਼ਾਂ ਵਿੱਚ ਧਰੁਵੀਕਰਨ ਵੱਧ ਰਿਹਾ ਹੈ। ਵਿਸ਼ਵ ਦੀ ਰਾਜਨੀਤੀ ਵਿੱਚ ਭਾਰਤੀ ਮੂਲ ਦੇ ਨਾਗਰਿਕ ਮੋਹਰੀ ਦੀ ਭੂਮਿਕਾ ਨਿਭਾ ਰਹੇ ਹਨ। ਅਮਰੀਕਾ, ਕੈਨੇਡਾ, ਆਸਟਰੇਲੀਆ ਇੰਗਲੈਂਡ ਅਤੇ ਹੋਰ ਦੇਸ਼ਾਂ ਵਿੱਚ ਭਾਰਤੀ ਚੋਣਾਂ ਜਿੱਤਕੇ ਉਚ ਅਹੁਦਿਆਂ ਤੇ ਪਹੁੰਚੇ ਹੋਏ ਹਨ। ਭਾਰਤ ਵਿੱਚ ਅੰਨ੍ਹਾ ਹਜ਼ਾਰੇ ਅੰਦੋਲਨ, ਆਪ ਪਾਰਟੀ ਦਾ ਦਿੱਲੀ ਅਚਾਨਕ ਵਿੱਚ ਆਉਣਾ ਤੇ ਜਾਣਾ, ਸੰਸਦਾਂ ਤੇ ਵਿਧਾਇਕਾਂ ਦੇ ਕਾਰਨਾਮੇ, ਅਪ੍ਰਾਧਿਕ ਪਿਛੋਕੜ, ਜਵਾਬਦਾਹੀ ਗਾਇਬ ਹੋਣਾ, ਮੁਫ਼ਤਖ਼ੋਰੀ ਲੌਲੀਪਾਪ, ਤ੍ਰੈ-ਭਾਸ਼ਾਈ ਫਾਰਮੂਲਾ ਲਾਗੂ ਕਰਕੇ ਰਾਜਾਂ ਦਾ ਗਲਾ ਘੋਟਣਾ, ਵਿਵਾਦਿਤ ਸਿਖਿਆ ਨੀਤੀ, ਵਕਫ਼ ਸੋਧ ਕਾਨੂੰਨ ਰਾਹੀਂ ਘੱਟ ਗਿਣਤੀਆਂ ਨੂੰ ਤੰਗ ਕਰਨਾ, ਪਹਿਲਗਾਮ ਘਟਨਾ ਆਦਿ ਬਾਰੇ ਵਿਸਤਾਰ ਨਾਲ ਲਿਖਕੇ ਲੋਕਾਂ ਨੂੰ ਜਾਣੂ ਕਰਵਾਇਆ ਗਿਆ ਹੈ। ਇਸੇ ਤਰ੍ਹਾਂ ਦੇਸ਼ ਦੇ ਵਰਤਮਾਨ ਹਾਲਾਤ ਨੂੰ ਅੰੌਰੰਗਜ਼ੇਬ ਦੇ ਬਰਾਬਰ ਕਹਿਕੇ ਨਿਦਿੰਆ ਹੈ। ਉਹ ਇਹ ਵੀ ਲਿਖਦਾ ਹੈ ਕਿ ਪੰਜਾਬ ਦੀ ਤਬਾਹੀ ਕਰਨ ਵਾਲੇ ਕਾਰਨਾ ਨੂੰ ਲੱਭਕੇ ਜ਼ਿੰਮੇਵਾਰੀ ਨਿਸਚਤ ਕਰਨੀ ਚਾਹੀਦੀ ਹੈ। ਪੰਜਾਬੀਆਂ ਨੂੰ ਆਪਣੀ ਸੋਚ ਬਦਲਣੀ ਪਵੇਗੀ ਤਾਂ ਹੀ ਪੰਜਾਬ ਦਾ ਭਲਾ ਹੋ ਸਕਦਾ ਹੈ। ਸਿਖਿਆ ਨੀਤੀ ਵਿੱਚ ਸੋਧ ਜ਼ਰੂਰੀ ਹੈ। ਅਧਿਆਪਕਾਂ ਦੀ ਘਾਟ ਹੈ, ਪ੍ਰੰਤੂ ਆਈਲੈਟ ਸੈਂਟਰਾਂ ਦੀ ਗਿਣਤੀ ਜ਼ਿਆਦਾ ਹੈ।

ਜਾਤੀਵਾਦ ਮਰਦਮਸ਼ੁਮਾਰੀ ਸਿਆਸਤ ਤੋਂ ਪ੍ਰੇਰਿਤ ਹੈ। ਸਿਆਸੀ ਲੋਕ ਮਹਾਰਾਜਿਆਂ ਦੀ ਤਰ੍ਹਾਂ ਵਿਚਰ ਰਹੇ ਹਨ, ਉਨ੍ਹਾਂ ਨੂੰ ਆਪਣਾ ਵਿਵਹਾਰ ਬਦਲਣਾ ਪਵੇਗਾ। ਗੁਰਮੀਤ ਸਿੰਘ ਪਲਾਹੀ ਨੇ ਆਪਣੇ ਇੱਕ ਲੇਖ ਵਿੱਚ ਚਿੰਤਾ ਪ੍ਰਗਟ ਕੀਤੀ ਹੈ ਕਿ ਜਿਸ ਪ੍ਰਕਾਰ ਸੰਵਿਧਾਨ ਵਿੱਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ, ਇਉਂ ਲੱਗਦਾ ਹੈ ਕਿ ਸਮਾਜਵਾਦੀ ਤੇ ਧਰਮ ਨਿਰਪੱਖ ਸ਼ਬਦ ਸੰਵਿੰਧਾਨ ਵਿੱਚੋਂ ਕੱਢ ਦਿੱਤੇ ਜਾਣਗੇ। ਭਾਰਤੀ ਕਿਸਾਨਾ ਦੀ ਸਥਿਤੀ ਬਾਰੇ ਲਿਖਦਿਆਂ ਲੇਖਕ ਨੇ ਦੱਸਿਆ ਹੈ ਕਿ ਕਾਗਜ਼ਾਂ ਵਿੱਚ ਛੋਟੇ ਮੋਟੇ ਲਾਭ ਕਿਸਾਨਾ ਨੂੰ ਦਿੱਤੇ ਗਏ, ਪ੍ਰੰਤੂ ਅਮਲੀ ਤੌਰ ‘ਤੇ ਕਿਸਾਨ ਦੀ ਹਾਲਾਤ ਮਾੜੀ ਹੁੰਦੀ ਜਾ ਰਹੀ ਹੈ। ਪਿਛਲੇ ਲੰਬੇ ਸਮੇਂ ਤੋਂ ਨਰਿੰਦਰ ਮੋਦੀ ਦੀ ਸਰਕਾਰ ਬਹੁਤੀ ਸਫਲ ਨਹੀਂ ਹੋਈ, ਸਗੋਂ ਗ਼ਰੀਬ ਤੇ ਅਮੀਰ ਦਾ ਪਾੜਾ ਵੱਧ ਰਿਹਾ ਹੈ। ਜਿਸ ਬਦਲਾਅ ਦੀ ਉਮੀਦ ਸੀ, ਉਹ ਬਦਲਾਅ ਆਉਣ ਵਿੱਚ ਅਜੇ ਸਮਾਂ ਲੱਗੇਗਾ। ਸੜਕਾਂ ਦਾ ਨਿਰਮਾਣ ਚੰਗੇ ਢੰਗ ਨਾਲ ਹੋ ਗਿਆ ਹੈ। ਲੇਖਕ ਨੇ ਨਰਿੰਦਰ ਮੋਦੀ ਦੀ ਸਰਕਾਰ ਨੂੰ ਬਦਲਣ ਸੰਬੰਧੀ ਕਾਂਗਰਸ ਨੂੰ ਇੱਕ ਹੋਰ ਅੰਦੋਲਨ ਜਿਸਦਾ ਨਾਮ ਦੂਜ਼ੀ ਆਜ਼ਾਦੀ ਦੀ ਲੜਾਈ ਰੱਖਕੇ ਚਲਾਉਣਾ ਪਵੇਗਾ।

ਬਿਹਾਰ ਦੀਆਂ ਚੋਣਾ ਵਿੱਚ ਜਿੱਤ ਪ੍ਰਾਪਤ ਕਰਨ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਵਰਤੇ ਗਏ ਹੱਥਕੰਡਿਆਂ ਦਾ ਪੂਰਾ ਵੇਰਵਾ ਦਿੱਤਾ ਗਿਆ ਹੈ। ਬਿਹਾਰ ਜਿੱਤਿਆ ਨਹੀਂ ਸਗੋਂ ਹਥਿਆਇਆ ਗਿਆ ਹੈ। ਰਾਜਪਾਲ ਰਾਜ ਸਰਕਾਰਾਂ ਦੀ ਕਾਰਗੁਜ਼ਾਰੀ ਵਿੱਚ ਬੇਲੋੜੀ ਦਖ਼ਲਅੰਦਾਜ਼ੀ ਕਰ ਰਹੇ ਹਨ। ਪੰਜਾਬ ਵਿੱਚੋਂ ਰੀਜਨਲ ਪਾਰਟੀਆਂ ਦੀ ਸਥਿਤੀ ਡਾਵਾਂਡੋਲ ਹੈ। ਕੇਂਦਰ ਨੂੰ ਪੰਜਾਬ ਦੇ ਹਿਤਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਪੰਜਾਬ ਨੂੰ ਹੜ੍ਹਾਂ ਦੀ ਮਾਰ ਨੇ ਨੁਕਸਾਨ ਪਹੁੰਚਾਇਆ ਹੈ, ਪ੍ਰੰਤੂ ਕੇਂਦਰ ਦੀ ਮਦਦ ਬਹੁਤ ਘੱਟ ਹੈ। ਇਸ ਲਈ ਕੇਂਦਰ ਨੂੰ ਪੰਜਾਬ ਦੀ ਬਾਂਹ ਫੜ੍ਹਨੀ ਚਾਹੀਦੀ ਹੈ। ਲੇਖਕ ਨੇ ਇਹ ਵੀ ਲਿਖਿਆ ਹੈ ਕਿ ਕੇਂਦਰ ਸਰਕਾਰ ਆਪਣੀ ਰਾਜਨੀਤੀ ਲਈ ਕਾਨੂੰਨਾ ਨੂੰ ਹਥਿਆਰ ਵਜੋਂ ਵਰਤ ਰਹੀ ਹੈ। ਪੰਜਾਬ ਵਿੱਚ ਪੰਚਾਇਤਾਂ ਤੇ ਸਥਾਨਕ ਸਰਕਾਰਾਂ ਦੀ ਖੁਦਮੁਖਤਾਰੀ ਨੂੰ ਖੋਹਿਆ ਜਾ ਰਿਹਾ ਹੈ, ਜੋ ਪਰਜਾਤੰਤਰਿਕ ਪ੍ਰਣਾਲੀ ਵਿੱਚ ਖ਼ਤਰਨਾਕ ਟਰੈਂਡ ਹੈ।

ਲੇਖਕ ਇੱਕ ਲੇਖ ਵਿੱਚ ਲਿਖਦਾ ਹੈ ਕਿ ਸਿਆਸੀ ਖ਼ਚਰਾਪਣ ਨੇ ਲੋਕਾਈ ਦਾ ਨੁਕਸਾਨ ਕੀਤਾ ਹੈ, ਪ੍ਰੰਤੂ ਸਾਹਿਤ ਨੇ ਸਮਾਜਕ ਤੇ ਸਿਅਸੀ ਤਬਦੀਲੀ ਵਿੱਚ ਵਿਲੱਖਣ ਯੋਗਦਾਨ ਪਾਇਆ ਹੈ। ਉਹ ਚੋਣਾਂ ਜਿੱਤਣ ਲਈ ਮੁਫ਼ਤਖ਼ੋਰੀ ਦੀ ਪ੍ਰਵਿਰਤੀ ਨੂੰ ਵੀ ਪਰਜਾਤੰਤਰ ਲਈ ਘਾਤਕ ਸਮਝਦਾ ਹੈ। ਆਰ.ਟੀ.ਆਈ.ਕਾਨੂੰਨਾਂ ਵਿੱਚ ਸਰਕਾਰ ਤਬਦੀਲੀਆਂ ਕਰਕੇ ਲੋਕਾਂ ਦੇ ਹਿੱਤਾਂ ਦਾ ਨੁਕਸਾਨ ਕਰਕੇ ਆਪਣੀ ਮਨਮਰਜੀ ਕਰਨ ਦਾ ਰਾਹ ਪੱਧਰਾ ਕਰ ਰਹੀ ਹੈ। ਭਾਰਤ ਵਿੱਚ ਇਨਸਾਫ਼ ਮਿਲਣਾ ਦੂਰ ਦੀ ਗੱਲ ਬਣ ਗਈ ਹੈ। ਪੰਜਾਬ ਦੇ ਜ਼ਖ਼ਮ ਹਮੇਸ਼ਾ ਲਈ ਅੱਲੇ ਹਨ, ਕਿਉਂਕਿ ਪੰਜਾਬ ਨਾਲ ਹੋਈਆਂ ਜ਼ਿਆਦਤੀਆਂ ਦਾ ਕਦੀ ਵੀ ਇਨਸਾਫ ਨਹੀਂ ਮਿਲਿਆ। ਪਾਣੀਆਂ ਦੇ ਮਸਲੇ ਤੇ ਪੰਜਾਬ ਦੇ ਹੱਕ ਖੋਹੇ ਜਾ ਰਹੇ ਹਨ, ਕਿਉਂਕਿ ਕੇਂਦਰ ਸਰਕਾਰ ਮਨਮਰਜ਼ੀ ਕਰ ਰਹੀ ਹੈ। 240 ਪੰਨਿਆਂ, 300 ਰੁਪਏ ਕੀਮਤ ਵਾਲਾ ਇਹ ਲੇਖ ਸੰਗ੍ਰਹਿ ਪੰਜਾਬੀ ਵਿਰਸਾ ਟਰੱਸਟ (ਰਜਿ:) ਪਲਾਹੀ ਫਗਵਾੜਾ ਨੇ ਪ੍ਰਕਾਸ਼ਤ ਕੀਤਾ ਹੈ। ਸੰਪਰਕ ਗੁਰਮੀਤ ਸਿੰਘ ਪਲਾਹੀ : 9815802070

ujagar-singh-1 ‘ਪੌਣੀ ਸਦੀ ਜਮ੍ਹਾਂ ਸਵਾ ਤਿੰਨ ਵਰ੍ਹੇ’ ਲੇਖ ਸੰਗ੍ਰਹਿ ਇਤਿਹਾਸਕ ਦਸਤਾਵੇਜ਼/ਉਜਾਗਰ ਸਿੰਘ

94178 13072

ujagarsingh48@yahoo.com

Share this content:

Previous post

ਨਰਪਾਲ ਸਿੰਘ ਸ਼ੇਰਗਿਲ ਦੀ ਪੁਸਤਕ ਪੰਜਾਬੀ ਸੰਸਾਰ-2025 ਦਾ ਲੋਕ ਅਰਪਨ 5 ਅਪ੍ਰੈਲ ਨੂੰ

Next post

ਭਗਵੰਤ ਮਾਨ ਸਰਕਾਰ ਵੱਲੋਂ ਜਨਤਕ ਸੇਵਾਵਾਂ ਵਿੱਚ ਸੁਧਾਰ ਲਈ ਬਕਾਇਆ ਆਰ.ਸੀ. ਅਤੇ ਡਰਾਈਵਿੰਗ ਲਾਇਸੰਸ ਅਰਜ਼ੀਆਂ ਦੇ ਸਮਾਂਬੱਧ ਨਿਪਟਾਰੇ ਦੇ ਨਿਰਦੇਸ਼ : ਹਰਪਾਲ ਸਿੰਘ ਚੀਮਾ

Post Comment