Loading Now

ਪਾਣੀ ਦੀ 47 ਡਿਗਰੀ ਤਾਪਮਾਨ ‘ਚ ਬੂੰਦ-ਬੂੰਦ ਨੂੰ ਤਰਸੇ ਵਾਰਡ ਨੰਬਰ 29 ਅਤੇ 41 ਦੇ ਲੋਕ

ਪਾਣੀ ਦੀ 47 ਡਿਗਰੀ ਤਾਪਮਾਨ ‘ਚ ਬੂੰਦ-ਬੂੰਦ ਨੂੰ ਤਰਸੇ ਵਾਰਡ ਨੰਬਰ 29 ਅਤੇ 41 ਦੇ ਲੋਕ

ਬਰਨਾਲਾ, 1 ਜੁਲਾਈ 2026 – ਬਰਨਾਲਾ ਸ਼ਹਿਰ ਦੇ ਵਾਰਡ ਨੰਬਰ 29 ਅਤੇ 41 ਦੇ ਨਿਵਾਸੀ ਪਿਛਲੇ ਇੱਕ ਹਫ਼ਤੇ ਤੋਂ ਪਾਣੀ ਦੀ ਬੂੰਦ-ਬੂੰਦ ਲਈ ਤਰਸ ਰਹੇ ਹਨ। 47 ਡਿਗਰੀ ਦੀ ਭਿਆਨਕ ਗਰਮੀ ਵਿੱਚ ਪਾਣੀ ਦੀ ਸਪਲਾਈ ਬਿਲਕੁਲ ਬੰਦ ਰਹਿਣ ਕਾਰਨ ਅੱਕੇ ਮਹੱਲਾ ਨਿਵਾਸੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਕੱਚਾ ਕਾਲਜ ਰੋਡ ‘ਤੇ ਧਰਨਾ ਦਿੱਤਾ। ਕੋਈ ਸੁਣਵਾਈ ਨਾ ਹੁੰਦੀ ਦੇਖ, ਦੋਵਾਂ ਵਾਰਡਾਂ ਦੇ ਲੋਕਾਂ ਨੇ ਆਪਸ ਵਿੱਚ ਪੈਸੇ ਇਕੱਠੇ ਕਰਕੇ ਨਵਾਂ ਟਿਊਬਵੈੱਲ ਲਗਾਉਣ ਦਾ ਫੈਸਲਾ ਕੀਤਾ ਅਤੇ ਅੱਜ ਉਸ ਦਾ ਭੂਮੀ ਪੂਜਨ ਵੀ ਕਰ ਦਿੱਤਾ।

ਧਰਨੇ ‘ਤੇ ਬੈਠੇ ਸਾਬਕਾ ਐਮ.ਸੀ. ਮਹੇਸ਼ ਕੁਮਾਰ ਲੋਟਾਂ ਅਤੇ ਮੱਖਣ ਸ਼ਰਮਾ ਨੇ ਦੱਸਿਆ ਕਿ ਭਿਆਨਕ ਗਰਮੀ ਦੇ ਬਾਵਜੂਦ ਇੱਕ ਹਫ਼ਤੇ ਤੋਂ ਇਲਾਕੇ ਵਿੱਚ ਪਾਣੀ ਦੀ ਸਪਲਾਈ ਠੱਪ ਹੈ। ਲੋਕ ਪੀਣ ਵਾਲਾ ਪਾਣੀ ਮੁੱਲ ਲੈਣ ਲਈ ਮਜਬੂਰ ਹਨ ਅਤੇ ਨਹਾਉਣ-ਧੋਣ ਲਈ ਵੀ ਕੋਈ ਪਾਣੀ ਉਪਲਬਧ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਸੀਵਰੇਜ ਬੋਰਡ ਦੇ ਦਫ਼ਤਰ ਦੇ ਚੱਕਰ ਕੱਟੇ, ਡਿਪਟੀ ਕਮਿਸ਼ਨਰ ਅਤੇ ਮੇਅਰ ਨੂੰ ਵਟਸਐਪ ‘ਤੇ ਸ਼ਿਕਾਇਤਾਂ ਭੇਜੀਆਂ। ਮੇਅਰ ਨੇ ਇੱਕ ਦਿਨ ਫੋਨ ਚੁੱਕਿਆ, ਪਰ ਬਾਅਦ ਵਿੱਚ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ। ਸੱਤਾਧਾਰੀ ਲੋਕ ਸ਼ਾਇਦ ਇਹ ਸੋਚ ਰਹੇ ਹਨ ਕਿ ਇਹ ਇਲਾਕਾ ਬਰਨਾਲਾ ਦਾ ਹਿੱਸਾ ਹੀ ਨਹੀਂ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵਾਰਡ ਵਾਸੀਆਂ ਨੇ ਬਕਾਇਦਾ ਇੱਕ ਐਫੀਡੈਵਿਟ (ਹਲਫ਼ਨਾਮਾ) ਤਿਆਰ ਕੀਤਾ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ਇਸ ਟਿਊਬਵੈੱਲ ਦਾ ਸਾਰਾ ਖ਼ਰਚਾ ਭਾਵੇਂ ਮਹੱਲਾ ਨਿਵਾਸੀਆਂ ਨੇ ਕੀਤਾ ਹੈ, ਪਰ ਲੱਗਣ ਤੋਂ ਬਾਅਦ ਉਹ ਇਸ ਨੂੰ ਨਗਰ ਨਿਗਮ ਨੂੰ ‘ਦਾਨ’ ਵਜੋਂ ਸੌਂਪ ਦੇਣਗੇ ਅਤੇ ਕੋਈ ਕਲੇਮ ਨਹੀਂ ਮੰਗਣਗੇ।

ਇਸ ਮੌਕੇ ਨਰਿੰਦਰ ਗਰਗ ਨੀਟਾ ਨੇ ਪ੍ਰਸ਼ਾਸਨ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਪਾਰਕ ਵਾਲਾ ਟਿਊਬਵੈੱਲ ਪਹਿਲਾਂ ਹੀ ਡੈੱਡ (ਖ਼ਰਾਬ) ਹੋ ਚੁੱਕਾ ਸੀ। ਇਸ ਸਬੰਧੀ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਐਕਸੀਅਨ, ਐਸ.ਡੀ.ਓ. ਅਤੇ ਜੇ.ਈ. ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ ਕਿ ਵੱਡੀ ਮੁਸੀਬਤ ਆ ਸਕਦੀ ਹੈ। ਪਰ ਕਿਸੇ ਵੀ ਅਧਿਕਾਰੀ ਨੇ ਆਪਣੇ ਏ.ਸੀ. ਕਮਰੇ ਵਿੱਚੋਂ ਬਾਹਰ ਨਿਕਲ ਕੇ ਇਸ ਦੀ ਸਾਰ ਨਹੀਂ ਲਈ। ਬੇਸ਼ਰਮੀ ਦੀ ਹੱਦ ਤਾਂ ਉਦੋਂ ਹੋ ਗਈ ਜਦੋਂ ਧਰਨੇ ‘ਤੇ ਬੈਠਣ ਦੇ ਬਾਵਜੂਦ ਨਾ ਤਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਅਤੇ ਨਾ ਹੀ ਸੱਤਾਧਾਰੀ ਪਾਰਟੀ ਦਾ ਕੋਈ ਆਗੂ ਸੁਣਵਾਈ ਲਈ ਪਹੁੰਚਿਆ।

Share this content:

Post Comment