ਪਾਕਿਸਤਾਨ ਨੇ ਹੁਣ ਤੱਕ 26.80 ਲੱਖ ਅਫ਼ਗਾਨੀਆਂ ਦਾ ਬਿਸਤਰਾ ਕੀਤਾ ਗੋਲ
ਇਸਲਾਮਾਬਾਦ, 11 ਅਗਸਤ – ਪਾਕਿਸਤਾਨ ਨੇ ਪੰਜਾਬ ਸੂਬੇ ’ਚ ਨਾਜਾਇਜ਼ ਤਰੀਕੇ ਨਾਲ ਰਹਿ ਰਹੇ 1,40,468 ਅਫ਼ਗਾਨ ਨਾਗਰਿਕਾਂ ਨੂੰ ਜਲਾਵਤਨ ਕਰ ਦਿੱਤਾ ਹੈ। ਇਨ੍ਹਾਂ ਲੋਕਾਂ ਨੂੰ ਅਫ਼ਗਾਨਿਸਤਾਨ ਭੇਜ ਦਿੱਤਾ ਗਿਆ ਹੈ। ਪਾਕਿਸਤਾਨ ਨੇ ਅਜਿਹੇ ਲੋਕਾਂ ਖ਼ਿਲਾਫ਼ ਮੁਹਿੰਮ ਚਲਾਈ ਹੋਈ ਹੈ। ਡਾਨ ਅਖ਼ਬਾਰ ’ਚ ਸੋਮਵਾਰ ਨੂੰ ਛਪੀ ਖ਼ਬਰ ਮੁਤਾਬਕ, ਗ੍ਰਹਿ ਮੰਤਰਾਲੇ ਦੇ ਵਿਦੇਸ਼ ਰਾਸ਼ਟਰੀ ਸੁਰੱਖਿਆ ਸੈੱਲ ਨੇ ਅਫ਼ਗਾਨ ਨਾਗਰਿਕਾਂ ਖ਼ਿਲਾਫ਼ ਚਲਾਏ ਜਾ ਰਹੇ ਅਭਿਆਨ ਤਹਿਤ ਇਹ ਕਾਰਵਾਈ ਕੀਤੀ ਹੈ। ਇਸ ਅਭਿਆਨ ਤਹਿਤ ਉਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਹਿਰਾਸਤ ਕੇਂਦਰਾਂ ’ਚ ਰੱਖਿਆ ਜਾ ਰਿਹਾ ਹੈ, ਜਿਹੜੇ ਦੇਸ਼ ’ਚ ਨਾਜਾਇਜ਼ ਤਰੀਕੇ ਨਾਲ ਰਹਿ ਰਹੇ ਹਨ।
ਇੱਥੇ ਦਸਤਾਵੇਜ਼ ਸਬੰਧੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਅਫ਼ਗਾਨਿਸਤਾਨ ਭੇਜ ਦਿੱਤਾ ਜਾਂਦਾ ਹੈ। ਪਾਕਿਸਤਾਨ ਤੋ ਹੁਣ ਤੱਕ 26.80 ਲੱਖ ਅਫ਼ਗਾਨ ਨਾਗਰਿਕਾਂ ਨੂੰ ਕੱਢਿਆ ਜਾ ਚੁੱਕਾ ਹੈ। ਪੰਜਾਬ ਸੂਬੇ ਦੇ ਗ੍ਰਹਿ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਜਾਇਜ਼ ਵੀਜ਼ੇ ਤੋਂ ਬਿਨਾਂ ਅਫ਼ਗਾਨ ਨਾਗਰਿਕਾਂ ਦਾ ਦੇਸ਼ ’ਚ ਰਹਿਣਾ ਗ਼ੈਰ-ਕਾਨੂੰਨੀ ਹੈ। ਅਜਿਹੇ ਲੋਕਾਂ ਦੀ ਗ੍ਰਿਫ਼ਤਾਰੀ ਲਈ ਸੂਬੇ ’ਚ ਮੁਹਿੰਮ ਚਲਾਈ ਗਈ ਹੈ। ਇਹ ਘਟਨਾਕ੍ਰਮ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਅੰਤਰਰਾਸ਼ਟਰੀ ਏਜੰਸੀਆਂ ਨੇ ਅਫ਼ਗਾਨ ਸ਼ਰਨਾਰਥੀਆਂ ਨੂੰ ਕੱਢੇ ਜਾਣ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ।
Share this content:


Post Comment