Loading Now

ਪਾਕਿਸਤਾਨ ‘ਚ 80 ਸਾਲਾਂ ਬਾਅਦ ਖੁੱਲ੍ਹਣਗੇ ਗੁਰਦੁਆਰਾ ਨਾਨਕਸਰ ਦੇ ਬੂਹੇ

ਪਾਕਿਸਤਾਨ ‘ਚ 80 ਸਾਲਾਂ ਬਾਅਦ ਖੁੱਲ੍ਹਣਗੇ ਗੁਰਦੁਆਰਾ ਨਾਨਕਸਰ ਦੇ ਬੂਹੇ

ਚੰਡੀਗੜ੍ਹ, 26 ਫਰਵਰੀ – ਪਾਕਿਸਤਾਨ ਦੇ ਸਿਆਲਕੋਟ ਵਿੱਚ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸਾਹਿਬ, ਜੋ ਵੰਡ ਤੋਂ ਬਾਅਦ ਬੰਦ ਪਿਆ ਸੀ, ਹੁਣ ਦੁਬਾਰਾ ਆਬਾਦ ਕੀਤਾ ਜਾਵੇਗਾ। ਗੁਰਦੁਆਰਾ ਪਹਿਲੀ ਪਾਤਸ਼ਾਹੀ ਨਾਨਕਸਰ ਸਿਆਲਕੋਟ ਦੇ ਡਸਕਾ ਜ਼ਿਲ੍ਹੇ ਦੇ ਪਿੰਡ ਫ਼ਤਹਿ ਭਿੰਡਰ ਵਿੱਚ ਸਥਿਤ ਹੈ। ਇਸ ਦੀ ਇਮਾਰਤ ਕਾਫੀ ਖ਼ਸਤਾ ਹਾਲਤ ਵਿੱਚ ਹੈ, ਜਿਸ ਦੀ ਮੁਰੰਮਤ ਲਈ ਹੁਣ ਜਾਂਚ ਕੀਤੀ ਜਾ ਰਹੀ ਹੈ। ਮੰਨਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਇਸ ਅਸਥਾਨ ਦੀ ਯਾਤਰਾ ਕੀਤੀ ਸੀ। ਵੰਡ ਵੇਲੇ ਇਹ ਹਿੱਸਾ ਪਾਕਿਸਤਾਨ ਵਿੱਚ ਰਹਿ ਗਿਆ ਸੀ ਅਤੇ ਸਿੱਖ ਪਰਿਵਾਰਾਂ ਦੇ ਉੱਥੋਂ ਚਲੇ ਜਾਣ ਕਾਰਨ ਇਹ ਅਸਥਾਨ ਲੰਬੇ ਸਮੇਂ ਤੋਂ ਖਾਲੀ ਪਿਆ ਸੀ। ਉੱਥੇ ਅੱਜ ਵੀ ਗੁਰਮੁਖੀ ਵਿੱਚ ਲਿਖੀ ਇੱਕ ਸੰਗਮਰਮਰ ਦੀ ਤਖ਼ਤੀ ਮੌਜੂਦ ਹੈ, ਜੋ ਗੁਰੂ ਸਾਹਿਬ ਦੀ ਫੇਰੀ ਬਾਰੇ ਜਾਣਕਾਰੀ ਦਿੰਦੀ ਹੈ।

ਪਾਕਿਸਤਾਨ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ, ਸੱਭਿਆਚਾਰਕ ਕਮੇਟੀ ਦੀ ਚੇਅਰਪਰਸਨ ਸਈਦਾ ਨੋਸ਼ੀਨ ਇਫ਼ਤਿਖਾਰ ਅਤੇ ਈਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ETPB) ਦੇ ਚੇਅਰਮੈਨ ਕਮਰ-ਉਜ਼-ਜ਼ਮਾਨ ਨੇ ਮਾਹਿਰਾਂ ਨਾਲ ਮਿਲ ਕੇ ਇਸ ਅਸਥਾਨ ਦਾ ਦੌਰਾ ਕੀਤਾ। ਰਮੇਸ਼ ਸਿੰਘ ਅਰੋੜਾ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਸਿਆਲਕੋਟ ਦੇ ‘ਬਾਬੇ ਦੀ ਬੇਰੀ’ ਤੋਂ ਵਾਪਸ ਪਰਤਦੇ ਹੋਏ ਇੱਥੇ ਰੁਕੇ ਸਨ। ਉਨ੍ਹਾਂ ਕਿਹਾ ਕਿ ਇਹ ਗੁਰਦੁਆਰਾ ਲਗਪਗ 80 ਸਾਲਾਂ ਤੋਂ ਬੰਦ ਰਹਿਣ ਕਾਰਨ ਕਾਫੀ ਖਸਤਾ ਹਾਲ ਹੋ ਚੁੱਕਾ ਹੈ ਅਤੇ ਇਮਾਰਤ ਵਿੱਚ ਤਰੇੜਾਂ ਆ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਮੁਤਾਬਿਕ\B \Bਸਿੱਖ ਵਿਰਾਸਤ ਨੂੰ ਸੰਭਾਲਣ ਅਤੇ ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਇਹ ਕੰਮ ਕੀਤਾ ਜਾ ਰਿਹਾ ਹੈ। ਅਗਲੇ ਤਿੰਨ ਸਾਲਾਂ ਵਿੱਚ ਪਾਕਿਸਤਾਨ ਦੇ ਲਗਪਗ 40-50 ਗੁਰਦੁਆਰਿਆਂ ਦੀ ਮੁਰੰਮਤ ਕਰਨ ਦੀ ਯੋਜਨਾ ਹੈ। ਪਹਿਲੇ ਪੜਾਅ ਵਿੱਚ 17-18 ਗੁਰਦੁਆਰਿਆਂ ਦਾ ਕੰਮ ਚੱਲ ਰਿਹਾ ਹੈ, ਜੋ ਮਈ ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਅਰੋੜਾ ਨੇ ਕਿਹਾ ਕਿ ਪਾਕਿਸਤਾਨ ਆਉਣ ਵਾਲੇ ਸਿੱਖ ਸ਼ਰਧਾਲੂ ਇਹ ਦੇਖ ਕੇ ਖੁਸ਼ ਹੁੰਦੇ ਹਨ ਕਿ ਉਨ੍ਹਾਂ ਦੇ ਪਵਿੱਤਰ ਅਸਥਾਨ ਸੁਰੱਖਿਅਤ ਹਨ।

Share this content:

Previous post

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

Next post

ਗਰਚਾ ਪਰਿਵਾਰ ਕੈਨੇਡਾ ਵੱਲੋਂ – ਪੰਜਾਬੀ ਅਧਿਆਪਕਾਂ ਦੇ ਸਨਮਾਨ ਲਈ ਸ਼ੁਰੂ ਕੀਤੀ ਪੁਰਸਕਾਰਾਂ ਦੀ ਲੜੀ ਜਾਰੀ ਰੱਖਦੇ ਹੋਏ ਗੁਰੂ ਤੇਗ ਬਹਾਦਰ ਕਾਲਜ ਦਾਖਾ ਦੀਆਂ ਦੋ ਅਧਿਆਪਕਾਵਾਂ ਦਾ ਸਨਮਾਨ

Post Comment