ਪਟਿਆਲਾ ਦੇ Jayant Garg ਨੇ UPSC ‘ਚ ਗੱਡੇ ਝੰਡੇ: ਹਾਸਲ ਕੀਤਾ 64ਵਾਂ ਰੈਂਕ
ਪਟਿਆਲਾ/ਚੰਡੀਗੜ੍ਹ, 14 ਮਾਰਚ – UPSC ਸਿਵਲ ਸੇਵਾਵਾਂ ਪ੍ਰੀਖਿਆ ’25 (CSE ’25) ਦੇ ਨਤੀਜਿਆਂ ਵਿੱਚ ਪੰਜਾਬ ਦੇ ਹੋਣਹਾਰ ਨੌਜਵਾਨ ਜਯੰਤ ਗਰਗ ਨੇ ਆਲ ਇੰਡੀਆ 64ਵਾਂ ਰੈਂਕ (AIR 64) ਹਾਸਲ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਜਯੰਤ ਦੀ ਇਹ ਪ੍ਰਾਪਤੀ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਲਗਾਤਾਰ ਬਿਹਤਰ ਕਰਨ ਦੇ ਜਜ਼ਬੇ ਦਾ ਨਤੀਜਾ ਹੈ।
ਜਯੰਤ ਗਰਗ ਦਾ ਵਿਦਿਅਕ ਅਤੇ ਪੇਸ਼ੇਵਰ ਸਫ਼ਰ ਬਹੁਤ ਹੀ ਪ੍ਰਭਾਵਸ਼ਾਲੀ ਰਿਹਾ ਹੈ। ਉਨ੍ਹਾਂ ਨੇ 2015 ਵਿੱਚ ਪਟਿਆਲਾ ਦੇ ਪ੍ਰਸਿੱਧ ਬਿਕਰਮ ਕਾਲਜ ਵਿੱਚ ਦਾਖ਼ਲਾ ਲਿਆ ਸੀ, ਪਰ ਚਾਰਟਡ ਅਕਾਊਂਟੈਂਸੀ (CA) ਦੀ ਪੜ੍ਹਾਈ ਕਾਰਨ 2016 ਵਿੱਚ ਕਾਲਜ ਛੱਡ ਦਿੱਤਾ। ਸਾਲ 2019 ਵਿੱਚ ਜਯੰਤ CA ਬਣੇ ਅਤੇ ਇਸ ਪ੍ਰੀਖਿਆ ਵਿੱਚ ਵੀ ਉਨ੍ਹਾਂ ਨੇ ਆਲ ਇੰਡੀਆ 39ਵਾਂ ਰੈਂਕ ਹਾਸਲ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। CA ਬਣਨ ਤੋਂ ਬਾਅਦ ਉਨ੍ਹਾਂ ਨੇ ਕੁਝ ਸਮਾਂ ਪ੍ਰਾਈਵੇਟ ਸੈਕਟਰ ਵਿੱਚ ਕੰਮ ਕੀਤਾ।
ਜਯੰਤ ਦਾ ਰੁਝਾਨ ਹਮੇਸ਼ਾ ਪ੍ਰਸ਼ਾਸਨਿਕ ਸੇਵਾਵਾਂ ਵੱਲ ਰਿਹਾ। ਸਾਲ 2023 ਵਿੱਚ ਉਨ੍ਹਾਂ ਦੀ ਚੋਣ ਹਰਿਆਣਾ ਅਲਾਈਡ ਸਰਵਿਸਿਜ਼ ਵਿੱਚ ਹੋਈ, ਪਰ UPSC ਦੀ ਤਿਆਰੀ ਲਈ ਉਨ੍ਹਾਂ ਨੇ ਇਹ ਨੌਕਰੀ ਛੱਡ ਦਿੱਤੀ। ਸਾਲ 2023 ਦੀ UPSC ਪ੍ਰੀਖਿਆ ਵਿੱਚ ਵੀ ਉਹ ਸਫ਼ਲ ਰਹੇ ਅਤੇ ਫਰਵਰੀ 2025 ਵਿੱਚ ਉਨ੍ਹਾਂ ਨੇ IRMS (ਇੰਡੀਅਨ ਰੇਲਵੇ ਮੈਨੇਜਮੈਂਟ ਸਰਵਿਸ) ਟ੍ਰੈਫਿਕ ਕੇਡਰ ਜੁਆਇਨ ਕੀਤਾ। ਵਰਤਮਾਨ ਵਿੱਚ ਉਹ IRMS ਅਧਿਕਾਰੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਹੁਣ 64ਵਾਂ ਰੈਂਕ ਹਾਸਲ ਕਰਕੇ ਉਨ੍ਹਾਂ ਦਾ IAS ਬਣਨ ਦਾ ਸੁਪਨਾ ਪੂਰਾ ਹੋ ਗਿਆ ਹੈ।
Share this content:



Post Comment