Loading Now

ਨੇਪਾਲੀ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਦਾ ਵੱਡਾ ਬਿਆਨ

ਨੇਪਾਲੀ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਦਾ ਵੱਡਾ ਬਿਆਨ

ਕਠਮੰਡੂ, 1 ਜੂਨ – ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਨੇ ਭਾਰਤ-ਨੇਪਾਲ ਸਰਹੱਦੀ ਵਿਵਾਦ ‘ਤੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਭਾਰਤ ਨੇ ਹੀ ਨੇਪਾਲੀ ਜ਼ਮੀਨ ‘ਤੇ ਕਬਜ਼ਾ ਨਹੀਂ ਕੀਤਾ, ਨੇਪਾਲ ਨੇ ਵੀ ਕਈ ਭਾਰਤੀ ਇਲਾਕਿਆਂ ‘ਤੇ ਕਬਜ਼ਾ ਕੀਤਾ ਹੈ। ਐਤਵਾਰ ਸੰਸਦ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਸ਼ਾਹ ਨੇ ਕਿਹਾ, ‘ਮੈਨੂੰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਸ ਬਾਰੇ ਪਤਾ ਲੱਗਾ। ਦੋਵਾਂ ਦੇਸ਼ਾਂ ਨੂੰ ਇਕੱਠੇ ਬੈਠ ਕੇ ਇਸ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ। ਲਿਪੁਲੇਖ ਅਤੇ ਲਿੰਪੀਆਧੁਰਾ ਰਾਹੀਂ ਭਾਰਤ ਅਤੇ ਚੀਨ ਵਿਚਕਾਰ ਵਪਾਰ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਸ਼ਾਹ ਨੇ ਕਿਹਾ ਕਿ ਵਿਵਾਦਾਂ ਨੂੰ ਕੂਟਨੀਤਕ ਗੱਲਬਾਤ ਰਾਹੀਂ ਹੱਲ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਨੇਪਾਲ ਪਹਿਲਾਂ ਹੀ ਭਾਰਤ ਨੂੰ ਇੱਕ ਅਧਿਕਾਰਤ ਕੂਟਨੀਤਕ ਨੋਟ ਭੇਜ ਚੁੱਕਾ ਹੈ ਅਤੇ ਭਾਰਤ ਤੋਂ ਜਵਾਬ ਵੀ ਪ੍ਰਾਪਤ ਹੋਇਆ ਹੈ। ਉਨ੍ਹਾ ਕਿਹਾ ਕਿ ਸਰਹੱਦੀ ਵਿਵਾਦ ਬਾਰੇ ਨਾ ਸਿਰਫ ਭਾਰਤ ਅਤੇ ਚੀਨ ਨਾਲ, ਸਗੋਂ ਬ੍ਰਿਟੇਨ ਨਾਲ ਵੀ ਚਰਚਾ ਕੀਤੀ ਗਈ ਹੈ। ਸ਼ਾਹ ਨੇ ਕਿਹਾ ਕਿ ਨੇਪਾਲ ਦਾ ਮੰਨਣਾ ਹੈ ਕਿ ਬ੍ਰਿਟੇਨ ਨੂੰ ਵੀ ਇਸ ਮੁੱਦੇ ਵਿੱਚ ਦਿਲਚਸਪੀ ਲੈਣੀ ਚਾਹੀਦੀ ਹੈ, ਕਿਉਂਕਿ ਇਸ ਦੀਆਂ ਜੜ੍ਹਾਂ ਉਸ ਸਮੇਂ ਵਿੱਚ ਹਨ, ਜਦੋਂ ਅੰਗਰੇਜ਼ਾਂ ਦਾ ਰਾਜ ਸੀ। ਕਠਮੰਡੂ ਦੇ ਮੇਅਰ ਵਜੋਂ ਸੇਵਾ ਨਿਭਾਉਂਦੇ ਹੋਏ ਬਾਲੇਨ ਸ਼ਾਹ ਨੇ ਆਪਣੇ ਦਫਤਰ ਵਿੱਚ ਗ੍ਰੇਟਰ ਨੇਪਾਲ ਦਾ ਇੱਕ ਨਕਸ਼ਾ ਪ੍ਰਦਰਸ਼ਤ ਕੀਤਾ ਸੀ। ਇਸ ਵਿੱਚ ਹਿਮਾਚਲ ਪ੍ਰਦੇਸ਼ ਦੇ ਪੱਛਮੀ ਕਾਂਗੜਾ ਤੋਂ ਪੱਛਮੀ ਬੰਗਾਲ ਵਿੱਚ ਪੂਰਬੀ ਤੀਸਤਾ ਨਦੀ ਤੱਕ ਦੇ ਖੇਤਰ ਨੂੰ ਗ੍ਰੇਟਰ ਨੇਪਾਲ ਦੇ ਹਿੱਸੇ ਵਜੋਂ ਦਰਸਾਇਆ ਗਿਆ ਸੀ। ਮਾਰਚ ਵਿੱਚ ਹੋਈਆਂ ਚੋਣਾਂ ਜਿੱਤ ਕੇ ਸੱਤਾ ਸੰਭਾਲਣ ਤੋਂ ਬਾਅਦ ਸ਼ਾਹ ਨੇ ਪਹਿਲੀ ਵਾਰ ਸੰਸਦ ਵਿੱਚ ਭਾਸ਼ਣ ਦਿੱਤਾ। ਵਿਰੋਧੀ ਧਿਰ ਦੇ ਸੰਸਦ ਮੈਂਬਰ ਮੰਗ ਕਰ ਰਹੇ ਸਨ ਕਿ ਪ੍ਰਧਾਨ ਮੰਤਰੀ ਸੰਸਦ ਵਿੱਚ ਆਉਣ ਅਤੇ ਮਹੱਤਵਪੂਰਨ ਰਾਸ਼ਟਰੀ ਮੁੱਦਿਆਂ ਨੂੰ ਸੰਬੋਧਨ ਕਰਨ। ਫਿਰ ਬਲੇਨ ਸ਼ਾਹ ਨੇ ਸੰਸਦ ਨੂੰ ਸੰਬੋਧਨ ਕੀਤਾ ਅਤੇ ਸੰਸਦ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ।

ਪ੍ਰਧਾਨ ਮੰਤਰੀ ਨੇ ਉਪਰੋਕਤ ਟਿੱਪਣੀਆਂ ਭਾਰਤ ਅਤੇ ਨੇਪਾਲ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਹੇ ਸਰਹੱਦੀ ਵਿਵਾਦ ‘ਤੇ ਸੰਸਦ ਸੈਸ਼ਨ ਦੌਰਾਨ ਸ਼੍ਰਮਿਕ ਸ਼ਕਤੀ ਪਾਰਟੀ ਦੇ ਸੰਸਦ ਮੈਂਬਰ ਅਰੇਨ ਰਾਏ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕੀਤੀਆਂ। ਸ਼ਾਹ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਭਾਰਤ ਅਤੇ ਨੇਪਾਲ ਵਿਚਕਾਰ ਰਵਾਇਤੀ ਕੂਟਨੀਤਕ ਅਤੇ ਰਣਨੀਤਕ ਸੰਬੰਧਾਂ ਵਿੱਚ ਮਹੱਤਵਪੂਰਨ ਬਦਲਾਅ ਅਤੇ ਬੇਚੈਨੀ ਦੇਖੀ ਗਈ ਹੈ। ਪਿਛਲੇ ਦੋ ਮਹੀਨਿਆਂ ਵਿੱਚ ਘੱਟੋ-ਘੱਟ ਚਾਰ ਘਟਨਾਵਾਂ ਨੇ ਦੋਵਾਂ ਦੇਸ਼ਾਂ ਦੇ ਸੰਬੰਧਾਂ ਨੂੰ ਪ੍ਰਭਾਵਤ ਕੀਤਾ ਹੈ। ਬਾਲੇਨ ਸ਼ਾਹ ਪ੍ਰਸ਼ਾਸਨ ਨੇ ਭਾਰਤ ਅਤੇ ਚੀਨ ਦੇ ਲਿਪੁਲੇਖ ਦੱਰੇ ਰਾਹੀਂ ਕੈਲਾਸ਼ ਮਾਨਸਰੋਵਰ ਯਾਤਰਾ ਨੂੰ ਮੁੜ ਸ਼ੁਰੂ ਕਰਨ ਦੇ ਫੈਸਲੇ ‘ਤੇ ਸਖਤ ਇਤਰਾਜ਼ ਜਤਾਇਆ। ਨੇਪਾਲ ਦੇ ਵਿਦੇਸ਼ ਮੰਤਰਾਲੇ ਨੇ ਦ੍ਰਿੜ੍ਹ ਸਟੈਂਡ ਲੈਂਦੇ ਹੋਏ ਦੁਹਰਾਇਆ ਕਿ 1816 ਦੀ ਸੁਗੌਲੀ ਸੰਧੀ ਦੇ ਅਨੁਸਾਰ ਲਿਪੁਲੇਖ, ਕਾਲਾਪਾਣੀ ਅਤੇ ਲਿੰਪੀਆਧੁਰਾ ਨੇਪਾਲ ਦੇ ਅਨਿੱਖੜਵੇਂ ਅੰਗ ਹਨ। ਮਈ ਵਿੱਚ ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਬਾਲੇਨ ਸ਼ਾਹ ਨੂੰ ਭਾਰਤ ਆਉਣ ਦਾ ਅਧਿਕਾਰਤ ਸੱਦਾ ਦੇਣ ਲਈ ਨੇਪਾਲ ਦਾ ਦੌਰਾ ਕਰਨਾ ਸੀ। ਹਾਲਾਂਕਿ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਨੇ ਭਾਰਤੀ ਵਿਦੇਸ਼ ਸਕੱਤਰ ਨਾਲ ਮੁਲਾਕਾਤ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਭਾਰਤ ਨੂੰ ਦੌਰਾ ਮੁਲਤਵੀ ਕਰਨਾ ਪਿਆ। ਜਦੋਂ ਵੀ ਨੇਪਾਲ ਵਿੱਚ ਨਵੀਂ ਸਰਕਾਰ ਬਣਦੀ ਹੈ, ਤਾਂ ਨਵਾਂ ਪ੍ਰਧਾਨ ਮੰਤਰੀ ਰਵਾਇਤੀ ਤੌਰ ‘ਤੇ ਭਾਰਤੀ ਰਾਜਦੂਤ ਨਾਲ ਵੱਖਰੀ ਸ਼ਿਸ਼ਟਾਚਾਰ ਮੁਲਾਕਾਤ ਕਰਦਾ ਹੈ। ਹਾਲਾਂਕਿ ਬਾਲੇਨ ਸ਼ਾਹ ਨੇ ਭਾਰਤੀ ਰਾਜਦੂਤ ਨੂੰ ਵੱਖਰੇ ਤੌਰ ‘ਤੇ ਮਿਲਣ ਦੀ ਬਜਾਏ ਸਾਰੇ ਵਿਦੇਸ਼ੀ ਰਾਜਦੂਤਾਂ ਨਾਲ ਇਕੱਠੇ (ਸਮੂਹਕ ਤੌਰ ‘ਤੇ) ਮੁਲਾਕਾਤ ਕੀਤੀ। ਇਸ ਨਾਲ ਨਵੀਂ ਦਿੱਲੀ ਨੂੰ ਸੁਨੇਹਾ ਗਿਆ ਕਿ ਉਸ ਦੀ ਸਰਕਾਰ ਭਾਰਤ ਨੂੰ ਕੋਈ ਵਿਸ਼ੇਸ਼ ਜਾਂ ਰਵਾਇਤੀ ਤਰਜੀਹੀ ਸਲੂਕ ਨਹੀਂ ਦੇਣਾ ਚਾਹੁੰਦੀ।

Share this content:

Post Comment