ਨਵੀਆਂ ਯਾਰੀਆਂ ਮਹਿੰਗੀਆਂ ਪੈ ਰਹੀਆਂ
ਇਹ ਨਰਿੰਦਰ ਮੋਦੀ ਸਰਕਾਰ ਦੀ ਨਾਕਾਮ ਵਿਦੇਸ਼ ਨੀਤੀ ਹੀ ਹੈ ਕਿ ਅਮਰੀਕਾ ਭਾਰਤ ਦਾ ਬੌਸ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਗਰੀ ਦੋਸਤ ਰੂਸ ਦੇ ਨਾਲ ਹੀ ਪੁਰਾਣੇ ਦੋਸਤ ਈਰਾਨ ਦੀ ਨਾਰਾਜ਼ਗੀ ਮੁੱਲ ਲੈ ਲਈ ਗਈ ਹੈ | ਈਰਾਨ ‘ਤੇ ਅਮਰੀਕਾ ਤੇ ਇਜ਼ਰਾਈਲ ਦੇ ਹਮਲੇ ਦੇ ਬਾਅਦ ਭਾਰਤ ਨੂੰ ਵੀ ਭਾਰੀ ਨੁਕਸਾਨ ਉਠਾਉਣਾ ਪੈ ਰਿਹਾ ਹੈ | ਘਰੇਲੂ ਗੈਸ ਦੇ ਨਾਲ ਹੀ ਕਮਰਸ਼ੀਅਲ ਗੈਸ ਦੀ ਭਾਰੀ ਕਿੱਲਤ ਪੈਦਾ ਹੋ ਗਈ ਹੈ | ਮੋਦੀ ਅਮਰੀਕਾ ਦੇ ਦਬਾਅ ਵਿੱਚ ਨਾ ਆਉਂਦੇ ਤੇ ਇਜ਼ਰਾਈਲ ਨਾਲ ਨਾ ਖੜ੍ਹਦੇ ਤਾਂ ਈਰਾਨ ਚੀਨ ਤੇ ਰੂਸ ਦੀ ਤਰ੍ਹਾਂ ਭਾਰਤ ਨੂੰ ਵੀ ਗੈਸ ਦਿੰਦਾ ਰਹਿੰਦਾ |
ਲੋਕਾਂ ਦੀ ਗਾੜ੍ਹੀ ਕਮਾਈ ‘ਤੇ ਪੂਰੀ ਦੁਨੀਆ ਘੁੰਮਣ ਵਾਲੇ ਮੋਦੀ ਇੱਕ ਸੈਲਾਨੀ ਤੋਂ ਵੱਧ ਸਾਬਤ ਨਹੀਂ ਹੋ ਸਕੇ | ਭਾਰਤੀ ਮੂਲ ਦੇ ਲੋਕਾਂ ਨੂੰ ਇਕੱਠਾ ਕਰਕੇ ਭਾਸ਼ਣ ਦੇਣ ਦੇ ਇਲਾਵਾ ਕੁਝ ਨਹੀਂ ਕਰ ਸਕੇ | ਪਾਕਿਸਤਾਨ ਨਾਲ ਜੰਗ ਵਿੱਚ ਭਾਰਤ ਅਲੱਗ-ਥਲੱਗ ਪੈ ਗਿਆ ਸੀ ਤੇ ਹੁਣ ਰੂਸ ਤੇ ਈਰਾਨ ਨੂੰ ਨਾਰਾਜ਼ ਕਰ ਲਿਆ | ਅਮਰੀਕਾ ਅਪਮਾਨ ਦੇ ਸਿਵਾਇ ਕੁਝ ਨਹੀਂ ਦੇ ਸਕਦਾ, ਇਜ਼ਰਾਈਲ ਤੋਂ ਵੱਧ ਲੈ ਨਹੀਂ ਸਕਦੇ | ਹੁਸ਼ਿਆਰ ਬਣਨ ਦੇ ਚੱਕਰ ਵਿੱਚ ਮੋਦੀ ਨੇ ਦੇਸ਼ ਅੱਗੇ ਵੱਡਾ ਸੰਕਟ ਪੈਦਾ ਕਰ ਦਿੱਤਾ ਹੈ | ਅਮਰੀਕਾ ਨਾਲ ਸੌਦੇਬਾਜ਼ੀ ਵਿੱਚ ਖੇਤੀ ਬਾਜ਼ਾਰ ਅਮਰੀਕੀ ਕਿਸਾਨਾਂ ਲਈ ਖੋਲ੍ਹ ਦਿੱਤਾ ਹੈ | ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਦੀ ਮਨਜ਼ੂਰੀ ਲੈਣੀ ਪੈ ਰਹੀ ਹੈ |
ਏਨਾ ਹੋਣ ਦੇ ਬਾਵਜੂਦ ਦੇਸ਼ ਦਾ ਇੱਕ ਵੱਡਾ ਤਬਕਾ ਅੱਜ ਵੀ ਅੰਨ੍ਹੀ ਭਗਤੀ ਛੱਡ ਨਹੀਂ ਰਿਹਾ | ਇਹ ਸਭ ਇੰਜ ਹੀ ਨਹੀਂ ਹੋਇਆ | ਇੱਕ ਰਣਨੀਤੀ ਤਹਿਤ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ | ਮੀਡੀਆ ਨੂੰ ਹਾਈਜੈਕ ਕਰਕੇ ਆਪਣੇ ਹਿਸਾਬ ਨਾਲ ਖਬਰਾਂ ਪਰੋਸੀਆਂ ਗਈਆਂ | ਇਸ ਨੂੰ ਵਿਵੇਕਹੀਣਤਾ, ਅੰਧਭਗਤੀ ਤੇ ਮਾਇਆਜਾਲ ਵਿੱਚ ਫਸਣਾ ਹੀ ਮੰਨਿਆ ਜਾਵੇਗਾ ਕਿ ਮੋਦੀ ਜੀ ਬੋਲਦੇ ਰਹੇ ਤੇ ਲੋਕ ਵਿਸ਼ਵਾਸ ਕਰਦੇ ਰਹੇ | ਕੋਰੋਨਾ ਭਜਾਉਣ ਲਈ ਥਾਲੀਆਂ ਤੇ ਤਾੜੀਆਂ ਵੀ ਵਜਾਈਆਂ | 2014 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਲੈ ਕੇ ਹੁਣ ਤੱਕ ਮੋਦੀ ਨੇ ਸ਼ਿਗੂਫੇ ਛੱਡਣ ਤੋਂ ਇਲਾਵਾ ਕੁਝ ਨਹੀਂ ਕੀਤਾ, ਪਰ ਉਨ੍ਹਾ ਦੇ ਹਮਾਇਤੀ ਉਨ੍ਹਾ ਨੂੰ ਵਿਸ਼ਵ ਗੁਰੂ ਕਹਿੰਦੇ ਹਨ | ਅਵਤਾਰ ਦੱਸਦੇ ਹਨ | ਮਤਲਬ, ਜਿਸ ਭਾਰਤ ਦੀ ਪ੍ਰਤਿਭਾ ਦਾ ਲੋਹਾ ਦੁਨੀਆ ਮੰਨਦੀ ਹੈ, ਉਸ ਦੇ ਵੱਡੇ ਤਬਕੇ ਦੀ ਸੋਚਣ ਤੇ ਸਮਝਣ ਦੀ ਸ਼ਕਤੀ ਮੋਦੀ ਨੇ ਖਤਮ ਹੀ ਕਰ ਦਿੱਤੀ ਹੈ | 2047 ਤੱਕ ਸੱਤਾ ਵਿੱਚ ਰਹਿਣ ਲਈ 2047 ਤੱਕ ‘ਵਿਕਸਤ ਭਾਰਤ’ ਦਾ ਸ਼ਿਗੂਫਾ ਉਹ ਛੱਡ ਚੁੱਕੇ ਹਨ | ਹਿੰਦੂ-ਮੁਸਲਮ ਦਾ ਦਾਅ ਹੁਣ ਹਲਕਾ ਪੈਂਦਾ ਦੇਖ ਕੇ ਯੂ ਜੀ ਸੀ ਇਕਵਟੀ ਰੈਗੂਲੇਸ਼ਨਜ਼ ਐਕਟ ਬਣਾ ਕੇ ਜਾਤ ਦਾ ਦਾਅ ਚੱਲ ਦਿੱਤਾ ਹੈ |
Share this content:



Post Comment