Loading Now

ਨਜ਼ਰਅੰਦਾਜ਼ ਨਾ ਕਰਿਓ ਗਰਦਨ ਦੀ ਨਸ ਦੱਬਣ ਦੇ 5 ਸ਼ੁਰੂਆਤੀ ਸੰਕੇਤ

ਨਜ਼ਰਅੰਦਾਜ਼ ਨਾ ਕਰਿਓ ਗਰਦਨ ਦੀ ਨਸ ਦੱਬਣ ਦੇ 5 ਸ਼ੁਰੂਆਤੀ ਸੰਕੇਤ

ਨਵੀਂ ਦਿੱਲੀ, 23 ਅਗਸਤ – ਕੀ ਤੁਸੀਂ ਅਕਸਰ ਆਪਣੇ ਹੱਥਾਂ ‘ਚ ਝਰਨਾਹਟ ਜਾਂ ਸੁੰਨਪਨ ਮਹਿਸੂਸ ਕਰਦੇ ਹੋ? ਕੀ ਕਦੇ-ਕਦੇ ਸਿਰ ਦੇ ਪਿੱਛੇ ਤੇਜ਼ ਦਰਦ ਉੱਠਦਾ ਹੈ ਜਾਂ ਚੱਕਰ ਆਉਂਦੇ ਹਨ? ਜੇ ਹਾਂ, ਤਾਂ ਸੰਭਵ ਹੈ ਕਿ ਤੁਹਾਡੀ ਗਰਦਨ ਦੀ ਕੋਈ ਨਸ ਦੱਬ ਰਹੀ ਹੋਵੇ। ਲੋਕ ਅਕਸਰ ਇਨ੍ਹਾਂ ਛੋਟੇ-ਛੋਟੇ ਸੰਕੇਤਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਪਰ ਇਹ ਅੱਗੇ ਚੱਲ ਕੇ ਵੱਡੀ ਸਮੱਸਿਆ ਦਾ ਕਾਰਨ ਬਣ ਸਕਦੇ ਹਨ। ਸਮੇਂ ਸਿਰ ਇਨ੍ਹਾਂ ਸੰਕੇਤਾਂ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਸਹੀ ਸਮੇਂ ‘ਤੇ ਇਲਾਜ ਨਾ ਹੋਣ ‘ਤੇ ਨੌਬਤ ਆਪਰੇਸ਼ਨ ਤੱਕ ਪਹੁੰਚ ਸਕਦੀ ਹੈ। ਆਓ ਡਾਕਟਰ ਸ਼ਾਲਿਨੀ ਸਿੰਘ ਸਾਲੁੰਕੇ ਤੋਂ ਜਾਣੀਏ ਅਜਿਹੇ 5 ਸ਼ੁਰੂਆਤੀ ਸੰਕੇਤਾਂ ਬਾਰੇ, ਜਿਨ੍ਹਾਂ ਨੂੰ ਕਦੇ ਵੀ ਅਣਡਿੱਠਾ ਨਹੀਂ ਕਰਨਾ ਚਾਹੀਦਾ।

ਹੱਥਾਂ ‘ਚ ਝਰਨਾਹਟ ਤੇ ਸੁੰਨਪਨ

ਇਹ ਗਰਦਨ ਦੀ ਨਸ ਦੱਬਣ ਦਾ ਸਭ ਤੋਂ ਆਮ ਅਤੇ ਸ਼ੁਰੂਆਤੀ ਸੰਕੇਤ ਹੈ। ਨਸ ਦੱਬਣ ਨਾਲ ਬਲੱਡ ਸਰਕੂਲੇਸ਼ਨ ਠੀਕ ਤਰ੍ਹਾਂ ਨਹੀਂ ਹੋ ਪਾਉਂਦਾ, ਜਿਸ ਨਾਲ ਹੱਥਾਂ, ਉਂਗਲਾਂ ਜਾਂ ਗੁੱਟਾਂ ‘ਚ ਵਾਰ-ਵਾਰ ਝਰਨਾਹਟ ਜਾਂ ਸੁੰਨਪਨ ਮਹਿਸੂਸ ਹੁੰਦਾ ਹੈ। ਕਈ ਵਾਰੀ ਲੋਕਾਂ ਨੂੰ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਹੱਥ ਵਿਚ ‘ਪਿੰਨ ਤੇ ਸੂਈਆਂ’ ਚੁਭ ਰਹੀਆਂ ਹੋਣ। ਜੇ ਇਹ ਸਮੱਸਿਆ ਲਗਾਤਾਰ ਹੋ ਰਹੀ ਹੈ ਤਾਂ ਇਸਨੂੰ ਬਿਲਕੁਲ ਵੀ ਹਲਕੇ ਵਿਚ ਨਾ ਲਓ।

ਸਿਰ ਦੇ ਪਿੱਛੇ ਦਰਦ

ਗਰਦਨ ਦੀ ਨਸ ਦਬਣ ਨਾਲ ਔਕਸੀਪਿਟਲ ਨਿਊਰਾਲਜੀਆ ਹੋ ਸਕਦੀ ਹੈ। ਇਹ ਇਕ ਐਸੀ ਸਥਿਤੀ ਹੈ ਜਿਸ ਵਿਚ ਸਿਰ ਦੇ ਪਿੱਛੇ, ਖਾਸ ਕਰਕੇ ਗਰਦਨ ਅਤੇ ਸਿਰ ਦੇ ਜੋੜ ‘ਤੇ ਤੇਜ਼ ਦਰਦ ਹੁੰਦਾ ਹੈ। ਇਹ ਦਰਦ ਅਕਸਰ ਇਕ ਹੀ ਪਾਸੇ ਹੁੰਦਾ ਹੈ ਅਤੇ ਸਿਰ ਦੇ ਉੱਪਰਲੇ ਹਿੱਸੇ ਤਕ ਫੈਲ ਸਕਦਾ ਹੈ। ਇਹ ਦਰਦ ਅਕਸਰ ਅਚਾਨਕ ਹੁੰਦਾ ਹੈ ਅਤੇ ਕੁਝ ਹੀ ਸਕਿੰਟ ਜਾਂ ਮਿੰਟ ਵਿਚ ਚਲਾ ਜਾਂਦਾ ਹੈ।

ਚੱਕਰ ਆਉਣਾ

ਜਦੋਂ ਗਰਦਨ ਦੀ ਨਸ ਦਬਦੀ ਹੈ ਤਾਂ ਇਹ ਰੀੜ੍ਹ ਦੀ ਹੱਡੀ ਨਾਲ ਜੁੜੀਆਂ ਨਸਾਂ ‘ਤੇ ਦਬਾਅ ਪਾਉਂਦੀ ਹੈ। ਇਸ ਨਾਲ ਗਰਦਨ ‘ਚ ਮੌਜੂਦ ਸੰਤੁਲਨ ਬਣਾਉਣ ਵਾਲੀਆਂ ਨਸਾਂ ਪ੍ਰਭਾਵਿਤ ਹੁੰਦੀਆਂ ਹਨ, ਜਿਸ ਕਾਰਨ ਵਾਰ-ਵਾਰ ਚੱਕਰ ਆ ਸਕਦੇ ਹਨ। ਕਈ ਵਾਰੀ ਲੋਕ ਇਸਨੂੰ ਲੋ ਬੀਪੀ ਜਾਂ ਥਕਾਵਟ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ, ਜੋ ਕਿ ਖਤਰਨਾਕ ਹੋ ਸਕਦਾ ਹੈ। ਜੇ ਤੁਹਾਨੂੰ ਚਲਦੇ-ਫਿਰਦੇ ਜਾਂ ਅਚਾਨਕ ਉੱਠਣ ‘ਤੇ ਚੱਕਰ ਆਉਂਦੇ ਹਨ ਤਾਂ ਤੁਰੰਤ ਡਾਕਟਰ ਨੂੰ ਮਿਲੋ।

ਗਰਦਨ ਅਤੇ ਸਿਰ ‘ਚ ਤੇਜ਼ ਦਰਦ

ਦੱਬੀ ਹੋਈ ਨਸ ਕਾਰਨ ਗਰਦਨ ‘ਚ ਬਰਦਾਸ਼ਤ ਤੋਂ ਬਾਹਰ ਦਰਦ ਹੋ ਸਕਦਾ ਹੈ। ਇਹ ਦਰਦ ਗਰਦਨ ਦੇ ਇਕ ਹਿੱਸੇ ਤੋਂ ਸ਼ੁਰੂ ਹੋ ਕੇ ਪੂਰੇ ਸਿਰ ਤਕ ਫੈਲ ਸਕਦਾ ਹੈ। ਕਈ ਵਾਰੀ ਇਹ ਦਰਦ ਇੰਨਾ ਤੇਜ਼ ਹੁੰਦਾ ਹੈ ਕਿ ਸਿਰ ਹਿਲਾਉਣ ਜਾਂ ਮੋੜਨ ‘ਚ ਵੀ ਮੁਸ਼ਕਲ ਹੁੰਦੀ ਹੈ। ਜੇ ਤੁਸੀਂ ਲੰਬੇ ਸਮੇਂ ਤੋਂ ਗਰਦਨ ਅਤੇ ਸਿਰ ਦੇ ਦਰਦ ਤੋਂ ਪਰੇਸ਼ਾਨ ਹੋ ਅਤੇ ਦਰਦ ਨਿਵਾਰਕ ਦਵਾਈਆਂ ਵੀ ਕੰਮ ਨਹੀਂ ਕਰ ਰਹੀਆਂ ਤਾਂ ਇਹ ਗੰਭੀਰ ਸੰਕੇਤ ਹੋ ਸਕਦਾ ਹੈ।

ਕੰਧੇ ਅਤੇ ਪਿੱਠ ਦਾ ਦਰਦ

ਗਰਦਨ ਦੀਆਂ ਨਸਾਂ ਸਿਰਫ ਗਰਦਨ ਤਕ ਹੀ ਸੀਮਤ ਨਹੀਂ ਹੁੰਦੀਆਂ। ਇਹ ਕੰਧੇ ਅਤੇ ਉੱਪਰੀ ਪਿੱਠ ਤਕ ਫੈਲੀਆਂ ਹੁੰਦੀਆਂ ਹਨ। ਇਸ ਲਈ ਜਦੋਂ ਗਰਦਨ ਦੀ ਨਸ ਦੱਬਦੀ ਹੈ ਤਾਂ ਇਸ ਦਾ ਅਸਰ ਕੰਧਿਆਂ ਅਤੇ ਪਿੱਠ ‘ਤੇ ਵੀ ਪੈਂਦਾ ਹੈ। ਤੁਹਾਨੂੰ ਕੰਧਿਆਂ ਵਿਚ ਭਾਰੀਪਣ, ਅਕੜਨ ਜਾਂ ਉੱਪਰੀ ਪਿੱਠ ਵਿਚ ਲਗਾਤਾਰ ਦਰਦ ਮਹਿਸੂਸ ਹੋ ਸਕਦਾ ਹੈ। ਜੇ ਤੁਸੀਂ ਅਕਸਰ ਆਪਣੇ ਕੰਧੇ ਅਤੇ ਪਿੱਠ ਵਿਚ ਖਿੱਚ ਜਾਂ ਦਰਦ ਮਹਿਸੂਸ ਕਰਦੇ ਹੋ ਤਾਂ ਇਸਨੂੰ ਹਲਕੇ ਵਿਚ ਨਾ ਲਓ।

Share this content:

Post Comment