ਧਾਮੀ ਜਵਾਬਦੇਹੀ ਤੋਂ ਭੱਜ ਰਹੇ : ਬਲਤੇਜ ਪੰਨੂ
ਚੰਡੀਗੜ੍, 27 ਦਸੰਬਰ – ਆਮ ਆਦਮੀ ਪਾਰਟੀ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਉਸ ਬਿਆਨ, ਜਿਸ ਵਿੱਚ ਉਨ੍ਹਾ ਕਿਹਾ ਕਿ ਕੀ ਸਰਕਾਰ ਖ਼ੁਦ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉਪਰ ਸਮਝਣ ਲੱਗ ਪਈ ਹੈ, ’ਤੇ ਤਿੱਖਾ ਪਲਟਵਾਰ ਕੀਤਾ ਹੈ।ਮੀਡੀਆ ਨੂੰ ਸੰਬੋਧਨ ਕਰਦਿਆਂ ਪੰਨੂ ਨੇ ਸਪੱਸ਼ਟ ਕੀਤਾ ਕਿ ਸਰਕਾਰ ਨੇ ਕਦੇ ਵੀ ਖ਼ੁਦ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉੱਪਰ ਨਹੀਂ ਮੰਨਿਆ ਅਤੇ ਨਾ ਹੀ ਅਜਿਹੀ ਕੋਈ ਮਣਸ਼ਾ ਹੈ, ਕਿਉਕਿ ਸਾਡੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਸਰਵਉੱਚ ਹੈ। ਪੰਨੂ ਨੇ ਧਾਮੀ ਨੂੰ ਸਵਾਲ ਕੀਤਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਗੰਭੀਰ ਮਾਮਲੇ ’ਤੇ ਸਵਾਲ ਉੱਠਦੇ ਹਨ ਤਾਂ ਧਾਮੀ ਸਾਹਿਬ ਰੌਲਾ ਪਾਉਣਾ ਕਿਉ ਸ਼ੁਰੂ ਕਰ ਦਿੰਦੇ ਹਨ? ਕੀ ਆਪਣੀ ਜਵਾਬਦੇਹੀ ਤੋਂ ਭੱਜਣ ਲਈ ਤੁਸੀਂ ਖ਼ੁਦ ਨੂੰ ਗੁਰੂ ਸਾਹਿਬ ਤੋਂ ਵੀ ਉੱਪਰ ਸਮਝਣ ਲੱਗ ਪਏ ਹੋ? ਪੰਨੂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਮਾਮਲਾ ਸਿੱਖ ਸੰਗਤ ਦੀਆਂ ਭਾਵਨਾਵਾਂ ਨਾਲ ਜੁੜਿਆ ਇੱਕ ਬੇਹੱਦ ਸੰਵੇਦਨਸ਼ੀਲ ਮੁੱਦਾ ਹੈ। ਜਦੋਂ ਵੀ ਇਸ ਮਾਮਲੇ ਵਿੱਚ ਇਨਸਾਫ਼ ਜਾਂ ਸਪੱਸ਼ਟੀਕਰਨ ਦੀ ਮੰਗ ਕੀਤੀ ਜਾਂਦੀ ਹੈ ਤਾਂ ਧਾਮੀ ਸਾਹਿਬ ਇਸ ਨੂੰ ‘ਸਰਕਾਰੀ ਦਖ਼ਲਅੰਦਾਜ਼ੀ’ ਦੱਸ ਕੇ ਮੁੱਦੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਨ।ਪੰਨੂ ਨੇ ਧਾਮੀ ਦੇ ਉਸ ਹਾਲੀਆ ਬਿਆਨ ’ਤੇ ਵੀ ਹੈਰਾਨੀ ਪ੍ਰਗਟਾਈ, ਜਿਸ ਵਿੱਚ ਉਨ੍ਹਾਂ ਮੰਨਿਆ ਕਿ ਐੱਸ ਜੀ ਪੀ ਸੀ ਵਿੱਚ ਰੋਜ਼ਾਨਾ 10-20 ਘਪਲੇ ਹੁੰਦੇ ਰਹਿੰਦੇ ਹਨ।
Share this content:



Post Comment