ਦੇਸ਼ ਨੂੰ ਹੁਣ ਇੱਕ ਪੜ੍ਹੇ-ਲਿਖੇ ਪ੍ਰਧਾਨ ਮੰਤਰੀ ਦੀ ਲੋੜ – ਕੇਜਰੀਵਾਲ
ਨਵੀਂ ਦਿੱਲੀ, 30 ਮਈ – ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੇਪਰ ਲੀਕ ਅਤੇ ਇਸ ਨੂੰ ਰੋਕਣ ਲਈ ਚੁੱਕੇ ਜਾ ਰਹੇ ਬੇਅਸਰ ਕਦਮਾਂ ਲਈ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਯਕੀਨੀ ਤੌਰ ‘ਤੇ ਹੁਣ ਦੇਸ਼ ਨੂੰ ਇੱਕ ਪੜ੍ਹੇ-ਲਿਖੇ ਪ੍ਰਧਾਨ ਮੰਤਰੀ ਦੀ ਲੋੜ ਹੈ। ਮੌਜੂਦਾ ਕੇਂਦਰ ਸਰਕਾਰ ਨੀਟ ਪੇਪਰ ਲੀਕ ਦੀ ਜੜ੍ਹ ਤੱਕ ਪਹੁੰਚਣ ਦੀ ਬਜਾਏ ਅਨਪੜ੍ਹਾਂ ਵਰਗੀਆਂ ਗੱਲਾਂ ਕਰ ਰਹੀ ਹੈ। ਸਰਕਾਰ ਕਹਿ ਰਹੀ ਹੈ ਕਿ ਨੀਟ ਵਿੱਚ ਪੇਪਰ ਲੀਕ ਰੋਕਣ ਲਈ ਵਾਯੂ ਸੈਨਾ ਦੇ ਜਹਾਜ਼ ਵਰਤੇ ਜਾਣਗੇ। ਕੀ ਇਸ ਨਾਲ ਪੇਪਰ ਲੀਕ ਰੁਕੇਗਾ? ਉਨ੍ਹਾਂ ਕਿਹਾ ਕਿ ਹਕੀਕਤ ਤਾਂ ਇਹ ਹੈ ਕਿ ਪੇਪਰ ਲੀਕ ਰੋਕਣ ਦੀ ਸਰਕਾਰ ਦੀ ਨੀਅਤ ਹੀ ਨਹੀਂ ਹੈ। ਅੱਜ ਦੇਸ਼ ਦੀ ਸਿੱਖਿਆ ਪ੍ਰਣਾਲੀ ਪੂਰੀ ਤਰ੍ਹਾਂ ਮਾਫੀਆ ਦੇ ਚੁੰਗਲ ਵਿੱਚ ਆ ਚੁੱਕੀ ਹੈ। ਜੇਕਰ ਸਿਸਟਮ ਨੂੰ ਠੀਕ ਕਰਨਾ ਹੈ ਤਾਂ ਸਾਰਿਆਂ ਨੂੰ ਮਿਲ ਕੇ ਕੁਝ ਕਰਨਾ ਪਵੇਗਾ। ਇਕੱਲੇ ਕਿਸੇ ਦੇ ਕੁਝ ਕਰਨ ਨਾਲ ਨਹੀਂ ਹੋਵੇਗਾ। ਸ਼ਨੀਵਾਰ ਨੂੰ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਖੁਦ ਆਈਆਈਟੀ ਤੋਂ ਇੰਜੀਨੀਅਰ ਹਾਂ, ਪੜ੍ਹਿਆ-ਲਿਖਿਆ ਹਾਂ। ਇਸ ਲਈ ਸਿੱਖਿਆ ਦੇ ਮਹੱਤਵ ਨੂੰ ਸਮਝਦਾ ਹਾਂ। ਮੈਂ ਮੰਨਦਾ ਹਾਂ ਕਿ ਜਦੋਂ ਤੱਕ ਹਰ ਬੱਚੇ ਨੂੰ ਚੰਗੀ ਸਿੱਖਿਆ ਨਹੀਂ ਮਿਲੇਗੀ, ਉਦੋਂ ਤੱਕ ਦੇਸ਼ ਤਰੱਕੀ ਨਹੀਂ ਕਰ ਸਕਦਾ। ਸ਼ੁੱਕਰਵਾਰ ਨੂੰ ਸਾਡੇ ਦੇਸ਼ ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਹੁਣ ਨੀਟ ਦੇ ਪੇਪਰ ਨੂੰ ਲੀਕ ਹੋਣ ਤੋਂ ਬਚਾਉਣ ਲਈ ਏਅਰਫੋਰਸ ਦੇ ਜਹਾਜ਼ਾਂ ਅਤੇ ਏਅਰਫੋਰਸ ਦੇ ਬੁਲੇਟ ਪਰੂਫ ਟਰੱਕਾਂ ਰਾਹੀਂ ਉਸ ਨੂੰ ਟ੍ਰਾਂਸਪੋਰਟ ਕਰਨਗੇ। ਇਹ ਕੀ ਮਜ਼ਾਕ ਬਣਾ ਰੱਖਿਆ ਹੈ? ਕੀ ਸਾਨੂੰ ਬੇਵਕੂਫ ਸਮਝਿਆ ਜਾ ਰਿਹਾ ਹੈ?
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੂਰੀ ਦੁਨੀਆ ਵਿੱਚ ਐਨੇ ਵੱਡੇ-ਵੱਡੇ ਪੇਪਰ ਹੁੰਦੇ ਹਨ, ਪਰ ਕੀ ਕਦੇ ਸੁਣਿਆ ਹੈ ਕਿ ਏਅਰਫੋਰਸ ਰਾਹੀਂ ਉਨ੍ਹਾਂ ਨੂੰ ਟ੍ਰਾਂਸਪੋਰਟ ਕੀਤਾ ਜਾਂਦਾ ਹੈ? ਕੀ ਕਿਤੇ ਇਸ ਕਿਸਮ ਦੀ ਨੌਟੰਕੀ ਸੁਣੀ ਹੈ? ਕੇਵਲ ਤੇ ਕੇਵਲ ਇਸ ਸਰਕਾਰ ਨੂੰ ਨੌਟੰਕੀ ਕਰਨੀ ਆਉਂਦੀ ਹੈ। ਇਹ ਦਿਖਾਉਣ ਲਈ ਕਿ ਅਸੀਂ ਕਿੱਡਾ ਵੱਡਾ ਕਦਮ ਚੁੱਕ ਲਿਆ ਹੈ। ਪੇਪਰ ਲੀਕ ਹੋਣ ਤੋਂ ਬਚਾਉਣ ਲਈ ਅਸੀਂ ਇਹ ਸਭ ਕਰ ਰਹੇ ਹਾਂ। ਸਿਸਟਮ ਨੂੰ ਠੀਕ ਕਰਨ ਦਾ ਸਰਕਾਰ ਦਾ ਕੋਈ ਇਰਾਦਾ ਨਹੀਂ ਹੈ। ਜੇਕਰ ਕੋਈ ਚੰਗੀ ਨੀਅਤ ਵਾਲੀ ਸਰਕਾਰ ਹੁੰਦੀ, ਤਾਂ ਉਹ ਦੇਖਦੀ ਕਿ ਲੀਕੇਜ ਕਿੱਥੋਂ ਹੋ ਰਹੀ ਹੈ ਅਤੇ ਉਸ ਨੂੰ ਬੰਦ ਕਰਦੀ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਏਅਰਫੋਰਸ ਦੇ ਜਹਾਜ਼ਾਂ ਅਤੇ ਟਰੱਕਾਂ ਰਾਹੀਂ ਇਸ ਨੂੰ ਟ੍ਰਾਂਸਪੋਰਟ ਕਰਾਂਗੇ, ਇਹ ਕਹਿ ਕੇ ਜ਼ਾਹਰ ਤੌਰ ‘ਤੇ ਸਿਸਟਮ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਲੀਕੇਜ ਜਾਰੀ ਰਹੇਗੀ ਅਤੇ ਜਿੱਥੋਂ ਪੇਪਰ ਲੀਕ ਹੋ ਰਹੇ ਹਨ, ਉਹ ਸਿਲਸਿਲਾ ਵੀ ਜਾਰੀ ਰਹੇਗਾ। ਸਾਡੇ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਬਹੁਤ ਵੱਡੇ ਮਾਫੀਆ ਨੇ ਆਪਣੀ ਜਕੜ ਵਿੱਚ ਲੈ ਲਿਆ ਹੈ। ਪੂਰਾ ਦਾ ਪੂਰਾ ਐਜੂਕੇਸ਼ਨ ਸਿਸਟਮ ਇੱਕ ਮਾਫੀਆ ਦੀ ਜਕੜ ਵਿੱਚ ਹੈ। ਵਿਦਿਆਰਥੀ ਵੇਦਾਂਤ ਦਾ ਨਾਮ ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਕਾਫੀ ਚੱਲ ਰਿਹਾ ਹੈ। ਵੇਦਾਂਤ 12ਵੀਂ ਜਮਾਤ ਦਾ ਲੜਕਾ ਹੈ। ਉਸ ਨੇ ਪੇਪਰ ਦਿੱਤੇ ਅਤੇ ਉਸ ਦੇ ਨੰਬਰ ਘੱਟ ਆਏ। ਉਸ ਨੇ ਆਪਣੇ ਪੇਪਰ ਨਿਕਲਵਾਏ, ਤਾਂ ਪਤਾ ਲੱਗਾ ਕਿ ਫਿਜ਼ਿਕਸ ਦੇ ਅੰਦਰ ਉਸ ਦਾ ਪੇਪਰ ਕਿਸੇ ਹੋਰ ਨਾਲ ਬਦਲ ਦਿੱਤਾ ਗਿਆ ਅਤੇ ਉਸ ਦੇ ਨੰਬਰ ਬਹੁਤ ਘੱਟ ਲਗਾਏ ਗਏ ਹਨ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਸ ਵਿਚਾਰੇ ਬੱਚੇ ਨੇ ‘ਐਕਸ’ (X) ‘ਤੇ ਇਹ ਗੱਲ ਪਾ ਦਿੱਤੀ ਕਿ ਮੇਰਾ ਪੇਪਰ ਬਦਲ ਗਿਆ, ਤਾਂ ਇਨ੍ਹਾਂ ਲੋਕਾਂ ਦੀ ਸਾਰੀ ਟ੍ਰੋਲ ਆਰਮੀ ਉਸ ਵਿਚਾਰੇ ‘ਤੇ ਟੁੱਟ ਪਈ। ਕੋਈ ਕਹਿੰਦਾ ਹੈ ਕਿ ਉਹ ਪਾਕਿਸਤਾਨੀ ਹੈ, ਤਾਂ ਕੋਈ ਕਹਿੰਦਾ ਹੈ ਕਿ ਐਂਟੀ-ਨੈਸ਼ਨਲ ਹੈ। ਇੱਕ ਛੋਟੇ ਜਿਹੇ ਬੱਚੇ ਦੇ ਦਿਲ ‘ਤੇ ਕੀ ਗੁਜ਼ਰ ਰਹੀ ਹੋਵੇਗੀ ਅਤੇ ਉਸ ਦੀ ਮਾਨਸਿਕਤਾ ‘ਤੇ ਕੀ ਅਸਰ ਪੈ ਰਿਹਾ ਹੋਵੇਗਾ, ਇਹ ਸਮਝਿਆ ਜਾ ਸਕਦਾ ਹੈ। ਇਹ ਸਭ ਪੂਰੇ ਸਿੱਖਿਆ ਮਾਫੀਆ ਨੂੰ ਬਚਾਉਣ ਦੀ ਕੋਸ਼ਿਸ਼ ਹੈ। ਇਸ ਦੇ ਖਿਲਾਫ ਜੇਕਰ ਕੋਈ ਇਕੱਲਾ ਬੱਚਾ, ਸਿਰਫ ਇਕੱਲਾ ਵੇਦਾਂਤ ਹੀ ਨਹੀਂ ਹੈ, ਪਤਾ ਨਹੀਂ ਕਿੰਨੇ ਬੱਚਿਆਂ ਨੇ ਆਪਣੀ ਗੱਲ ਪਾਈ ਹੈ ਅਤੇ ਇਹ ਲੋਕ ਸਭ ਦੇ ਪਿੱਛੇ ਪੈ ਗਏ ਹਨ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਇੱਕ ਬੱਚਾ ਆਵਾਜ਼ ਉਠਾਏਗਾ, ਤਾਂ ਇਹ ਸਿੱਖਿਆ ਮਾਫੀਆ ਛੱਡੇਗਾ ਨਹੀਂ। ਇਹ ਤੁਹਾਨੂੰ ਛੱਡਣਗੇ ਨਹੀਂ ਅਤੇ ਸਭ ਦੀ ਆਵਾਜ਼ ਦਬਾ ਦੇਣਗੇ। ਇਸ ਦੇ ਖਿਲਾਫ ਸਾਰਿਆਂ ਨੂੰ ਮਿਲ ਕੇ ਆਵਾਜ਼ ਉਠਾਉਣੀ ਪਵੇਗੀ। ਜਦੋਂ ਸਾਰੇ ਮਿਲ ਕੇ ਆਵਾਜ਼ ਉਠਾਉਣਗੇ, ਉਦੋਂ ਹੀ ਸਰਕਾਰ ਨੂੰ ਕੁਝ ਕਰਨਾ ਪਵੇਗਾ, ਨਹੀਂ ਤਾਂ ਪੂਰੀ ਦੀ ਪੂਰੀ ਸਰਕਾਰ ‘ਤੇ ਸਿੱਖਿਆ ਮਾਫੀਆ ਦਾ ਕਬਜ਼ਾ ਹੋ ਗਿਆ ਹੈ।
Share this content:


Post Comment