ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੱਸ ਬੀ ਆਈ ਵਿੱਚ ਡਾਟਾ ਲੀਕ
ਨਵੀਂ ਦਿੱਲੀ – 22 ਅਕਤੂਬਰ ਦੇਸ਼ ਦੇ ਸਭ ਤੋਂ ਵੱਡੇ ਭਾਰਤੀ ਬੈਂਕ ਸਟੇਟ ਬੈਂਕ (ਐੱਸ ਬੀ ਆਈ) ਨੇ ਦੱਸਿਆ ਕਿ ਉਹ ਡਾਰਕ ਵੈੱਬ ’ਤੇ ਆਪਣੇ 3,897 ਗਾਹਕਾਂ ਦੇ ਨਿੱਜੀ ਰਿਕਾਰਡ ਲੀਕ ਹੋਣ ਦੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਬੈਂਕ ਨੂੰ 16 ਅਕਤੂਬਰ ਨੂੰ ਡਿਫੈਂਸ ਸਾਈਬਰ ਏਜੰਸੀ ਅਤੇ ਸੀ ਈ ਆਰ ਟੀ-ਇਨ ਵੱਲੋਂ ਇਸ ਸਬੰਧੀ ਚਿਤਾਵਨੀ ਮਿਲੀ ਸੀ। ਬੈਂਕ ਮੁਤਾਬਕ ਡਾਰਕ ਵੈੱਬ ’ਤੇ ਮੌਜੂਦ ਤਕਰੀਬਨ 3.75 ਲੱਖ ਰਿਕਾਰਡਾਂ ਦੀ ਮੁੱਢਲੀ ਜਾਂਚ ’ਚੋਂ 3,897 ਗਾਹਕਾਂ ਦੇ ਸੰਵੇਦਨਸ਼ੀਲ ਰਿਕਾਰਡ ਮਿਲੇ ਹਨ। ਇਨ੍ਹਾਂ ਵਿੱਚ ਰਜਿਸਟਰਡ ਮੋਬਾਈਲ ਨੰਬਰ, ਜਨਮ ਤਰੀਕ, ਨਾਮ, ਲਿੰਗ, ਈਮੇਲ ਅਤੇ ਰਿਹਾਇਸ਼ੀ ਪਤੇ ਸ਼ਾਮਲ ਹਨ। ਇਸ ਤੋਂ ਇਲਾਵਾ ਬਰਾਂਚ, ਸੀ ਆਈ ਐੱਫ ਅਤੇ ਕਰਜ਼ੇ ਨਾਲ ਸਬੰਧਤ ਹੋਰ ਫਾਈਲਾਂ ਵੀ ਲੀਕ ਹੋਈਆਂ ਹਨ।
ਐੱਸ ਬੀ ਆਈ ਨੇ ਕਿਹਾ ਕਿ ਅੰਕੜਿਆਂ ਦੀ ਪ੍ਰਮਾਣਿਕਤਾ, ਲੀਕ ਹੋਣ ਦੇ ਸਰੋਤ ਅਤੇ ਖ਼ਤਰਿਆਂ ਦਾ ਪਤਾ ਲਾਉਣ ਲਈ ਡੂੰਘਾਈ ਨਾਲ ਜਾਂਚ ਦੀ ਲੋੜ ਹੈ। ਬੈਂਕ ਨੇ ਆਪਣੇ ਸਾਈਬਰ ਸੁਰੱਖਿਆ ਪ੍ਰੋਟੋਕੋਲ ਲਾਗੂ ਕਰ ਦਿੱਤੇ ਹਨ ਅਤੇ ਸੀ ਈ ਆਰ ਟੀ-ਇਨ ਦੀ ਮਾਨਤਾ ਪ੍ਰਾਪਤ ਆਜ਼ਾਦ ਏਜੰਸੀ ਨੂੰ ਜਾਂਚ ਸੌਂਪੀ ਹੈ। ਬੈਂਕ ਅਨੁਸਾਰ ਇਸ ਘਟਨਾ ਦਾ ਉਸ ਦੇ ਮੁੱਖ ਅਤੇ ਵਿੱਤੀ ਕੰਮਕਾਜ ’ਤੇ ਕੋਈ ਅਸਰ ਨਹੀਂ ਪਿਆ।
ਪਿਛਲੇ ਹਫ਼ਤੇ ਸੀ ਈ ਆਰ ਟੀ-ਇਨ ਨੇ ਐਡਵਾਈਜ਼ਰੀ ਜਾਰੀ ਕਰ ਕੇ ਚਿਤਾਵਨੀ ਦਿੱਤੀ ਸੀ ਕਿ ਆਟੋਨੋਮਸ ਏ ਆਈ ਏਜੰਟਾਂ ਨੇ ਭਾਰਤੀ ਸੰਸਥਾਵਾਂ ਦੇ ਲਾਈਵ ਸਿਸਟਮਾਂ ਅਤੇ ਖੁਫ਼ੀਆ ਡੇਟਾ ਤੱਕ ਗ਼ੈਰ-ਕਾਨੂੰਨੀ ਪਹੁੰਚ ਕੀਤੀ ਹੈ।
ਐੱਸ ਬੀ ਆਈ ਗਾਹਕਾਂ ਨੂੰ ਜਵਾਬ ਦੇਵੇ: ਖੇੜਾ
ਡਾਰਕ ਵੈੱਬ ’ਤੇ ਐੱਸ ਬੀ ਆਈ ਗਾਹਕਾਂ ਦਾ ਨਿੱਜੀ ਡੇਟਾ ਲੀਕ ਹੋਣ ਦੇ ਮਾਮਲੇ ਵਿੱਚ ਕਾਂਗਰਸ ਆਗੂ ਪਵਨ ਖੇੜਾ ਨੇ ਕਿਹਾ ਕਿ ਬੈਂਕ ਨੂੰ ਗਾਹਕਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਅਤੇ ਕਸੂਰਵਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਹੈਰਾਨੀ ਦੀ ਗੱਲ ਹੈ ਕਿ ਬੈਂਕ ਨੂੰ ਖ਼ੁਦ ਇਸ ਸੰਨ੍ਹ ਦਾ ਪਤਾ ਨਹੀਂ ਲੱਗਿਆ, ਸਗੋਂ ਬਾਹਰੀ ਏਜੰਸੀਆਂ ਨੇ ਇਸ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਬੈਂਕ ਨੇ ਹਾਲੇ ਤੱਕ ਪ੍ਰਭਾਵਿਤ ਗਾਹਕਾਂ ਨੂੰ ਵੀ ਇਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ। ਵਿੱਤੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲਣ ਵਾਲੀ ਸੰਸਥਾ ਵਿੱਚ ਅਜਿਹੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।
Share this content:



Post Comment