ਦਿੱਲੀ ਪੁਲਿਸ ਨੇ ਮੇਰੇ ਤੇ ਪਰਿਵਾਰ ‘ਤੇ ‘ਮਾਨਸਿਕ ਤਸ਼ੱਦਦ’ ਢਾਹਿਆ : ਦੀਪਕੇ
ਨਵੀਂ ਦਿੱਲੀ, 12 ਅਕਤੂਬਰ – ਕੌਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ‘ਮਾਨਸਿਕ ਤੌਰ ’ਤੇ ਬਹੁਤ ਪਰੇਸ਼ਾਨ ਕੀਤਾ’ ਹੈ। ਉਨ੍ਹਾਂ ਕਿਹਾ ਕਿ 10 ਅਕਤੂਬਰ ਨੂੰ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਤੋਂ ਪਹਿਲਾਂ ਜਦੋਂ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ, ਤਾਂ ਉਨ੍ਹਾਂ ਦੇ ਪਰਿਵਾਰ ਤੇ ਵਕੀਲ ਤੱਕ ਨੂੰ ਨਹੀਂ ਦੱਸਿਆ ਗਿਆ ਕਿ ਉਨ੍ਹਾਂ ਨੂੰ ਕਿੱਥੇ ਰੱਖਿਆ ਗਿਆ ਹੈ। ਦੋ ਦਿਨ ਪਹਿਲਾਂ ਦਾਦੀ ਦੇ ਦੇਹਾਂਤ ਮਗਰੋਂ ਹਿੰਗੋਲੀ ਜ਼ਿਲ੍ਹੇ ਦੇ ਪਿੰਡ ਸੰਤੁਕ ਪਿੰਪਰੀ ਪਹੁੰਚੇ ਦੀਪਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦਿੱਲੀ ਉਤਰਦਿਆਂ ਹੀ ਉਨ੍ਹਾਂ ਨੂੰ ਹਵਾਈ ਜਹਾਜ਼ ਵਿੱਚੋਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਅਤੇ ਪੁਲੀਸ ਨੇ ਉਨ੍ਹਾਂ ਬਾਰੇ ਮਾਪਿਆਂ ਜਾਂ ਵਕੀਲਾਂ ਨੂੰ ਕੋਈ ਖ਼ਬਰ ਨਹੀਂ ਦਿੱਤੀ। ਦੀਪਕੇ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਉਸ ਚਚੇਰੇ ਭਰਾ ਦਾ ਫ਼ੋਨ ਨੰਬਰ ਦੇਖਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ, ਜੋ ਪਿੰਡ ਵਿੱਚ ਦਾਦੀ ਕੋਲ ਮੌਜੂਦ ਸੀ।
ਦਾਦੀ ਦੀ ਮੌਤ ਤੋਂ ਬਾਅਦ ਪੁਲੀਸ ਦੇ ਵਤੀਰੇ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਪੁਲੀਸ ਹੁਣ ਇੱਕ ਵੀਡੀਓ ਜਾਰੀ ਕਰਕੇ ਸੀ ਜੇ ਪੀ ਦੇ ਉਸ ਦਾਅਵੇ ਨੂੰ ਝੁਠਲਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਦੀਪਕੇ ਨੂੰ ਹਿਰਾਸਤ ਦੌਰਾਨ ਦਾਦੀ ਦੀ ਮੌਤ ਦੀ ਖ਼ਬਰ ਨਹੀਂ ਦਿੱਤੀ ਗਈ। ਦੂਜੇ ਪਾਸੇ ਪੁਲੀਸ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਪੂਰੀ ਹਮਦਰਦੀ ਨਾਲ ਇਹ ਖ਼ਬਰ ਦਿੱਤੀ ਗਈ ਸੀ ਅਤੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਲਈ ਪਿੰਡ ਭੇਜਣ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਸੀ। ਇਸ ’ਤੇ ਦੀਪਕੇ ਨੇ ਸਵਾਲ ਚੁੱਕਿਆ, “ਜੇਕਰ ਉਨ੍ਹਾਂ ਨੇ ਮੈਨੂੰ ਦਾਦੀ ਦੀ ਮੌਤ ਬਾਰੇ ਦੱਸ ਦਿੱਤਾ ਸੀ, ਤਾਂ ਉਹ ਤੜਕੇ 3:30 ਵਜੇ ਗ੍ਰਿਫ਼ਤਾਰੀ ਦੇ ਕਾਗ਼ਜ਼ ਲੈ ਕੇ ਮੇਰੇ ਕੋਲ ਕਿਉਂ ਆਏ ਅਤੇ ਦਸਤਖ਼ਤ ਕਰਨ ਲਈ ਕਿਉਂ ਕਿਹਾ? ਉਨ੍ਹਾਂ ਮੈਨੂੰ ਮਾਪਿਆਂ ਨਾਲ ਗੱਲ ਕਰਨ ਲਈ ਕਿਹਾ, ਪਰ ਮੈਂ ਕਿਹਾ ਕਿ ਉਨ੍ਹਾਂ ਦੀ ਸਿਹਤ ਨਾਸਾਜ਼ ਹੈ ਅਤੇ ਮੈਂ ਇਸ ਹਾਲਤ ਵਿੱਚ ਉਨ੍ਹਾਂ ਨਾਲ ਗੱਲ ਨਹੀਂ ਕਰ ਸਕਦਾ। ਮੈਂ ਦਾਦੀ ਕੋਲ ਬੈਠੇ ਆਪਣੇ ਚਚੇਰੇ ਭਰਾ ਨੂੰ ਫ਼ੋਨ ਕਰਨ ਲਈ ਕਿਹਾ, ਪਰ ਦਿੱਲੀ ਪੁਲੀਸ ਨੇ ਮੈਨੂੰ ਫ਼ੋਨ ਵਿੱਚੋਂ ਉਸ ਦਾ ਨੰਬਰ ਤੱਕ ਨਹੀਂ ਕੱਢਣ ਦਿੱਤਾ। ਉਨ੍ਹਾਂ ਕਿਹਾ, “ਉਹ ਮੈਨੂੰ ਮਾਨਸਿਕ ਤੌਰ ‘ਤੇ ਤੋੜਨਾ ਚਾਹੁੰਦੇ ਸਨ ਅਤੇ ਮੇਰੇ ਮਾਪਿਆਂ ਨੂੰ ਹੋਰ ਪਰੇਸ਼ਾਨ ਕਰਨਾ ਚਾਹੁੰਦੇ ਸਨ, ਜੋ ਪਹਿਲਾਂ ਹੀ ਦਾਦੀ ਦੇ ਵਿਛੋੜੇ ਦੇ ਸਦਮੇ ਵਿੱਚ ਸਨ।
ਇਹ ਦਿੱਲੀ ਪੁਲੀਸ ਵੱਲੋਂ ਮੇਰੇ ਅਤੇ ਮੇਰੇ ਪਰਿਵਾਰ ‘ਤੇ ਢਾਹਿਆ ਗਿਆ ਮਾਨਸਿਕ ਤਸ਼ੱਦਦ ਸੀ। ਦੀਪਕੇ ਨੇ ਦੋਸ਼ ਲਾਇਆ ਕਿ ਪੁਲੀਸ ਦਾਦੀ ਦੀ ਮੌਤ ਦੀ ਖ਼ਬਰ ਦੇਣ ਦੇ ਬਹਾਨੇ ਤਿੰਨ-ਚਾਰ ਕੈਮਰੇ ਲੈ ਕੇ ਸਿਰਫ਼ “ਡਰਾਮਾ ਕਰਨ” ਆਈ ਸੀ। ਉਨ੍ਹਾਂ ਕਿਹਾ, “ਦਿੱਲੀ ਪੁਲੀਸ ਕੱਟ-ਵੱਢ ਕੀਤੀ ਹੋਈ (ਐਡਿਟਿਡ) ਵੀਡੀਓ ਦਿਖਾ ਰਹੀ ਹੈ। ਜੇਕਰ ਉਨ੍ਹਾਂ ਵਿੱਚ ਹਿੰਮਤ ਹੈ ਤਾਂ ਉਹ ਪੂਰੀ ਵੀਡੀਓ ਸਾਹਮਣੇ ਲਿਆਉਣ, ਜਿਸ ਵਿੱਚ ਉਨ੍ਹਾਂ ਨੇ ਮੇਰੇ ਬੁਨਿਆਦੀ ਹੱਕ ਖੋਹੇ ਹਨ। ਹਰ ਗ੍ਰਿਫ਼ਤਾਰ ਵਿਅਕਤੀ ਦਾ ਇਹ ਕਾਨੂੰਨੀ ਹੱਕ ਹੁੰਦਾ ਹੈ ਕਿ ਉਹ ਆਪਣੇ ਵਕੀਲ ਨਾਲ ਗੱਲ ਕਰ ਸਕੇ, ਪਰ ਦਿੱਲੀ ਪੁਲੀਸ ਨੇ ਅਜਿਹਾ ਨਹੀਂ ਹੋਣ ਦਿੱਤਾ। ਪੁਲੀਸ ਨੂੰ ਪੂਰੀ ਵੀਡੀਓ ਜਨਤਕ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੁਲੀਸ ਨੇ ਉਨ੍ਹਾਂ ਤੋਂ ਇੱਕ ਕਾਗ਼ਜ਼ ’ਤੇ ਦਸਤਖ਼ਤ ਕਰਵਾਉਣੇ ਚਾਹੇ ਸਨ ਕਿ ਉਹ “ਅੰਦੋਲਨ ਰਾਹੀਂ ਅਮਨ-ਕਾਨੂੰਨ ਭੰਗ ਨਹੀਂ ਕਰਨਗੇ”, ਪਰ ਉਨ੍ਹਾਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਪੜ੍ਹੇ-ਲਿਖੇ ਹਨ ਅਤੇ ਵਕੀਲ ਦੀ ਹਾਜ਼ਰੀ ਤੋਂ ਬਿਨਾਂ ਕਿਸੇ ਕਾਗ਼ਜ਼ ‘ਤੇ ਦਸਤਖ਼ਤ ਨਹੀਂ ਕਰਨਗੇ।
Share this content:



Post Comment