Loading Now

ਤ੍ਰਿਸ਼ੰਕੂ

ਤ੍ਰਿਸ਼ੰਕੂ

ਵਿਨੀਪੈਗ ਦੀ ਹੱਡ-ਚੀਰਵੀਂ ਠੰਢ ਵਿੱਚ ਬਾਹਰ ਤਾਪਮਾਨ ਮਾਈਨਸ ਤੀਹ ਡਿਗਰੀ ਨੂੰ ਛੂਹ ਰਿਹਾ ਸੀ। ਖਿੜਕੀ ਦੇ ਡਬਲ ਸ਼ੀਸ਼ੇ ਦੇ ਪਾਰ ਬਰਫ਼ ਦੀ ਇੱਕ ਚਿੱਟੀ ਬੇਜਾਨ ਚਾਦਰ ਵਿਛੀ ਹੋਈ ਸੀ। ਸੜਕਾਂ, ਰੁੱਖ, ਗੱਡੀਆਂ, ਸਭ ਕੁਝ ਉਸੇ ਸਫ਼ੈਦ ਖਾਮੋਸ਼ੀ ਵਿੱਚ ਦਫ਼ਨ ਸੀ। ਘਰ ਦੇ ਅੰਦਰ ਕੇਂਦਰੀ ਹੀਟਿੰਗ ਸਿਸਟਮ ਦੀ ਹਲਕੀ ਜਿਹੀ ਸਰਸਰਾਹਟ ਚੱਲ ਰਹੀ ਸੀ। ਸੱਠ ਸਾਲਾਂ ਦਾ ਸਰੂਪ ਸਿੰਘ ਪੰਜਾਬ ਤੋਂ ਲਿਆਂਦੀ ਊਨੀ ਲੋਈ ਦੀ ਬੁੱਕਲ ਮਾਰ ਕੇ ਹੀਟਰ ਦੇ ਬੇਸ-ਬੋਰਡ ਦੇ ਬਿਲਕੁਲ ਕੋਲ ਬੈਠਾ ਸੀ। ਉਸ ਦੇ ਹੱਥ ਕੰਬ ਰਹੇ ਸਨ, ਪਰ ਇਹ ਕੰਬਣੀ ਬਾਹਰਲੀ ਠੰਢ ਕਰਕੇ ਨਹੀਂ ਸੀ, ਬਲਕਿ ਉਸ ਦੇ ਅੰਦਰ ਜੰਮ ਚੁੱਕੀ ਉਸ ਇਕੱਲਤਾ ਦੀ ਸੀ, ਜਿਸ ਨੂੰ ਦੁਨੀਆ ਦਾ ਕੋਈ ਵੀ ਹੀਟਰ ਗਰਮ ਨਹੀਂ ਸੀ ਕਰ ਸਕਦਾ।

‘‘ਸੁਣਦੇ ਹੋ… ਤੁਹਾਨੂੰ ਯਾਦ ਹੈ ਅੱਜ ਆਪਣੇ ਪਿੰਡ ਗਿਆਨੀ ਨਿਰਮਲ ਸਿਉਂ ਦੇ ਮੁੰਡੇ ਦਾ ਵਿਆਹ ਹੋਣਾ ਐ। ਹੁਣ ਤੱਕ ਤਾਂ ਜੰਝ ਚੜ੍ਹ ਵੀ ਗਈ ਹੋਣੀ।’’ ਉਸ ਦੀ ਪਤਨੀ ਪ੍ਰੀਤਮ ਕੌਰ ਨੇ ਰਸੋਈ ਤੋਂ ਬਾਹਰ ਆਉਂਦਿਆਂ ਕਿਹਾ। ਉਸ ਦੇ ਹੱਥ ਵਿੱਚ ਅਲਮੀਨੀਅਮ ਦੇ ਦੋ ਪੁਰਾਣੇ ਭਾਂਡੇ ਸਨ, ਜਿਨ੍ਹਾਂ ਨੂੰ ਉਹ ਪੰਜਾਬ ਤੋਂ ਆਉਂਦਿਆਂ ਚੋਰੀ-ਛੁਪੇ ਸੂਟਕੇਸ ਵਿੱਚ ਪਾ ਕੇ ਲਿਆਈ ਸੀ। ਇਹ ਭਾਂਡੇ ਇਸ ਆਧੁਨਿਕ, ਚਮਕਦਾਰ ਰਸੋਈ ਦੇ ਗ੍ਰੇਨਾਈਟ ਸਲੈਬ ’ਤੇ ਬਿਲਕੁਲ ਬੇਮੇਲ ਅਤੇ ਓਪਰੇ ਜਾਪਦੇ ਸਨ ਬਿਲਕੁਲ ਪ੍ਰੀਤਮ ਕੌਰ ਅਤੇ ਸਰੂਪ ਸਿੰਘ ਵਾਂਗ। ਸਰੂਪ ਸਿੰਘ ਨੇ ਇੱਕ ਲੰਮਾ, ਡੂੰਘਾ ਸਾਹ ਲਿਆ ਅਤੇ ਆਪਣੀ ਐਨਕ ਨੂੰ ਨੱਕ ਤੋਂ ਥੋੜ੍ਹਾ ਉੱਪਰ ਸਰਕਾਇਆ, ‘‘ਆਹੋ… ਨਿਰਮਲ ਸਿੰਘ ਦਾ ਮੁੰਡਾ ਲਾਡੀ, ਵੇਖ ਲੈ ਪ੍ਰੀਤਮ ਕੁਰੇ ਕੱਲ੍ਹ ਦੀ ਗੱਲ ਲੱਗਦੀ ਹੈ ਜਦੋਂ ਉਹ ਨਿੱਕਾ ਜਿਹਾ ਹੁੰਦਾ ਆਪਣੇ ਬਾਪੂ ਜੀ ਨਾਲ ਆਪਣੇ ਘਰੇ ਆਉਂਦਾ ਹੁੰਦਾ ਸੀ ਤੇ ਅੱਜ ਉਸ ਦਾ ਵਿਆਹ ਵੀ ਹੋ ਰਿਹਾ ਹੈ। ਵੇਖ ਲੈ ਉੱਥੇ ਪੰਜਾਬ ਵਿੱਚ ਵਕਤ ਕਿੰਨਾ ਤੇਜ਼ੀ ਨਾਲ ਲੰਘ ਰਿਹਾ ਹੈ ਤੇ ਇੱਥੇ ਆਪਾਂ ਨੂੰ ਇੱਕ ਘੜੀ ਲੰਘਾਉਣੀ ਔਖੀ ਹੋਈ ਪਈ ਹੈ।

‘‘ਕਿਉਂ ਚਿੰਤਾ ਕਰਦੇ ਹੋ ਜੀ। ਕੋਈ ਨਾ ਆਪਾਂ ਦੋ-ਚਾਰ ਮਹੀਨਿਆਂ ਤੱਕ ਪਿੰਡ ਚਲੇ ਜਾਵਾਂਗੇ।’’ ਪ੍ਰੀਤਮ ਕੁਰ ਨੇ ਸੋਫੇ ’ਤੇ ਬੈਠਦਿਆਂ ਕਿਹਾ। ‘‘ਉਹ ਗੱਲ ਤਾਂ ਤੇਰੀ ਠੀਕ ਹੈ ਪ੍ਰੀਤਮ ਕੁਰੇ, ਪਰ ਜੇ ਅੱਜ ਆਪਾਂ ਪਿੰਡ ਹੁੰਦੇ ਤਾਂ ਲਾਡੀ ਦੇ ਵਿਆਹ ਦੀ ਸਾਰੀ ਜ਼ਿੰਮੇਵਾਰੀ ਗਿਆਨੀ ਜੀ ਨੇ ਮੇਰੇ ਮੋਢਿਆਂ ’ਤੇ ਧਰਨੀ ਸੀ। ਕੌਣ ਆਇਆ, ਕੌਣ ਗਿਆ, ਕਿਹੜਾ ਪ੍ਰਾਹੁਣਾ ਕਿੱਥੇ ਬੈਠਾ… ਇਹ ਸਭ ਮੈਂ ਦੇਖਣਾ ਸੀ। ਪਰ ਇੱਥੇ? ਇੱਥੇ ਅਸੀਂ ਇਸ ਚਾਰ-ਦੀਵਾਰੀ ਦੇ ਬੰਦੀ ਹਾਂ।’’

ਪਿੰਡ ਬਾਰੇ ਗੱਲ ਕਰਦਿਆਂ ਅਤੀਤ ਦੀਆਂ ਯਾਦਾਂ ਸਰੂਪ ਸਿੰਘ ਦੇ ਮਨ ਵਿੱਚ ਤੈਰਨ ਲੱਗੀਆਂ। ਦੋ ਸਾਲ ਪਹਿਲਾਂ, ਜਦੋਂ ਉਨ੍ਹਾਂ ਦਾ ਪੁੱਤਰ ਨਵਦੀਪ ਮਹੀਨੇ ਕੁ ਲਈ ਪੰਜਾਬ ਆਇਆ ਸੀ ਤਾਂ ਉਹ ਆਪਣੇ ਨਾਲ ਹਵਾਈ ਜਹਾਜ਼ ਦੀਆਂ ਟਿਕਟਾਂ ਲੈ ਕੇ ਆਇਆ ਸੀ। ਜਦੋਂ ਆਂਢ ਗੁਆਂਢ ਦੇ ਲੋਕਾਂ ਨੂੰ ਪਤਾ ਲੱਗਾ ਕਿ ਨਵਦੀਪ ਆਪਣੇ ਮਾਂ-ਪਿਉ ਨੂੰ ਕੈਨੇਡਾ ਆਪਣੇ ਨਾਲ ਲੈ ਕੇ ਜਾਣ ਲਈ ਆਇਆ ਹੈ ਤਾਂ ਸਭ ਨੇ ਇਹੀ ਕਿਹਾ ਸੀ, ‘ਸਰੂਪ ਸਿਹਾਂ, ਤੇਰੀ ਤਾਂ ਕਿਸਮਤ ਖੁੱਲ੍ਹ ਗਈ। ਪੁੱਤ ਸਿਆਣਾ ਤੇ ਲਾਇਕ ਨਿਕਲਿਆ, ਬੁਢਾਪਾ ਸੁਧਾਰ ਦਿੱਤਾ। ਜਿਊਂਦੇ ਜੀਅ ਨਰਕ ’ਚੋਂ ਕੱਢ ਦਿੱਤਾ।’ ਸਰੂਪ ਸਿੰਘ ਨੂੰ ਵੀ ਉਦੋਂ ਇਹੀ ਲੱਗਿਆ ਸੀ ਕਿ ਸ਼ਾਇਦ ਜ਼ਿੰਦਗੀ ਦੇ ਆਖਰੀ ਦਿਨ ਔਲਾਦ ਦੀ ਛਾਂ ਹੇਠ ਹੱਸਦਿਆਂ-ਖੇਡਦਿਆਂ ਲੰਘਣਗੇ, ਪਰ ਵਿਨੀਪੈਗ ਪਹੁੰਚ ਕੇ ਸੁਧਰੇ ਹੋਏ ਬੁਢਾਪੇ ਦਾ ਨਵਾਂ ਰੂਪ ਸਾਹਮਣੇ ਆਇਆ।

ਨਵਦੀਪ ਅਤੇ ਉਸ ਦੀ ਪਤਨੀ ਦੋਵੇਂ ਕੰਪਿਊਟਰ ਕੰਪਨੀਆਂ ਵਿੱਚ ਮੈਨੇਜਰ ਸਨ। ਉਹ ਸਵੇਰੇ ਤੜਕੇ ਛੇ ਵਜੇ, ਜਦੋਂ ਹਾਲੇ ਬਾਹਰ ਹਨੇਰਾ ਹੀ ਹੁੰਦਾ, ਨਿਕਲ ਜਾਂਦੇ ਅਤੇ ਰਾਤ ਨੂੰ ਅੱਠ ਵਜੇ ਥੱਕੇ-ਟੁੱਟੇ ਵਾਪਸ ਆਉਂਦੇ। ਬੱਚੇ ਜੋ ਕੈਨੇਡਾ ਵਿੱਚ ਹੀ ਜੰਮੇ-ਪਲੇ ਸਨ, ਹਫ਼ਤੇ ਦੇ ਅਖੀਰ ਵਿੱਚ ਵੀ ਆਪਣੇ ਫੁਟਬਾਲ ਦੇ ਮੈਚਾਂ ਜਾਂ ਗੋਰੇ ਦੋਸਤਾਂ ਦੀਆਂ ਜਨਮਦਿਨ ਪਾਰਟੀਆਂ ਵਿੱਚ ਮਸਤ ਰਹਿੰਦੇ। ਬਜ਼ੁਰਗਾਂ ਲਈ ਚੌਵੀ ਘੰਟੇ ਦਾ ਦਿਨ ਕੱਟਣਾ ਇੱਕ ਕਾਲ ਕੋਠੜੀ ਦੀ ਸਜ਼ਾ ਵਰਗਾ ਸੀ। ਉਨ੍ਹਾਂ ਲਈ ਸਭ ਤੋਂ ਵੱਡੀ ਦੁਸ਼ਵਾਰੀ ਸੀ ਪਛਾਣ ਦਾ ਗੁਆਚ ਜਾਣਾ। ਪੰਜਾਬ ਵਿੱਚ ਸਰੂਪ ਸਿੰਘ ਬਹੁਤ ਸਾਲ ਪਿੰਡ ਦੀ ਸਹਿਕਾਰੀ ਸਭਾ ਦਾ ਪ੍ਰਧਾਨ ਰਿਹਾ ਸੀ। ਗਲੀ ਵਿੱਚੋਂ ਲੰਘਦੇ ਨਿਆਣੇ ਤੋਂ ਲੈ ਕੇ ਬੁੱਢੇ ਤੱਕ ਸਭ ਸਤਿ ਸ੍ਰੀ ਅਕਾਲ ਪ੍ਰਧਾਨ ਜੀ ਆਖਦੇ ਸਨ। ਸੱਥ ਵਿੱਚ ਬੈਠ ਕੇ ਖੇਤੀਬਾੜੀ, ਦੇਸ਼ ਦੀ ਸਿਆਸਤ ਅਤੇ ਨਹਿਰੀ ਪਾਣੀ ਦੇ ਮਸਲਿਆਂ ਆਦਿ ’ਤੇ ਉਸ ਦੀ ਰਾਏ ਸਭ ਤੋਂ ਅਹਿਮ ਹੁੰਦੀ ਸੀ। ਇੱਥੇ ਇਸ ਬੇਗਾਨੇ ਸ਼ਹਿਰ ਵਿੱਚ ਉਹ ਮਹਿਜ਼ ਇੱਕ ਸੀਨੀਅਰ ਸਿਟੀਜ਼ਨ ਬਣ ਕੇ ਸਿਮਟ ਕੇ ਰਹਿ ਗਏ ਸਨ। ਜੇ ਕਦੇ ਹਿੰਮਤ ਕਰਕੇ ਘਰੋਂ ਬਾਹਰ ਸੜਕ ’ਤੇ ਪੈਰ ਰੱਖਦੇ ਵੀ ਤਾਂ ਗੋਰੇ ਗੁਆਂਢੀ ਅਜਨਬੀਆਂ ਵਾਂਗ ਕੋਲੋਂ ਲੰਘ ਜਾਂਦੇ। ਕੋਈ ਮੁਸਕਰਾਉਂਦਾ ਵੀ ਤਾਂ ਉਹ ਮੁਸਕਰਾਹਟ ਪਲਾਸਟਿਕ ਵਰਗੀ ਹੁੰਦੀ, ਜਿਸ ਵਿੱਚ ਕੋਈ ਸੱਚਾ ਤੇ ਆਪਣੇਪਣ ਵਾਲਾ ਨਿੱਘ ਨਹੀਂ ਸੀ ਹੁੰਦਾ। ਸ਼ਨਿਚਰਵਾਰ ਇੱਕ ਸ਼ਾਮ ਘਰ ਵਿੱਚ ਮਾਹੌਲ ਥੋੜ੍ਹਾ ਖੁਸ਼ਗਵਾਰ ਸੀ। ਨਵਦੀਪ ਸਮੇਂ ਸਿਰ ਘਰ ਆ ਗਿਆ ਸੀ ਅਤੇ ਉਸ ਦੇ ਹੱਥ ਵਿੱਚ ਭੂਰੇ ਜਿਹੇ ਰੰਗ ਦਾ ਇੱਕ ਸਰਕਾਰੀ ਲਿਫ਼ਾਫ਼ਾ ਸੀ। ਉਸ ਨੇ ਬੜੇ ਚਾਅ ਨਾਲ ਲਿਫ਼ਾਫ਼ਾ ਮੇਜ਼ ’ਤੇ ਰੱਖਿਆ ਅਤੇ ਬੋਲਿਆ, ‘‘ਪਾਪਾ, ਮੰਮੀ, ਤੁਹਾਡੇ ਲਈ ਬਹੁਤ ਵੱਡੀ ਖੁਸ਼ਖਬਰੀ ਹੈ! ਤੁਹਾਡੀ ਸੁਪਰ-ਵੀਜ਼ਾ ਦੀ ਐਕਸਟੈਨਸ਼ਨ ਆ ਗਈ ਹੈ। ਹੁਣ ਇਮੀਗ੍ਰੇਸ਼ਨ ਵਾਲਿਆਂ ਨੇ ਤੁਹਾਨੂੰ ਹੋਰ ਤਿੰਨ ਸਾਲ ਇੱਥੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਹੈ। ਹੁਣ ਸਾਨੂੰ ਵਾਰ-ਵਾਰ ਫਾਈਲਾਂ ਲਗਾਉਣ ਦੀ ਲੋੜ ਨਹੀਂ।

ਨਵਦੀਪ ਦੇ ਚਿਹਰੇ ’ਤੇ ਇੱਕ ਸਕੂਨ ਸੀ। ਉਸ ਨੂੰ ਲੱਗ ਰਿਹਾ ਸੀ ਕਿ ਉਸ ਨੇ ਪੁੱਤਰ ਹੋਣ ਦਾ ਫ਼ਰਜ਼ ਪੂਰਾ ਕਰ ਦਿੱਤਾ ਹੈ ਅਤੇ ਉਸ ਦੇ ਮਾਪੇ ਦੁਨੀਆ ਦੇ ਸਭ ਤੋਂ ਸੁਰੱਖਿਅਤ ਅਤੇ ਅਮੀਰ ਦੇਸ਼ ਵਿੱਚ ਉਸ ਦੇ ਕੋਲ ਹਨ, ਪਰ ਇਹ ਸੁਣਦਿਆਂ ਹੀ ਸਰੂਪ ਸਿੰਘ ਦੇ ਪੈਰਾਂ ਹੇਠੋਂ ਜਿਵੇਂ ਜ਼ਮੀਨ ਖਿਸਕ ਗਈ। ਉਸ ਨੇ ਲੋਈ ਨੂੰ ਮੋਢਿਆਂ ਤੋਂ ਥੋੜ੍ਹਾ ਹੋਰ ਕੱਸਿਆ। ਪ੍ਰੀਤਮ ਕੌਰ ਨੇ ਰਸੋਈ ਦੀ ਕੰਧ ਨੂੰ ਸਹਾਰੇ ਲਈ ਫੜ ਲਿਆ। ‘‘ਨਵੀ ਪੁੱਤ…।’’ ਸਰੂਪ ਸਿੰਘ ਨੇ ਬੜੀ ਹਿੰਮਤ ਇਕੱਠੀ ਕਰਕੇ ਭਾਰੀ ਆਵਾਜ਼ ਵਿੱਚ ਕਿਹਾ, ‘‘ਅਸੀਂ… ਅਸੀਂ ਹੁਣ ਪੰਜਾਬ ਵਾਪਸ ਜਾਣਾ ਚਾਹੁੰਦੇ ਹਾਂ। ਸਾਡਾ ਇੱਥੇ ਦਿਲ ਨਹੀਂ ਲੱਗਦਾ। ਨਵਦੀਪ ਦਾ ਚਿਹਰਾ ਇੱਕ ਪਲ ਵਿੱਚ ਉਤਰ ਗਿਆ। ਉਸ ਦੀਆਂ ਅੱਖਾਂ ਵਿੱਚ ਹੈਰਾਨੀ ਅਤੇ ਗੁੱਸਾ ਦੋਵੇਂ ਆ ਗਏ ਸਨ, ‘‘ਪਾਪਾ! ਤੁਸੀਂ ਫਿਰ ਉਹੀ ਗੱਲ ਸ਼ੁਰੂ ਕਰ ਦਿੱਤੀ? ਉੱਥੇ ਪੰਜਾਬ ਵਿੱਚ ਕੌਣ ਹੈ ਤੁਹਾਡਾ? ਸਾਰੀ ਉਮਰ ਤੁਸੀਂ ਪਿੰਡ ਦੇ ਲੋਕਾਂ ਦੇ ਕੰਮ ਆਉਂਦੇ ਰਹੇ, ਹੁਣ ਜਦੋਂ ਬੁਢਾਪੇ ਵਿੱਚ ਤੁਹਾਨੂੰ ਆਰਾਮ ਚਾਹੀਦਾ ਹੈ ਤਾਂ ਤੁਸੀਂ ਉਸ ਧੂੜ-ਮਿੱਟੀ ਵਿੱਚ ਵਾਪਸ ਜਾਣਾ ਚਾਹੁੰਦੇ ਹੋ ਜਿੱਥੋਂ ਮੈਂ ਤੁਹਾਨੂੰ ਲੈ ਕੇ ਆਇਆ ਹਾਂ? ਉੱਥੇ ਤਾਂ ਮੈਡੀਕਲ ਦੀ ਸਹੂਲਤ ਵੀ ਚੰਗੀ ਨਹੀਂ। ਜੇ ਰਾਤ-ਬਰਾਤੇ ਕਿਸੇ ਨੂੰ ਕੋਈ ਦਿਲ ਦੀ ਸਮੱਸਿਆ ਹੋ ਗਈ ਤਾਂ ਹਸਪਤਾਲ ਕੌਣ ਲੈ ਕੇ ਜਾਵੇਗਾ?’’

‘‘ਪੁੱਤ, ਹਸਪਤਾਲ ਤਾਂ ਇੱਥੇ ਵੀ ਹੈ, ਪਰ ਇੱਥੇ ਸਾਨੂੰ ਲਿਜਾਣ ਲਈ ਵੀ ਤੈਨੂੰ ਕੰਮ ਤੋਂ ਛੁੱਟੀ ਲੈਣੀ ਪੈਂਦੀ ਹੈ।’’ ਪ੍ਰੀਤਮ ਕੌਰ ਨੇ ਹੌਲੀ ਦੇਣੀ ਆਖਿਆ। ਨਵਦੀਪ ਨੇ ਖਿੱਝ ਕੇ ਅੱਗੋਂ ਜਵਾਬ ਦਿੱਤਾ, ‘‘ਮੰਮੀ, ਇੱਥੇ ਸਿਸਟਮ ਐਦਾਂ ਦਾ ਹੀ ਹੈ। ਮੈਂ ਆਪਣੀ ਲੱਖਾਂ ਡਾਲਰ ਦੀ ਨੌਕਰੀ ਨਹੀਂ ਛੱਡ ਸਕਦਾ। ਜੇ ਮੈਂ ਕੰਮ ’ਤੇ ਨਹੀਂ ਜਾਵਾਂਗਾ, ਤਾਂ ਇਸ ਘਰ ਦੀਆਂ ਕਿਸ਼ਤਾਂ, ਤੁਹਾਡਾ ਬੀਮਾ, ਬੱਚਿਆਂ ਦੀਆਂ ਫੀਸਾਂ ਕੌਣ ਭਰੇਗਾ? ਇੱਥੇ ਤੁਹਾਡੇ ਕੋਲ ਸਭ ਕੁਝ ਹੈ। ਵੱਡਾ ਘਰ ਹੈ, ਹਰ ਕਮਰੇ ਵਿੱਚ ਟੀਵੀ ਹੈ, ਚੰਗਾ ਖਾਣ ਪੀਣ ਨੂੰ ਮਿਲਦਾ ਹੈ। ਸਰਕਾਰ ਵੱਲੋਂ ਡਾਕਟਰੀ ਸਹੂਲਤਾਂ ਮੁਫ਼ਤ ਨੇ। ਫਿਰ ਵੀ ਤੁਸੀਂ ਵਾਪਸ ਜਾਣ ਦੀ ਜ਼ਿੱਦ ਕਿਉਂ ਕਰਦੇ ਹੋ? ਉੱਥੇ ਪੰਜਾਬ ਵਿੱਚ ਹੁਣ ਰੱਖਿਆ ਹੀ ਕੀ ਹੈ?

ਸਰੂਪ ਸਿੰਘ ਕੋਲ ਇਸ ਸਵਾਲ ਦਾ ਕੋਈ ਅਜਿਹਾ ਜਵਾਬ ਨਹੀਂ ਸੀ ਜੋ ਨਵਦੀਪ ਦੇ ਕੈਨੇਡੀਅਨ ਦਿਮਾਗ਼ ਨੂੰ ਸਮਝਾਇਆ ਜਾ ਸਕੇ। ਉਹ ਉਸ ਨੂੰ ਕਿਵੇਂ ਦੱਸਦੇ ਕਿ ਮਨੁੱਖ ਸਿਰਫ਼ ਚੰਗੇ ਖਾਣੇ, ਵੱਡੇ ਘਰ ਅਤੇ ਬੀਮੇ ਦੇ ਸਹਾਰੇ ਨਹੀਂ ਜਿਊਂਦਾ। ਮਨੁੱਖ ਨੂੰ ਆਪਣੀ ਮਿੱਟੀ, ਆਪਣੇ ਲੋਕ, ਆਪਣੀ ਬੋਲੀ ਅਤੇ ਉਹ ਅਪਣੱਤ ਚਾਹੀਦੀ ਹੁੰਦੀ ਹੈ ਜਿੱਥੇ ਕੋਈ ਬਿਨਾਂ ਮਤਲਬ ਤੋਂ ਵੀ ਬੂਹਾ ਖੜਕਾ ਕੇ ਹਾਲ-ਚਾਲ ਪੁੱਛ ਲਵੇ।

‘‘ਤੂੰ ਨਹੀਂ ਸਮਝੇਂਗਾ ਪੁੱਤ…।’’ ਸਰੂਪ ਸਿੰਘ ਨੇ ਕੰਧ ’ਤੇ ਲੱਗੀ ਘੜੀ ਵੱਲ ਦੇਖਦਿਆਂ ਕਿਹਾ, ‘‘ਤੇਰੀ ਦੁਨੀਆ ਡਾਲਰਾਂ ਤੇ ਕਿਸ਼ਤਾਂ ਦੀ ਹੈ, ਸਾਡੀ ਰੂਹ ਹਾਲੇ ਵੀ ਉਸੇ ਪਿੰਡ ਦੀਆਂ ਗਲੀਆਂ, ਸੱਥਾਂ ਤੇ ਜੂਹਾਂ ਵਿੱਚ ਭਟਕਦੀ ਹੈ।’’ ਨਵਦੀਪ ਬਿਨਾਂ ਕੁਝ ਬੋਲੇ, ਪੈਰ ਪਟਕਦਾ ਹੋਇਆ ਆਪਣੇ ਕਮਰੇ ਵਿੱਚ ਚਲਾ ਗਿਆ ਅਤੇ ਦਰਵਾਜ਼ਾ ਜ਼ੋਰ ਦੀ ਬੰਦ ਕਰ ਦਿੱਤਾ।

ਉਸੇ ਰਾਤ ਬਾਰਾਂ ਵਜੇ ਦੇ ਕਰੀਬ ਜਦੋਂ ਪੂਰਾ ਘਰ ਸੌਂ ਚੁੱਕਾ ਸੀ, ਸਰੂਪ ਸਿੰਘ ਅਤੇ ਪ੍ਰੀਤਮ ਕੌਰ ਆਪਣੇ ਕਮਰੇ ਵਿੱਚ ਇਕੱਲੇ ਬੈਠੇ ਸਨ। ਬਾਹਰ ਬਰਫ਼ੀਲਾ ਤੂਫ਼ਾਨ ਹੋਰ ਤੇਜ਼ ਹੋ ਗਿਆ ਸੀ, ਹਵਾ ਖਿੜਕੀਆਂ ਦੇ ਸ਼ੀਸ਼ਿਆਂ ਨਾਲ ਟਕਰਾ ਕੇ ਇੱਕ ਡਰਾਉਣੀ ਆਵਾਜ਼ ਪੈਦਾ ਕਰ ਰਹੀ ਸੀ। ਪ੍ਰੀਤਮ ਕੌਰ ਨੇ ਸਰੂਪ ਸਿੰਘ ਦੇ ਗੋਡਿਆਂ ’ਤੇ ਹੱਥ ਰੱਖਿਆ, ਉਸ ਦੀਆਂ ਅੱਖਾਂ ਵਿੱਚ ਹੰਝੂ ਸਨ, ‘‘ਸਰਦਾਰ ਜੀ, ਜੇ ਅਸੀਂ ਇੱਥੇ ਰਹਿੰਦੇ ਹਾਂ, ਤਾਂ ਸਾਡਾ ਸਾਹ ਘੁੱਟਦਾ ਹੈ। ਇੰਝ ਲੱਗਦਾ ਜਿਵੇਂ ਕਿਸੇ ਮਹਿੰਗੀ ਜੇਲ੍ਹ ਵਿੱਚ ਬੰਦ ਹਾਂ। ਜੇ ਪੰਜਾਬ ਜਾਂਦੇ ਹਾਂ ਤਾਂ ਪੁੱਤ ਦਾ ਦਿਲ ਟੁੱਟਦਾ ਹੈ। ਉਹ ਕਹਿੰਦਾ ਹੈ ਕਿ ਦੁਨੀਆ ਮੈਨੂੰ ਤਾਹਨੇ ਮਾਰੇਗੀ ਕਿ ਮਾਪੇ ਬੁਢਾਪੇ ਵਿੱਚ ਪਿੰਡ ਇਕੱਲੇ ਛੱਡ ਦਿੱਤੇ, ਪਰ ਉਹ ਇਹ ਨਹੀਂ ਸਮਝਦਾ ਕਿ ਸਾਡੀ ਜਾਨ ਤਾਂ ਇੱਥੇ ਰੋਜ਼ ਨਿਕਲਦੀ ਹੈ। ਅਸੀਂ ਤਾਂ ਜਿਊਂਦੇ-ਜੀਅ ਤ੍ਰਿਸ਼ੰਕੂ ਵਾਂਗ ਵਿਚਾਲੇ ਲਟਕ ਗਏ ਹਾਂ। ਨਾ ਹੁਣ ਉਹ ਦੇਸ਼ ਸਾਡਾ ਰਿਹਾ ਹੈ, ਨਾ ਇਹ ਦੇਸ਼ ਸਾਨੂੰ ਅਪਣਾਉਂਦਾ ਹੈ।ਸਰੂਪ ਸਿੰਘ ਨੇ ਆਪਣੀ ਪਤਨੀ ਦੇ ਹੰਝੂ ਪੂੰਝੇ, ‘‘ਦਿਲ ਕਾਹਤੋਂ ਛੋਟਾ ਕਰਦੀ ਐਂ ਪ੍ਰੀਤਮ ਕੁਰੇ। ਪਰਵਾਸ ਦੀ ਇਹੋ ਤ੍ਰਾਸਦੀ ਹੈ ਜਿਹੜੇ ਬੱਚਿਆਂ ਨੂੰ ਅਸੀਂ ਉੱਡਣਾ ਸਿਖਾਇਆ, ਹੁਣ ਉਨ੍ਹਾਂ ਦੇ ਆਕਾਸ਼ ਵੱਖਰੇ ਨੇ ਤੇ ਸਾਡੀਆਂ ਜੜਾਂ ਵੱਖਰੀਆਂ। ਔਲਾਦ ਪੰਜਾਬ ਜਾਣਾ ਨਹੀਂ ਚਾਹੁੰਦੀ ਕਿਉਂਕਿ ਉਨ੍ਹਾਂ ਦਾ ਭਵਿੱਖ ਇੱਥੇ ਹੈ, ਤੇ ਸਾਡਾ ਇੱਧਰ ਕੈਨੇਡਾ ਦਿਲ ਨਹੀਂ ਲੱਗਦਾ ਕਿਉਂਕਿ ਸਾਡਾ ਅਤੀਤ ਉੱਥੇ ਰਹਿ ਗਿਆ।

ਸਰੂਪ ਸਿੰਘ ਨੇ ਉੱਠ ਕੇ ਖਿੜਕੀ ਦਾ ਪਰਦਾ ਥੋੜ੍ਹਾ ਹਟਾਇਆ ਅਤੇ ਬਾਹਰ ਡਿੱਗ ਰਹੀ ਬਰਫ਼ ਵੱਲ ਦੇਖਿਆ। ਉਸ ਨੂੰ ਮਹਿਸੂਸ ਹੋਇਆ ਕਿ ਉਹ ਉਸ ਰੁੱਖ ਦੇ ਪੱਤੇ ਵਾਂਗ ਹੈ ਜੋ ਪੰਜਾਬ ਦੀ ਧਰਤੀ ਤੋਂ ਆਪਣੀਆਂ ਜੜਾਂ ਤੋਂ ਤਾਂ ਟੁੱਟ ਚੁੱਕਾ ਹੈ, ਪਰ ਸਮੇਂ ਅਤੇ ਹਾਲਾਤ ਦੀ ਹਵਾ ਦੇ ਬੁੱਲੇ ਕਾਰਨ ਇਸ ਬੇਗਾਨੀ, ਬਰਫ਼ੀਲੀ ਧਰਤੀ ’ਤੇ ਜਾ ਡਿੱਗਿਆ ਹੈ ਜਿੱਥੇ ਨਾ ਉਹ ਦੁਬਾਰਾ ਹਰਾ ਹੋ ਸਕਦਾ ਹੈ ਅਤੇ ਨਾ ਹੀ ਉਸ ਦੀ ਆਪਣੀ ਕੋਈ ਪਛਾਣ ਬਚੀ ਹੈ। ਉਸ ਨੇ ਹੌਲੀ ਜਿਹੇ ਪਰਦਾ ਵਾਪਸ ਸੁੱਟ ਦਿੱਤਾ। ਕਮਰੇ ਵਿੱਚ ਫਿਰ ਉਹੀ ਹੀਟਰ ਦੀ ਖੁਸ਼ਕ ਗਰਮੀ ਅਤੇ ਸਿਖਰਾਂ ਦੀ ਖਾਮੋਸ਼ੀ ਪਸਰ ਗਈ। ਪਰਵਾਸ ਦੀ ਇਸ ਅਦਿੱਖ ਅਤੇ ਦਰਦਨਾਕ ਦੁਸ਼ਵਾਰੀ ਦਾ ਕੋਈ ਇਲਾਜ ਨਾ ਤਾਂ ਕੈਨੇਡਾ ਦੇ ਕਿਸੇ ਮਹਿੰਗੇ ਹਸਪਤਾਲ ਕੋਲ ਸੀ ਅਤੇ ਨਾ ਹੀ ਪੰਜਾਬ ਦੀਆਂ ਯਾਦਾਂ ਕੋਲ।

Share this content:

Post Comment