ਤੀਜ ਦੀ ਪੀਂਘ/ਡਾ. ਸੱਤਿਆਵਾਨ ਸੌਰਭ
ਸਾਉਣ ਦਾ ਮੀਂਹ, ਖੇਤਾਂ ਦੀ ਹਰਿਆਲੀ, ਪਿੱਪਲ ਦੇ ਰੁੱਖ ’ਤੇ ਝੂਲੇ ਅਤੇ ਔਰਤਾਂ ਦੇ ਗੀਤਾਂ ਦੀ ਗੂੰਜ। ਇਹ ਸਭ ਮਿਲ ਕੇ ਤੀਜ ਨੂੰ ਸਿਰਫ਼ ਇੱਕ ਤਿਉਹਾਰ ਨਹੀਂ ਸਗੋਂ ਇੱਕ ਭਾਵਨਾਤਮਕ ਅਨੁਭਵ ਬਣਾਉਂਦੇ ਹਨ। ਹਰ ਔਰਤ ਦੇ ਜੀਵਨ ਵਿੱਚ ਤੀਜ ਦੀ ਆਪਣੀ ਕਹਾਣੀ ਹੁੰਦੀ ਹੈ- ਕੁਝ ਲਈ ਇਹ ਸਜਣ ਧਜਣ ਦਾ ਮੌਕਾ ਦੇਣ ਵਾਲਾ ਤਿਉਹਾਰ ਹੈ, ਕੁਝ ਲਈ ਇਹ ਯਾਦਾਂ ਦਾ ਝੂਲਾ ਹੈ ਅਤੇ ਕੁਝ ਲਈ ਖ਼ੁਦ ਨੂੰ ਦੁਬਾਰਾ ਪਛਾਣਨ ਦਾ ਮੌਕਾ। ਇਹ ਰਾਧਾ ਦੀ ਕਹਾਣੀ ਹੈ, ਜੋ ਪਰੰਪਰਾਵਾਂ ਦਰਮਿਆਨ ਆਪਣੀ ਆਵਾਜ਼ ਲੱਭਦੀ ਹੈ। ਇਹ ਮਾਂ-ਧੀ ਦੇ ਰਿਸ਼ਤੇ, ਸਹੁਰਿਆਂ ਦੇ ਰੀਤੀ-ਰਿਵਾਜਾਂ ਅਤੇ ਇੱਕ ਔਰਤ ਦੇ ਸਵੈਮਾਣ ਦੀ ਵੀ ਕਹਾਣੀ ਹੈ।
ਪਿੰਡ ਦੇ ਪੂਰਬੀ ਸਿਰੇ ’ਤੇ ਪਿੱਪਲ ਦਾ ਦਰੱਖਤ ਸੀ – ਬਹੁਤ ਪੁਰਾਣਾ, ਬਹੁਤ ਵੱਡਾ। ਜਿਉਂ ਹੀ ਮੀਂਹ ਦੀਆਂ ਪਹਿਲੀਆਂ ਬੂੰਦਾਂ ਡਿੱਗਦੀਆਂ, ਉਸ ’ਤੇ ਪੀਂਘਾਂ ਪਾ ਦਿੱਤੀਆਂ ਜਾਂਦੀਆਂ। ਪਿੰਡ ਦੀਆਂ ਔਰਤਾਂ ਲਾਲ ਅਤੇ ਹਰੀਆਂ ਸਾੜੀਆਂ ਪਹਿਨ ਕੇ ਝੂਲਦੀਆਂ ਅਤੇ ਗੀਤ ਗਾਉਂਦੀਆਂ ਸਨ। ਰਾਧਾ ਦੀ ਮਾਂ ਸ਼ਾਰਦਾ ਦੇਵੀ ਹਰ ਸਾਲ ਇਸ ਰੁੱਖ ’ਤੇ ਇੱਕ ਪੀਂਘ ਪਾਉਂਦੀ। ਰਾਧਾ ਆਪਣੀਆਂ ਸਹੇਲੀਆਂ ਨਾਲ ਘੰਟਿਆਂਬੱਧੀ ਪੀਂਘ ਝੂਟਦੀ ਰਹਿੰਦੀ। ਸਾਉਣ ਦੇ ਦਿਨ, ਗੁਜੀਆ ਦੀ ਮਿਠਾਸ ਅਤੇ ਮਾਂ ਦੇ ਹੱਥਾਂ ਦੀ ਮਹਿੰਦੀ ਰਾਧਾ ਦੇ ਬਚਪਨ ਦੀਆਂ ਯਾਦਾਂ ਸਨ। ਹੁਣ ਉਹ ਸਭ ਬੀਤੇ ਸਮੇਂ ਦੀ ਗੱਲ ਸੀ। ਰਾਧਾ ਦਾ ਵਿਆਹ ਤਿੰਨ ਸਾਲ ਪਹਿਲਾਂ ਸ਼ਹਿਰ ਦੇ ਇੱਕ ਅਮੀਰ ਪਰਿਵਾਰ ਵਿੱਚ ਹੋਇਆ। ਉਸ ਦਾ ਪਤੀ ਬਹੁਤ ਵਧੀਆ ਸੀ, ਪਰ ਉਸ ਦੇ ਸਹੁਰੇ ਪੁਰਾਣੇ ਖ਼ਿਆਲਾਂ ਦੇ ਸਨ। ਉਨ੍ਹਾਂ ਨੂੰ ਆਪਣੀ ਨੂੰਹ ਨੂੰ ਉਸ ਦੇ ਮਾਪਿਆਂ ਦੇ ਘਰ ਭੇਜਣਾ ਪਸੰਦ ਨਹੀਂ ਸੀ। ਉਨ੍ਹਾਂ ਨੂੰ ਲੱਗਦਾ ਸੀ ਕਿ ਨੂੰਹਾਂ ਆਪਣੇ ਮਾਪਿਆਂ ਦੇ ਘਰ ਜਾਣ ਤੋਂ ਬਾਅਦ ਭਟਕ ਜਾਂਦੀਆਂ ਹਨ।
ਤਿੰਨ ਸਾਲਾਂ ਵਿੱਚ ਰਾਧਾ ਨੂੰ ਤੀਜ ਮੌਕੇ ਆਪਣੇ ਮਾਪਿਆਂ ਦੇ ਘਰ ਜਾਣ ਦੀ ਇਜਾਜ਼ਤ ਨਹੀਂ ਸੀ। ਹਰ ਸਾਲ ਸਾਉਣ ਮਹੀਨੇ ਸ਼ਾਰਦਾ ਦੇਵੀ ਆਪਣੇ ਵਿਹੜੇ ਵਿੱਚ ਪੀਂਘ ਪਾਉਂਦੀ। ਇਸ ਸਾਲ ਵੀ ਸਾਉਣ ਮਹੀਨੇ ਪਿੰਡ ਦੀਆਂ ਔਰਤਾਂ ਪੀਲੀਆਂ ਅਤੇ ਹਰੇ ਰੰਗ ਦੀਆਂ ਸਾੜੀਆਂ ਪਹਿਨ ਰਹੀਆਂ ਸਨ। ਪੀਂਘਾਂ ’ਤੇ ਗੀਤਾਂ ਦੀ ਗੂੰਜ ਸੀ, ਪਰ ਸ਼ਾਰਦਾ ਦੇਵੀ ਦੇ ਵਿਹੜੇ ਵਿੱਚ ਸਿਰਫ਼ ਚੁੱਪ ਸੀ। ਸ਼ਾਮ ਨੂੰ ਉਸ ਨੇ ਗੁਜੀਆ ਤਾਂਬੇ ਦੀ ਪਲੇਟ ਵਿੱਚ ਸਜਾਇਆ, ਘੇਵਰ ਉੱਤੇ ਕਰੀਮ ਪਾਈ ਅਤੇ ਇੱਕ ਛੋਟੇ ਕਟੋਰੇ ਵਿੱਚ ਸਿੰਧੂਰ ਰੱਖਿਆ। ‘‘ਇਸ ਵਾਰ ਰਾਧਾ ਜ਼ਰੂਰ ਆਵੇਗੀ,’’ ਉਸ ਨੇ ਆਪਣੇ ਆਪ ਨੂੰ ਕਿਹਾ। ਪਰ ਕੋਈ ਗੱਡੀ ਨਾ ਆਈ ਅਤੇ ਕੋਈ ਸੁਨੇਹਾ ਨਹੀਂ, ਕੋਈ ਫੋਨ ਕਾਲ ਵੀ ਨਹੀਂ। ਹਰ ਸਾਲ ਵਾਂਗ, ਇਸ ਸਾਲ ਵੀ ਨਜ਼ਰਾਂ ਦਰਵਾਜ਼ੇ ਵੱਲ ਲੱਗੀਆਂ ਰਹੀਆਂ। ਰਾਧਾ ਬੇਚੈਨ ਸੀ। ਉਸ ਦੀ ਸੱਸ ਨੇ ਸਵੇਰੇ ਹੀ ਕਿਹਾ ਸੀ, ‘‘ਜੇ ਤੂੰ ਤੀਜ ਦਾ ਵਰਤ ਰੱਖਣਾ ਚਾਹੁੰਦੀ ਏਂ ਤਾਂ ਜ਼ਰੂਰ ਰੱਖ, ਪਰ ਆਪਣੀ ਮਾਂ ਦੇ ਘਰ ਜਾਣ ਬਾਰੇ ਸੋਚਣਾ ਵੀ ਨਹੀਂ। ਅਸੀਂ ਮੂਰਖ ਹਾਂ ਜੋ ਹਰ ਸਾਲ ਆਪਣੀ ਨੂੰਹ ਨੂੰ ਭੇਜ ਦੇਈਏ! ਸਿਰਫ਼ ਆਪਣੇ ਸਹੁਰੇ ਘਰ ਹੀ ਕੱਪੜੇ ਪਾ ਲਵੀਂ। ਰਾਧਾ ਨੇ ਚੁੱਪਚਾਪ ਆਪਣੀ ਸਾੜੀ ਮੋੜ ਲਈ, ਮਹਿੰਦੀ ਦਾ ਡੱਬਾ ਚੁੱਕਿਆ ਅਤੇ ਛੱਤ ’ਤੇ ਚਲੀ ਗਈ। ਪਰ ਉਸ ਨੂੰ ਖ਼ਿਆਲਾਂ ਵਿੱਚ ਸਿਰਫ਼ ਆਪਣੀ ਮਾਂ ਦੀਆਂ ਉਡੀਕਦੀਆਂ ਅੱਖਾਂ ਅਤੇ ਪਿੱਪਲ ’ਤੇ ਪਾਈ ਪੀਂਘ ਦਿਸ ਰਹੀ ਸੀ।
ਅੰਤ ਵਿੱਚ ਰਾਧਾ ਨੇ ਫ਼ੈਸਲਾ ਕਰ ਲਿਆ। ਆਪਣੇ ਸਹੁਰਿਆਂ ਨੂੰ ਦੱਸੇ ਬਿਨਾਂ, ਆਪਣੇ ਪਤੀ ਲਈ ਵੀ ਸੁਨੇਹਾ ਛੱਡੇ ਬਿਨਾਂ ਰਾਧਾ ਆਪਣੇ ਪਿੰਡ ਚਲੀ ਗਈ। ਉਸ ਨੇ ਪੁਰਾਣੀ ਸਾੜੀ ਪਹਿਨੀ ਹੋਈ ਸੀ, ਮੋਢੇ ਇੱਕ ਛੋਟਾ ਜਿਹਾ ਬੈਗ ਸੀ। ਕੋਈ ਗਹਿਣੇ ਨਹੀਂ, ਕੋਈ ਦਿਖਾਵਾ ਨਹੀਂ। ਉਸ ਦੇ ਦਿਲ ਵਿੱਚ ਸਿਰਫ਼ ਇੱਕ ਇੱਛਾ ਸੀ: ਆਪਣੀ ਮਾਂ ਦੀ ਗੋਦ ਵਿੱਚ ਤੀਜ ਮਨਾਉਣ ਦੀ। ਬੱਸ ਬਦਲਦਿਆਂ ਅਤੇ ਖੇਤਾਂ ਵਿੱਚੋਂ ਲੰਘਦਿਆਂ ਰਾਧਾ ਨੇ ਕਈ ਹੋਰ ਔਰਤਾਂ ਨੂੰ ਦੇਖਿਆ। ਉਨ੍ਹਾਂ ਵਿੱਚੋਂ ਕੁਝ ਆਪਣੇ ਪਤੀਆਂ ਨਾਲ ਅਤੇ ਕੁਝ ਆਪਣੇ ਦੋਸਤਾਂ ਨਾਲ ਸਨ। ਸਾਰਿਆਂ ਦੇ ਚਿਹਰਿਆਂ ’ਤੇ ਮੌਨਸੂਨ ਦੀ ਮੁਸਕਰਾਹਟ ਸੀ, ਪਰ ਰਾਧਾ ਦੀ ਮੁਸਕਰਾਹਟ ਥੋੜ੍ਹੀ ਡਰੀ ਹੋਈ ਸੀ। ਪਿੰਡ ਪਹੁੰਚਣ ਸਾਰ ਰਾਧਾ ਸਿੱਧੀ ਪਿੱਪਲ ਦੇ ਦਰੱਖਤ ਵੱਲ ਗਈ, ਪਰ ਉੱਥੇ ਨਾ ਤਾਂ ਕੋਈ ਝੂਲਾ ਸੀ ਅਤੇ ਨਾ ਹੀ ਕੋਈ ਹਾਸਾ। ‘‘ਮਾਂ!’’ ਜਿਉਂ ਹੀ ਆਵਾਜ਼ ਆਈ, ਸ਼ਾਰਦਾ ਦੇਵੀ ਰਸੋਈ ਵਿੱਚੋਂ ਬਾਹਰ ਭੱਜ ਆਈ। ਕੁੱਝ ਪਲਾਂ ਲਈ ਮਾਂ ਧੀ ਦੋਵੇਂ ਇੱਕ ਦੂਜੇ ਵੱਲ ਵੇਖਦੀਆਂ ਰਹੀਆਂ। ਫਿਰ ਸ਼ਾਰਦਾ ਦੇਵੀ ਨੇ ਰਾਧਾ ਨੂੰ ਜੱਫੀ ਪਾ ਲਈ।
‘‘ਧੀਏ… ਤੂੰ ਆ ਗਈ!’’
ਰਾਧਾ ਦੀਆਂ ਅੱਖਾਂ ’ਚੋਂ ਹੰਝੂ ਵਗਣ ਲੱਗ ਪਏ- ਉਹ ਹੰਝੂ ਜੋ ਤਿੰਨ ਦਿਨਾਂ ਤੋਂ ਰੋਕੇ ਹੋਏ ਸਨ। ਰਾਧਾ ਨੇ ਫਿਰ ਵਿਹੜਾ ਸਜਾਇਆ। ਮਾਂ ਨੇ ਪਿੱਪਲ ਦੇ ਦਰੱਖਤ ’ਤੇ ਪੀਂਘ ਪਾਈ। ਰਾਧਾ ਨੇ ਪੀਂਘ ਝੂਟੀ, ਗੀਤ ਗਾਏ, ਗੁਜੀਆ ਖਾਧਾ ਅਤੇ ਆਪਣੇ ਚੀਰ ’ਚ ਸਿੰਧੂਰ ਭਰ ਲਿਆ। ਮਾਂ ਨੇ ਰੱਖੜੀ ਵਾਂਗ ਉਸ ਦੇ ਗੁੱਟ ’ਤੇ ਹਰੀਆਂ ਚੂੜੀਆਂ ਪਾਈਆਂ ਅਤੇ ਕਿਹਾ, ‘‘ਤੇਰੇ ਆਉਣ ਨਾਲ ਮੇਰੀ ਤੀਜ ਮੁਕੰਮਲ ਹੋ ਗਈ ਹੈ। ਧੀਆਂ ਤਿਉਹਾਰ ਲੈ ਕੇ ਆਉਂਦੀਆਂ ਹਨ ਅਤੇ ਤੂੰ ਮੇਰੇ ਸਾਹ ਆਪਣੇ ਨਾਲ ਲੈ ਆਈ ਏਂ।’’
ਪਹਿਲੀ ਵਾਰ ਰਾਧਾ ਨੂੰ ਅਹਿਸਾਸ ਹੋਇਆ ਕਿ ਤੀਜ ਦਾ ਅਸਲੀ ਸ਼ਿੰਗਾਰ ਮਾਂ ਸਦਕਾ ਹੁੰਦਾ ਹੈ। ਤੀਜ ਦੀ ਰਾਤ ਨੂੰ ਰਾਧਾ ਨੇ ਆਪਣੀ ਮਾਂ ਨੂੰ ਕਿਹਾ, ‘‘ਮੰਮੀ, ਕੀ ਮੈਨੂੰ ਵਾਪਸ ਜਾਣਾ ਚਾਹੀਦਾ ਹੈ? ਕੀ ਇਹ ਗਲਤ ਸੀ?’’ ਸ਼ਾਰਦਾ ਦੇਵੀ ਨੇ ਰਾਧਾ ਦੇ ਮੱਥੇ ਨੂੰ ਚੁੰਮਿਆ ਅਤੇ ਕਿਹਾ, ‘‘ਧੀਏ, ਤੀਜ ਸਿਰਫ਼ ਪਤੀ ਦੀ ਲੰਮੀ ਉਮਰ ਲਈ ਰੱਖਿਆ ਜਾਣ ਵਾਲਾ ਵਰਤ ਨਹੀਂ। ਇਹ ਇੱਕ ਔਰਤ ਦੀਆਂ ਭਾਵਨਾਵਾਂ, ਉਸ ਦੇ ਰਿਸ਼ਤਿਆਂ ਅਤੇ ਉਸ ਦੀ ਪਛਾਣ ਦਾ ਜਸ਼ਨ ਹੈ। ਜੇਕਰ ਕੋਈ ਔਰਤ ਆਪਣੀ ਖ਼ੁਸ਼ੀ ਲਈ ਕੋਈ ਕਦਮ ਚੁੱਕਦੀ ਹੈ ਤਾਂ ਇਹ ਗ਼ਲਤ ਨਹੀਂ- ਹਿੰਮਤ ਹੈ। ਤੂੰ ਵਾਪਸ ਜਾਵੀਂ, ਪਰ ਆਪਣਾ ਸਿਰ ਝੁਕਾ ਕੇ ਨਹੀਂ ਸਗੋਂ ਸਿਰ ਉੱਚਾ ਕਰਕੇ।’’
ਤੀਜ ਦੀ ਅਗਲੀ ਸਵੇਰ ਰਾਧਾ ਨੇ ਆਪਣੀ ਮਾਂ ਨੂੰ ਜੱਫੀ ਪਾ ਕੇ ਅਲਵਿਦਾ ਕਿਹਾ। ਇਸ ਵਾਰ ਉਸ ਦੇ ਹੱਥ ਵਿੱਚ ਨਾ ਸਿਰਫ਼ ਇੱਕ ਬੈਗ ਸੀ ਸਗੋਂ ਉਸ ਦੇ ਦਿਲ ਵਿੱਚ ਵਿਸ਼ਵਾਸ ਵੀ ਸੀ। ਪਿੰਡ ਦੇ ਰਸਤੇ ’ਤੇ ਤੁਰਦਿਆਂ ਰਾਧਾ ਨੇ ਪਿੱਪਲ ਦਾ ਦਰੱਖਤ ਦੇਖਿਆ। ਪੀਂਘ ਹਵਾ ਵਿੱਚ ਝੂਲ ਰਹੀ ਸੀ ਜਿਵੇਂ ਉਸ ਨੂੰ ਆਸ਼ੀਰਵਾਦ ਦੇ ਰਹੀ ਹੋਵੇ। ਤੀਜ ਹੁਣ ਰਾਧਾ ਲਈ ਸਿਰਫ਼ ਵਰਤ ਰੱਖਣ ਦਾ ਦਿਨ ਨਹੀਂ ਰਿਹਾ ਸੀ। ਇਹ ਇੱਕ ਸੰਕਲਪ ਬਣ ਗਿਆ ਸੀ – ਆਪਣੇ ਆਪ ਨੂੰ ਸਮਝਣ, ਆਪਣੀ ਮਾਂ ਨੂੰ ਮਿਲਣ ਅਤੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ। ਇਹ ਹਰ ਉਸ ਔਰਤ ਦੀ ਕਹਾਣੀ ਹੈ ਜੋ ਤੀਜ ’ਤੇ ਸਿਰਫ਼ ਸਜਦੀ ਸੰਵਰਦੀ ਹੀ ਨਹੀਂ ਕਰਦੀ ਸਗੋਂ ਸਵੈ-ਮਾਣ ਵੀ ਰੱਖਦੀ ਹੈ।
Share this content:

Post Comment