Loading Now

ਤਕਨੀਕੀ ਯੁੱਗ ਅਤੇ ਅਧਿਆਪਕ ਦਾ ਰੁਤਬਾ

ਤਕਨੀਕੀ ਯੁੱਗ ਅਤੇ ਅਧਿਆਪਕ ਦਾ ਰੁਤਬਾ

ਮਨੁੱਖੀ ਜੀਵਨ ’ਤੇ ਮਾਪਿਆਂ ਤੋਂ ਬਾਅਦ ਅਧਿਆਪਕ ਦਾ ਸਭ ਤੋਂ ਵੱਧ ਪ੍ਰਭਾਵ ਪੈਂਦਾ ਹੈ। ਮਾਪੇ ਬੱਚੇ ਨੂੰ ਜਨਮ ਦਿੰਦੇ ਹਨ ਜਦੋਂਕਿ ਅਧਿਆਪਕ ਉਸ ਦੀ ਸ਼ਖ਼ਸੀਅਤ ਨੂੰ ਤਰਾਸ਼ ਕੇ ਉਸ ਦੇ ਜੀਵਨ ਨੂੰ ਸਹੀ ਦਿਸ਼ਾ ਦੇਣ ਦਾ ਕੰਮ ਕਰਦਾ ਹੈ। ਭਾਰਤੀ ਸੱਭਿਆਚਾਰ ਵਿੱਚ ਪ੍ਰਾਚੀਨ ਸਮੇਂ ਤੋਂ ਹੀ ਗੁਰੂ ਦਾ ਸਥਾਨ ਬਹੁਤ ਉੱਚਾ ਮੰਨਿਆ ਗਿਆ ਹੈ। ਭਾਰਤ ਵਿੱਚ ਹਰ ਸਾਲ 5 ਸਤੰਬਰ ਦਾ ਦਿਨ ਮਹਾਨ ਅਧਿਆਪਕ, ਦਾਰਸ਼ਨਿਕ, ਉੱਘੇ ਚਿੰਤਕ ਅਤੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਨੂੰ ਸਮਰਪਿਤ ਕਰਕੇ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਜਦੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਵਿਦਿਆਰਥੀਆਂ ਨੇ ਉਨ੍ਹਾਂ ਦਾ ਜਨਮ ਦਿਨ ਮਨਾਉਣ ਦੀ ਇੱਛਾ ਜ਼ਾਹਿਰ ਕੀਤੀ ਸੀ ਤਾਂ ਉਨ੍ਹਾਂ ਨੇ ਨਿਮਰਤਾ ਨਾਲ ਕਿਹਾ ਸੀ ਕਿ ਇਸ ਦਿਨ ਨੂੰ ਸਮੂਹ ਅਧਿਆਪਕਾਂ ਦੇ ਸਨਮਾਨ ਵਜੋਂ ਮਨਾਇਆ ਜਾਵੇ। ਉਦੋਂ ਤੋਂ ਹੀ ਇਹ ਦਿਨ ਸਮਾਜ ਨੂੰ ਇਹ ਯਾਦ ਦਿਵਾਉਣ ਦਾ ਇੱਕ ਵਿਸ਼ੇਸ਼ ਮੌਕਾ ਬਣਿਆ ਹੋਇਆ ਹੈ ਕਿ ਕਿਸੇ ਵੀ ਦੇਸ਼ ਦੀ ਤਰੱਕੀ, ਖ਼ੁਸ਼ਹਾਲੀ ਅਤੇ ਸੱਭਿਅਤਾ ਦੀ ਨੀਂਹ ਉੱਥੋਂ ਦੇ ਅਧਿਆਪਕਾਂ ਵੱਲੋਂ ਰੱਖੀ ਜਾਂਦੀ ਹੈ। ਸਾਡੇ ਸੱਭਿਆਚਾਰ ਵਿੱਚ ਅਧਿਆਪਕ ਨੂੰ ਗਿਆਨ ਦਾ ਚਾਨਣ-ਮੁਨਾਰਾ ਮੰਨਿਆ ਗਿਆ ਹੈ, ਜੋ ਪੜ੍ਹਾਉਣ ਦੇ ਨਾਲ-ਨਾਲ ਸਮਾਜ ਨੂੰ ਜੀਵਨ ਜਿਊਣ ਦੀ ਜਾਚ ਵੀ ਸਿਖਾਉਂਦਾ ਸੀ।

ਅਜੋਕੇ ਤਕਨੀਕੀ ਅਤੇ ਤੇਜ਼ ਰਫ਼ਤਾਰ ਯੁੱਗ ਵਿੱਚ ਅਧਿਆਪਕ ਦਾ ਰੁਤਬਾ ਅਤੇ ਉਸ ਦੀ ਭੂਮਿਕਾ ਨਵੇਂ ਦੌਰ ਵਿੱਚੋਂ ਲੰਘ ਰਹੀ ਹੈ। ਕਿਸੇ ਵੇਲੇ ਵਿਦਿਆਰਥੀ ਲਈ ਅਧਿਆਪਕ ਹੀ ਗਿਆਨ ਦਾ ਸਭ ਤੋਂ ਵੱਡਾ ਸਰੋਤ ਹੁੰਦਾ ਸੀ। ਅੱਜ ਮੋਬਾਈਲ ਫੋਨ, ਇੰਟਰਨੈੱਟ, ਸੋਸ਼ਲ ਮੀਡੀਆ, ਮਸਨੂਈ ਬੁੱਧੀ, ਹੋਰ ਔਨਲਾਈਨ ਪਲੈਟਫਾਰਮਾਂ ਅਤੇ ਸਿੱਖਣ-ਸਿਖਾਉਣ ਦੀਆਂ ਨਵੀਆਂ ਤਕਨੀਕਾਂ ਨੇ ਗਿਆਨ ਦੀ ਦੁਨੀਆ ਨੂੰ ਬੇਹੱਦ ਵਿਸ਼ਾਲ ਕਰ ਦਿੱਤਾ ਹੈ। ਇੱਕ ਕਲਿੱਕ ਨਾਲ ਦੁਨੀਆ ਭਰ ਦੀ ਜਾਣਕਾਰੀ ਵਿਦਿਆਰਥੀ ਦੇ ਸਾਹਮਣੇ ਆ ਜਾਂਦੀ ਹੈ, ਪਰ ਜਾਣਕਾਰੀ ਅਤੇ ਗਿਆਨ ਵਿੱਚ ਬਹੁਤ ਅੰਤਰ ਹੈ। ਵਿਦਿਆਰਥੀਆਂ ਨੂੰ ਇਹ ਅੰਤਰ ਸਮਝਾਉਣ ਵਾਲਾ ਵਿਅਕਤੀ ਅੱਜ ਵੀ ਅਧਿਆਪਕ ਹੀ ਹੈ। ਤਕਨੀਕ ਕਦੇ ਵੀ ਅਧਿਆਪਕ ਦੀ ਥਾਂ ਨਹੀਂ ਲੈ ਸਕਦੀ, ਪਰ ਇਹ ਅਧਿਆਪਕ ਲਈ ਸਹਾਇਕ ਸਾਧਨ ਜ਼ਰੂਰ ਬਣ ਸਕਦੀ ਹੈ। ਕੰਪਿਊਟਰ ਜਾਣਕਾਰੀ ਅਤੇ ਇੰਟਰਨੈੱਟ ਸੈਂਕੜੇ ਜਵਾਬ ਦੇ ਸਕਦਾ ਹੈ, ਪਰ ਕਿਸੇ ਬੱਚੇ ਦੀਆਂ ਅੱਖਾਂ ਵਿੱਚ ਛੁਪੀ ਚਿੰਤਾ ਤੇ ਚੁੱਪ ਪਿੱਛੇ ਲੁਕੀ ਪਰੇਸ਼ਾਨੀ ਨੂੰ ਸਮਝਣਾ ਅਤੇ ਉਸ ਨੂੰ ਹੌਸਲਾ ਦੇਣਾ ਤੇ ਉਸ ਅੰਦਰ ਆਤਮ-ਵਿਸ਼ਵਾਸ ਪੈਦਾ ਕਰਨ ਦਾ ਕੰਮ ਸੰਵੇਦਨਸ਼ੀਲ ਅਧਿਆਪਕ ਹੀ ਕਰ ਸਕਦਾ ਹੈ। ਅਧਿਆਪਕ ਦੀ ਮਨੁੱਖੀ ਛੋਹ ਹੀ ਬੱਚੇ ਅੰਦਰ ਛੁਪੇ ਹੁਨਰ ਨੂੰ ਪਛਾਣ ਕੇ ਉਸ ਨੂੰ ਤਰਾਸ਼ ਸਕਦੀ ਹੈ।

ਕਿਸੇ ਵੀ ਦੇਸ਼ ਦੀ ਤਰੱਕੀ ਦਾ ਅਸਲ ਆਧਾਰ ਉਸ ਦੀ ਸਿੱਖਿਆ ਪ੍ਰਣਾਲੀ ਹੁੰਦੀ ਹੈ ਅਤੇ ਸਿੱਖਿਆ ਪ੍ਰਣਾਲੀ ਦੀ ਰੂਹ ਅਧਿਆਪਕ ਹੁੰਦਾ ਹੈ। ਅਧਿਆਪਕ ਨੂੰ ਸਿਰਫ਼ ਨਤੀਜਿਆਂ ਦੇ ਪੈਮਾਨੇ ਨਾਲ ਨਹੀਂ ਸਗੋਂ ਉਸ ਦੀ ਮਿਹਨਤ ਅਤੇ ਸਮਾਜ-ਨਿਰਮਾਣ ਵਿੱਚ ਪਾਏ ਯੋਗਦਾਨ ਦੇ ਪੱਖ ਤੋਂ ਵੀ ਦੇਖਿਆ ਜਾਣਾ ਚਾਹੀਦਾ ਹੈ। ਅਜੋਕੇ ਸਮੇਂ ਵਿੱਚ ਅਧਿਆਪਕ ਦੀ ਜ਼ਿੰਮੇਵਾਰੀ ਪਹਿਲਾਂ ਨਾਲੋਂ ਕਈ ਗੁਣਾ ਵਧ ਗਈ ਹੈ। ਅੱਜ ਉਸ ਦਾ ਫ਼ਰਜ਼ ਮਹਿਜ਼ ਪਾਠਕ੍ਰਮ ਪੂਰਾ ਕਰਨਾ ਨਹੀਂ ਸਗੋਂ ਬੱਚੇ ਨੂੰ ਬਦਲਦੇ ਸਮਾਜ ਅਤੇ ਹਰ ਤਰ੍ਹਾਂ ਦੇ ਹਾਲਾਤ ਤੇ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਨਾ ਵੀ ਹੈ। ਵਿਦਿਆਰਥੀਆਂ ਵਿੱਚ ਤਰਕਸ਼ੀਲ ਸੋਚ, ਸਿਰਜਣਾਤਮਿਕਤਾ, ਅਨੁਸ਼ਾਸਨ, ਸਹਿਣਸ਼ੀਲਤਾ, ਇਮਾਨਦਾਰੀ, ਮਿਹਨਤ ਅਤੇ ਮਨੁੱਖਤਾ ਜਿਹੇ ਵਡਮੁੱਲੇ ਗੁਣ ਪੈਦਾ ਕਰਨੇ ਵੀ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ ਅਤੇ ਇਹ ਅਹਿਮ ਕਾਰਜ ਅਧਿਆਪਕ ਦੇ ਹਿੱਸੇ ਹੀ ਆਇਆ ਹੈ। ਅਜੋਕੇ ਸਮੇਂ ਵਿੱਚ ਬੱਚਿਆਂ ਸਾਹਮਣੇ ਇੱਕ ਹੋਰ ਵੱਡੀ ਚੁਣੌਤੀ ਮੋਬਾਈਲ ਅਤੇ ਸੋਸ਼ਲ ਮੀਡੀਆ ਦੀ ਵਧਦੀ ਵਰਤੋਂ ਹੈ। ਜਾਣਕਾਰੀ ਦੇ ਇਸ ਹੜ੍ਹ ਵਿੱਚ ਸਹੀ-ਗ਼ਲਤ, ਸੱਚ-ਝੂਠ ਅਤੇ ਗਿਆਨ ਤੇ ਅਫ਼ਵਾਹਾਂ ਵਿੱਚ ਫ਼ਰਕ ਸਮਝ ਸਕਣਾ ਮੁਸ਼ਕਿਲ ਹੋ ਰਿਹਾ ਹੈ। ਅਜਿਹੇ ਮਾਹੌਲ ਵਿੱਚ ਅਧਿਆਪਕ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਅਧਿਆਪਕ ਹੀ ਵਿਦਿਆਰਥੀ ਨੂੰ ਆਪਣੇ ਤਜਰਬੇ ਰਾਹੀਂ ਇਹ ਸਿਖਾਉਂਦਾ ਹੈ ਕਿ ਇੰਟਰਨੈੱਟ ’ਤੇ ਮਿਲੀ ਹਰ ਜਾਣਕਾਰੀ ਸੱਚ ਨਹੀਂ ਮੰਨੀ ਜਾ ਸਕਦੀ। ਅਧਿਆਪਕ ਦਾ ਰੁਤਬਾ ਉਸ ਦੇ ਅਹੁਦੇ ਨਾਲ ਨਹੀਂ ਸਗੋਂ ਉਸ ਅੰਦਰਲੇ ਗੁਣਾਂ, ਕਿੱਤੇ ਪ੍ਰਤੀ ਇਮਾਨਦਾਰੀ, ਸਮਾਜ ਪ੍ਰਤੀ ਜ਼ਿੰਮੇਵਾਰੀ ਅਤੇ ਵਿਦਿਆਰਥੀਆਂ ਪ੍ਰਤੀ ਸਮਰਪਣ ਦੀ ਭਾਵਨਾ ਨਾਲ ਮਾਪਿਆ ਜਾ ਸਕਦਾ ਹੈ।

ਜਿਹੜਾ ਅਧਿਆਪਕ ਖ਼ੁਦ ਸਮੇਂ ਦਾ ਪਾਬੰਦ, ਇਮਾਨਦਾਰ ਅਤੇ ਮਿਹਨਤੀ ਹੋਵੇ, ਉਹ ਕਿਸੇ ਖ਼ਾਸ ਕੋਸ਼ਿਸ਼ ਤੋਂ ਬਗੈਰ ਹੀ ਆਪਣੇ ਵਿਦਿਆਰਥੀਆਂ ਨੂੰ ਬਹੁਤ ਕੁਝ ਸਿਖਾ ਦਿੰਦਾ ਹੈ। ਅਧਿਆਪਕ ਦੀ ਸ਼ਖ਼ਸੀਅਤ ਹੀ ਵਿਦਿਆਰਥੀਆਂ ਲਈ ਸਭ ਤੋਂ ਵੱਡੀ ਪਾਠ ਪੁਸਤਕ ਹੈ। ਵਿਦਿਆਰਥੀ ਕਿਤਾਬ ਵਿੱਚੋਂ ਪੜ੍ਹੇ ਪਾਠ ਨੂੰ ਤਾਂ ਸਮਾਂ ਪਾ ਕੇ ਭੁੱਲ ਸਕਦੇ ਹਨ, ਪਰ ਅਧਿਆਪਕ ਵੱਲੋਂ ਦਿੱਤੀ ਗਈ ਅਗਵਾਈ ਅਤੇ ਹੌਸਲਾ ਉਨ੍ਹਾਂ ਨੂੰ ਸਾਰੀ ਉਮਰ ਯਾਦ ਰਹਿੰਦਾ ਹੈ। ਇਸੇ ਲਈ ਅਧਿਆਪਕ ਨੂੰ ਸਮਾਜ ਵਿੱਚ ਸਿਰਫ਼ ਇੱਕ ਸਰਕਾਰੀ ਕਰਮਚਾਰੀ ਵਜੋਂ ਦੇਖਣਾ ਉਸ ਦੀ ਭੂਮਿਕਾ ਨੂੰ ਛੋਟਾ ਕਰਨਾ ਹੈ। ਅਧਿਆਪਕ ਰਾਸ਼ਟਰ ਨਿਰਮਾਤਾ ਹੁੰਦਾ ਹੈ। ਸਮਾਜ ਵਿੱਚ ਡਾਕਟਰ, ਇੰਜੀਨੀਅਰ, ਵਿਗਿਆਨੀ, ਪ੍ਰਸ਼ਾਸਕ, ਕਲਾਕਾਰ, ਲੇਖਕ, ਸਿਪਾਹੀ, ਉਦਯੋਗਪਤੀ ਅਤੇ ਰਾਜਸੀ ਆਗੂਆਂ ਵਜੋਂ ਭੂਮਿਕਾ ਨਿਭਾਉਣ ਵਾਲਿਆਂ ਦੇ ਜੀਵਨ ਵਿੱਚ ਕਿਸੇ ਨਾ ਕਿਸੇ ਅਧਿਆਪਕ ਦਾ ਵਡਮੁੱਲਾ ਯੋਗਦਾਨ ਜ਼ਰੂਰ ਹੁੰਦਾ ਹੈ। ਇੱਕ ਅਧਿਆਪਕ ਦੀ ਮਿਹਨਤ ਦਾ ਨਤੀਜਾ ਤੁਰੰਤ ਨਹੀਂ ਮਿਲਦਾ। ਕਿਸਾਨ ਬੀਜ ਬੀਜਦਾ ਹੈ ਤਾਂ ਕੁਝ ਸਮੇਂ ਬਾਅਦ ਫ਼ਸਲ ਨਜ਼ਰ ਆ ਜਾਂਦੀ ਹੈ ਜਦੋਂਕਿ ਅਧਿਆਪਕ ਵੱਲੋਂ ਬੀਜੇ ਗਿਆਨ ਅਤੇ ਸੰਸਕਾਰਾਂ ਦੇ ਬੀਜਾਂ ਦਾ ਨਤੀਜਾ ਕਈ ਸਾਲਾਂ ਬਾਅਦ ਸਾਹਮਣੇ ਆਉਂਦਾ ਹੈ, ਪਰ ਅਧਿਆਪਕ ਦੀ ਇੱਜ਼ਤ ਸਿਰਫ਼ ਭਾਸ਼ਣਾਂ ਅਤੇ ਅਧਿਆਪਕ ਦਿਵਸ ਦੇ ਸਮਾਗਮਾਂ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ। ਅਧਿਆਪਕ ਨੂੰ ਸਨਮਾਨ ਦੇਣ ਦਾ ਅਰਥ ਉਸ ਦੇ ਕੰਮ ਦੀ ਮਹੱਤਤਾ ਨੂੰ ਸਮਝਣਾ ਹੈ। ਉਸ ਨੂੰ ਬੇਲੋੜੇ ਦਬਾਅ ਤੋਂ ਮੁਕਤ ਕਰਨਾ, ਵਿਦਿਅਕ ਕੰਮਾਂ ਲਈ ਲੋੜੀਂਦੇ ਸਰੋਤ ਮੁਹੱਈਆ ਕਰਵਾਉਣਾ ਅਤੇ ਅਧਿਆਪਨ ਕਾਰਜ ਲਈ ਢੁੱਕਵਾਂ ਮਾਹੌਲ ਦੇਣਾ ਵੀ ਸਮਾਜ ਤੇ ਸਰਕਾਰਾਂ ਦੀ ਜ਼ਿੰਮੇਵਾਰੀ ਹੈ।

ਅਜੋਕੇ ਪਦਾਰਥਵਾਦੀ ਯੁੱਗ ਵਿੱਚ ਸਿੱਖਿਆ ਸੇਵਾ ਦੀ ਥਾਂ ਇੱਕ ਮੁਨਾਫ਼ਾਖ਼ੋਰ ਕਾਰੋਬਾਰ ਬਣਦੀ ਜਾ ਰਹੀ ਹੈ। ਨਿੱਜੀਕਰਨ ਦੇ ਦੌਰ ਵਿੱਚ ਸਕੂਲਾਂ ਨੂੰ ਕੰਪਨੀਆਂ ਅਤੇ ਵਿਦਿਆਰਥੀਆਂ ਨੂੰ ਗਾਹਕ ਵਜੋਂ ਦੇਖਿਆ ਜਾਣ ਲੱਗਾ ਹੈ। ਇਸ ਵਪਾਰਕ ਸੋਚ ਨੇ ਅਧਿਆਪਕ ਅਤੇ ਵਿਦਿਆਰਥੀ ਦੇ ਪੁਰਾਤਨ ਰਿਸ਼ਤੇ ਦੇ ਨਿੱਘ ਅਤੇ ਗੰਭੀਰਤਾ ਨੂੰ ਢਾਹ ਲਾਈ ਹੈ। ਅੱਜ ਅਧਿਆਪਕਾਂ ਦਾ ਮੁਲਾਂਕਣ ਉਨ੍ਹਾਂ ਦੇ ਗਿਆਨ ਤੇ ਕਾਰਜਕੁਸ਼ਲਤਾ ਨਾਲੋਂ ਜ਼ਿਆਦਾ ਸਕੂਲਾਂ ਵਿੱਚ ਮਿਲ ਰਹੀਆਂ ਭੌਤਿਕ ਸੁਖ-ਸਹੂਲਤਾਂ ਨਾਲ ਕੀਤਾ ਜਾਣ ਲੱਗਾ ਹੈ, ਜਿਸ ਨਾਲ ਅਧਿਆਪਕ ਦਾ ਸਮਾਜਿਕ ਰੁਤਬਾ ਪ੍ਰਭਾਵਿਤ ਹੋਇਆ ਹੈ। ਦੂਜੇ ਪਾਸੇ, ਸਰਕਾਰੀ ਸਿੱਖਿਆ ਢਾਂਚਾ ਵੀ ਨਜ਼ਰਸਾਨੀ ਦੀ ਮੰਗ ਕਰਦਾ ਹੈ। ਪੜ੍ਹਾਈ ਤੋਂ ਇਲਾਵਾ ਹੋਰਨਾਂ ਕੰਮਾਂ ਵਿੱਚ ਉਲਝੇ ਅਧਿਆਪਕ ਕੋਲੋਂ ਰਾਸ਼ਟਰ ਨਿਰਮਾਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਅੱਜ ਲੋੜ ਇਸ ਗੱਲ ਦੀ ਹੈ ਕਿ ਮਾਪੇ ਵੀ ਅਧਿਆਪਕ ਨਾਲ ਸਾਂਝ ਬਣਾ ਕੇ ਰੱਖਣ ਕਿਉਂਕਿ ਬੱਚੇ ਦੀ ਸਿੱਖਿਆ ਸਿਰਫ਼ ਸਕੂਲ ਦੀ ਜ਼ਿੰਮੇਵਾਰੀ ਨਹੀਂ ਸਗੋਂ ਇਹ ਦੋਵਾਂ ਦੀ ਸਾਂਝੀ ਜ਼ਿੰਮੇਵਾਰੀ ਹੈ।
ਜਦੋਂ ਮਾਪੇ ਅਤੇ ਅਧਿਆਪਕ ਇੱਕ-ਦੂਜੇ ’ਤੇ ਭਰੋਸਾ ਕਰਨ ਅਤੇ ਮਿਲ ਕੇ ਉਪਰਾਲੇ ਕਰਨ ਤਾਂ ਇਸ ਦਾ ਸਭ ਤੋਂ ਵੱਡਾ ਲਾਭ ਵਿਦਿਆਰਥੀ ਨੂੰ ਹੁੰਦਾ ਹੈ। ਅਧਿਆਪਕ ਲਈ ਵੀ ਸਮੇਂ ਦੇ ਨਾਲ ਆਪਣੇ ਆਪ ਨੂੰ ਬਦਲਣਾ ਜ਼ਰੂਰੀ ਹੈ। ਅੱਜ ਦੇ ਵਿਦਿਆਰਥੀ ਕੋਲ ਸਵਾਲ ਵੱਧ ਹਨ, ਜਾਣਕਾਰੀ ਵੱਧ ਹੈ ਅਤੇ ਆਪਣੀ ਗੱਲ ਰੱਖਣ ਦਾ ਹੌਸਲਾ ਵੀ ਵੱਧ ਹੈ। ਇਸ ਲਈ ਅਧਿਆਪਕ ਨੂੰ ਵੀ ਨਵੀਆਂ ਤਕਨੀਕਾਂ, ਨਵੀਆਂ ਅਧਿਆਪਨ ਵਿਧੀਆਂ ਅਤੇ ਬਦਲ ਰਹੀਆਂ ਸਮਾਜਿਕ ਲੋੜਾਂ ਨਾਲ ਆਪਣੇ ਆਪ ਨੂੰ ਜੋੜਨਾ ਪਵੇਗਾ। ਜਿਹੜਾ ਅਧਿਆਪਕ ਖ਼ੁਦ ਸਿੱਖਣਾ ਬੰਦ ਕਰ ਦਿੰਦਾ ਹੈ, ਉਹ ਵਿਦਿਆਰਥੀਆਂ ਨੂੰ ਲੰਮੇ ਸਮੇਂ ਤੱਕ ਨਵੀਂ ਦਿਸ਼ਾ ਨਹੀਂ ਦੇ ਸਕਦਾ। ਅਧਿਆਪਕ ਦਾ ਅਸਲ ਟੀਚਾ ਵਿਦਿਆਰਥੀ ਨੂੰ ਸਿਰਫ਼ ਕਿਤਾਬੀ ਗਿਆਨ ਦੇਣਾ ਨਹੀਂ ਸਗੋਂ ਜੀਵਨ ਦੀ ਸੂਝ ਦੇਣੀ ਵੀ ਹੋਣਾ ਚਾਹੀਦਾ ਹੈ।
ਇੱਕ ਆਦਰਸ਼ ਅਧਿਆਪਕ ਕੋਲ ਵਿਦਿਆਰਥੀ ਦੀ ਜ਼ਿੰਦਗੀ ਬਦਲਣ ਦੀ ਸਮਰੱਥਾ ਹੁੰਦੀ ਹੈ। ਕਈ ਵਾਰ ਇੱਕ ਛੋਟਾ ਜਿਹਾ ਵਾਕ, ਇੱਕ ਹੌਸਲੇ ਦੀ ਥਾਪੀ ਜਾਂ ਇੱਕ ਸਹੀ ਸਲਾਹ ਵਿਦਿਆਰਥੀ ਨੂੰ ਨਿਰਾਸ਼ਾ ਵਿੱਚੋਂ ਕੱਢ ਕੇ ਕਾਮਯਾਬੀ ਦੇ ਰਾਹ ’ਤੇ ਲੈ ਜਾਂਦੀ ਹੈ। ਇਸ ਲਈ ਅਧਿਆਪਕ ਦਾ ਰੁਤਬਾ ਅੱਜ ਵੀ ਓਨਾ ਹੀ ਉੱਚਾ ਹੈ, ਜਿੰਨਾ ਪੁਰਾਣੇ ਸਮਿਆਂ ਵਿੱਚ ਸੀ। ਫ਼ਰਕ ਸਿਰਫ਼ ਇਹ ਹੈ ਕਿ ਅੱਜ ਅਧਿਆਪਕ ਦੀ ਭੂਮਿਕਾ ਦਾ ਖੇਤਰ ਹੋਰ ਵਿਸ਼ਾਲ ਹੋ ਗਿਆ ਹੈ। ਉਹ ਗਿਆਨ ਦੇਣ ਵਾਲੇ ਤੋਂ ਗਿਆਨ ਦਾ ਮਾਰਗਦਰਸ਼ਕ ਬਣ ਗਿਆ ਹੈ। ਮੰਨਿਆ ਜਾਂਦਾ ਹੈ ਕਿ ਕਿਸੇ ਵੀ ਦੇਸ਼ ਦਾ ਭਵਿੱਖ ਉਸ ਦੀਆਂ ਇਮਾਰਤਾਂ ਵਿੱਚ ਨਹੀਂ, ਉਸ ਦੇ ਕਲਾਸਰੂਮਾਂ ਵਿੱਚ ਤਿਆਰ ਹੁੰਦਾ ਹੈ। ਕਲਾਸਰੂਮ ਵਿੱਚ ਭਵਿੱਖ ਨੂੰ ਘੜਨ ਵਾਲਾ ਸਭ ਤੋਂ ਮਹੱਤਵਪੂਰਨ ਕਿਰਦਾਰ ਅਧਿਆਪਕ ਦਾ ਹੁੰਦਾ ਹੈ। ਇਸ ਲਈ ਅਧਿਆਪਕ ਦਾ ਸਤਿਕਾਰ ਕਰਨਾ ਅਸਲ ਵਿੱਚ ਆਪਣੇ ਭਵਿੱਖ ਦਾ ਸਤਿਕਾਰ ਕਰਨਾ ਹੈ। ਅਧਿਆਪਕ ਦਿਵਸ ਮੌਕੇ ਸਿਰਫ਼ ਸਮਾਗਮ ਕਰਵਾ ਲੈਣੇ ਅਤੇ ਜਸ਼ਨ ਮਨਾ ਲੈਣੇ ਹੀ ਕਾਫ਼ੀ ਨਹੀਂ ਸਗੋਂ ਅਧਿਆਪਕਾਂ ਦੇ ਯੋਗਦਾਨ ਨੂੰ ਦਿਲੋਂ ਸਵੀਕਾਰ ਕਰਨਾ ਚਾਹੀਦਾ ਹੈ। ਅਧਿਆਪਕ ਉਹ ਸ਼ਖ਼ਸ ਹੈ, ਜੋ ਆਪਣੇ ਵਿਦਿਆਰਥੀਆਂ ਦੀ ਕਾਮਯਾਬੀ ਵਿੱਚ ਆਪਣੀ ਕਾਮਯਾਬੀ ਲੱਭਦਾ ਹੈ ਅਤੇ ਆਪਣੀ ਸਾਰੀ ਜ਼ਿੰਦਗੀ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਸਮਰਪਿਤ ਕਰ ਦਿੰਦਾ ਹੈ। ਇਸ ਲਈ ਅਧਿਆਪਕ ਦਿਵਸ ਦੀ ਸਾਰਥਿਕਤਾ ਵੀ ਤਾਂ ਹੀ ਹੈ ਜੇਕਰ ਅਸੀਂ ਅਧਿਆਪਕ ਦਾ ਸਤਿਕਾਰ ਇੱਕ ਦਿਨ ਦੀ ਬਜਾਏ ਸਾਲ ਦੇ ਹਰ ਦਿਨ ਕਰਨ ਦੀ ਸੋਚ ਰੱਖੀਏ।

Share this content:

Post Comment