ਡੇਢ ਏਕੜ ਖੇਤ ਵਿੱਚ ਪਰਾਲੀ ਅੱਗ ਲਾਉਣ ਦੇ ਮਾਮਲੇ ‘ਚ ਕਿਸਾਨ ਖ਼ਿਲਾਫ਼ ਕੇਸ ਦਰਜ਼
ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਪ੍ਰਸ਼ਾਸਨ ਦੀ ਸਖ਼ਤੀ ਦੇ ਬਾਵਜੂਦ ਕਿਸਾਨ ਖੇਤਾਂ ਵਿੱਚ ਪਰਾਲੀ ਸਾੜਨ ਤੋਂ ਬਾਜ਼ ਨਹੀਂ ਆ ਰਹੇ। ਪਿੰਡ ਕੀੜੀ ਅਫ਼ਗ਼ਾਨਾ ਵਿੱਚ ਇੱਕ ਕਿਸਾਨ ਵੱਲੋਂ ਕਰੀਬ ਡੇਢ ਏਕੜ ਖੇਤ ਵਿੱਚ ਪਰਾਲੀ ਸਾੜਨ ਦੇ ਮਾਮਲੇ ਵਿੱਚ ਸਥਾਨਕ ਪੁਲੀਸ ਨੇ ਕਿਸਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਖੇਤੀਬਾੜੀ ਵਿਭਾਗ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਕਿਸਾਨ ਤੋਂ ਪਹਿਲਾਂ ਹੀ 5 ਹਜ਼ਾਰ ਰੁਪਏ ਜੁਰਮਾਨਾ ਵਸੂਲ ਕਰ ਲਿਆ ਸੀ। ਥਾਣਾ ਮੁਖੀ ਇੰਸਪੈਕਟਰ ਸ਼ਵਿੰਦਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਕਾਸ ਅਧਿਕਾਰੀ ਅਤੇ ਬਲਾਕ ਦੇ ਕਲੱਸਟਰ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਪਿੰਡ ਕੀੜੀ ਅਫ਼ਗ਼ਾਨਾ ਦੇ ਨੋਡਲ ਅਧਿਕਾਰੀ ਕੰਵਲ ਬੈਨੀਪਾਲ ਨੇ ਇੱਕ ਖੇਤ ਵਿੱਚ ਪਰਾਲੀ ਸਾੜਨ ਦੀ ਘਟਨਾ ਦੇਖੀ ਸੀ। ਇਸ ਤੋਂ ਬਾਅਦ ਖੇਤੀਬਾੜੀ ਵਿਕਾਸ ਅਧਿਕਾਰੀ ਅਤੇ ਪਿੰਡ ਦੇ ਨੰਬਰਦਾਰ ਨੇ ਵੀ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਜਾਂਚ ਦੌਰਾਨ ਕਰੀਬ ਡੇਢ ਏਕੜ ਰਕਬੇ ਵਿੱਚ ਪਰਾਲੀ ਸਾੜੀ ਹੋਈ ਪਾਈ ਗਈ। ਇਸ ਮਾਮਲੇ ਵਿੱਚ ਕਿਸਾਨ ਸਤਪਾਲ ਸਿੰਘ ਦਾ ਚਲਾਨ ਕੱਟ ਕੇ ਉਸ ਤੋਂ 5 ਹਜ਼ਾਰ ਰੁਪਏ ਜੁਰਮਾਨਾ ਨਕਦ ਵਸੂਲ ਕੀਤਾ ਗਿਆ। ਪੁਲੀਸ ਨੇ ਖੇਤੀਬਾੜੀ ਵਿਭਾਗ ਦੀ ਸ਼ਿਕਾਇਤ ਦੇ ਆਧਾਰ ’ਤੇ ਉਕਤ ਕਿਸਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Share this content:



Post Comment