Loading Now

ਡਾ. ਦੀਵਾਨ ਸਿੰਘ ਕਾਲੇਪਾਣੀ ਨੂੰ ਸਮਰਪਿਤ ਸਮਾਗਮ ਨਾਲ 17 ਅਪ੍ਰੈਲ ਨੂੰ ਹੋਵੇਗੀ ਸ਼ੁਰੂਆਤ- ਜਸਵੰਤ ਸਿੰਘ ਜ਼ਫਰ

ਡਾ. ਦੀਵਾਨ ਸਿੰਘ ਕਾਲੇਪਾਣੀ ਨੂੰ ਸਮਰਪਿਤ ਸਮਾਗਮ ਨਾਲ 17 ਅਪ੍ਰੈਲ ਨੂੰ ਹੋਵੇਗੀ ਸ਼ੁਰੂਆਤ- ਜਸਵੰਤ ਸਿੰਘ ਜ਼ਫਰ

WhatsApp-Image-2026-04-16-at-5.26.41-PM-1-647x1024 ਡਾ. ਦੀਵਾਨ ਸਿੰਘ ਕਾਲੇਪਾਣੀ ਨੂੰ ਸਮਰਪਿਤ ਸਮਾਗਮ ਨਾਲ 17 ਅਪ੍ਰੈਲ ਨੂੰ ਹੋਵੇਗੀ ਸ਼ੁਰੂਆਤ- ਜਸਵੰਤ ਸਿੰਘ ਜ਼ਫਰ
ਡਾ. ਦੀਵਾਨ ਸਿੰਘ ਕਾਲੇਪਾਣੀ

*ਭਾਸ਼ਾ ਵਿਭਾਗ ਪੰਜਾਬ ਵੱਲੋਂ ਕੀਤੇ ਜਾਣਗੇ ਸਾਹਿਤਕ ਸਮਾਗਮਾਂ
*ਪੂਰਾ ਸਾਲ ਗੁਰੂਆਂ, ਦੇਸ਼ ਭਗਤਾਂ ਤੇ ਸਾਹਿਤਕਾਰਾਂ ਦੇ ਜਨਮ ਦਿਹਾੜੇ
ਦਾਨਿਸ਼ਵਰਾਂ ਦੇ ਜਨਮ ਦਿਨ ਮਨਾਏ ਜਾਣਗੇ
*ਵੱਖ-ਵੱਖ ਥਾਂਵਾਂ ਤੇ ਵੱਖ ਵੱਖ ਵੰਨਗੀਆਂ ਹੋਣਗੇ ਸਾਹਿਤਕ ਤੇ ਸੱਭਿਆਚਾਰਕ ਸਮਾਗਮ

ਪਟਿਆਲਾ, 16 ਅਪ੍ਰੈਲ (ਗਿਆਨ ਸਿੰਘ/ਏ ਡੀ ਪੀ ਨਿਊਜ਼) – ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਜਾਣ ਵਾਲੇ ਸਮਾਗਮਾਂ ਦਾ ਸਰੂਪ ਚਾਲੂ ਵਿੱਤੀ ਵਰ੍ਹੇ 2026-27 ਦੌਰਾਨ ਨਵਾਂ ਤੇ ਨਿਵੇਕਲਾ ਨਜ਼ਰ ਆਵੇਗਾ। ਇਸ ਸਬੰਧੀ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਵਿਭਾਗ ਵੱਲੋਂ ਰਵਾਇਤੀ ਅੰਦਾਜ਼ ’ਚ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਜਿੱਥੇ ਗਿਣਤੀ ’ਚ ਵਾਧਾ ਕੀਤਾ ਗਿਆ ਹੈ ਉੱਥੇ ਇਨ੍ਹਾਂ ਦੇ ਆਯੋਜਨ ਦੇ ਢੰਗਾਂ ਅਤੇ ਮਨੋਰਥਾਂ ਵਿੱਚ ਵੀ ਨਵੀਨਤਾ ਦਿਖਾਈ ਦੇਵੇਗੀ। ਜਿਸ ਸਦਕਾ ਪੰਜਾਬੀ ਭਾਸ਼ਾ ਦਾ ਪ੍ਰਚਾਰ- ਪਸਾਰ ਵਧੇਰੇ ਸੁਚਾਰੂ ਢੰਗ ਨਾਲ ਹੋਵੇਗਾ ਅਤੇ ਨਵੀਂ ਪੀੜ੍ਹੀ ਦਾ ਪੰਜਾਬੀ ਭਾਸ਼ਾ ਪ੍ਰਤੀ ਲਗਾਅ ਵਧੇਗਾ। ਸ. ਜ਼ਫ਼ਰ ਨੇ ਦੱਸਿਆ ਕਿ ਭਾਸ਼ਾ ਵਿਭਾਗ ਵੱਲੋਂ ਇਸ ਮਾਲੀ ਵਰੇ੍ ਦੌਰਾਨ ਗੁਰੂਆਂ, ਦੇਸ਼ ਭਗਤਾਂ ਤੇ ਸਾਹਿਤਕਾਰਾਂ ਦੇ ਜਨਮ ਦਿਨ ਨਿਵੇਕਲੇ ਤਰੀਕੇ ਨਾਲ, ਉਨ੍ਹਾਂ ਦੀ ਜਨਮ ਭੂਮੀ ’ਤੇ ਜਾਂ ਹੋਰਨਾਂ ਢੁਕਵੀਆਂ ਥਾਵਾਂ ’ਤੇ ਮਨਾਏ ਜਾਣਗੇ।

ਇਨ੍ਹਾਂ ਮੌਕਿਆਂ ’ਤੇ ਕਰਵਾਏ ਜਾਣ ਵਾਲੇ ਸਮਾਗਮਾਂ ਦੌਰਾਨ ਸਬੰਧਤ ਗੁਰੂ ਸਾਹਿਬਾਨਾਂ ਦੀ ਬਾਣੀ, ਫਿਲਾਸਫ਼ੀ ਤੇ ਸਿੱਖਿਆਵਾਂ, ਦੇਸ਼ ਭਗਤਾਂ ਦੀਆਂ ਜੁਝਾਰੂ ਲਿਖਤਾਂ, ਕੁਰਬਾਨੀਆਂ ਤੇ ਜੀਵਨ ਬਾਰੇ ਅਤੇ ਉੱਘੇ ਲਿਖਾਰੀਆਂ ਦੀਆਂ ਸਾਹਿਤਕ ਕ੍ਰਿਤਾਂ ਤੇ ਜੀਵਨ ਬਾਰੇ ਬਹੁਪਰਤੀ ਗੋਸ਼ਟੀਆਂ ਤੇ ਸੈਮੀਨਾਰ ਕਰਵਾਏ ਜਾਣਗੇ। ਇਨ੍ਹਾਂ ਸਮਾਗਮਾਂ ਦਾ ਟੀਚਾ ਨਵੀਂ ਪੀੜ੍ਹੀ ਨੂੰ ਵੱਧ ਤੋਂ ਵੱਧ ਸਾਡੇ ਗੁਰੂਆਂ, ਦੇਸ਼ ਭਗਤਾਂ ਤੇ ਸਾਹਿਤਕਾਰਾਂ ਦੀਆਂ ਸ਼ਖ਼ਸੀਅਤਾਂ ਦੇ ਵੱਖ-ਵੱਖ ਪਹਿਲੂਆਂ ਦੀ ਜਾਣਕਾਰੀ ਦੇ ਕੇ, ਦੇਸ਼ ਭਗਤੀ, ਸਾਹਿਤ ਅਤੇ ਨੈਤਿਕ ਕਦਰਾਂ ਕੀਮਤਾਂ ਨਾਲ ਜੋੜਨਾ ਹੋਵੇਗਾ।
ਸ. ਜ਼ਫ਼ਰ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਦੌਰਾਨ ਨਾਮਵਰ ਵਿਦਵਾਨ, ਲੇਖਕ ਤੇ ਕਵੀ ਆਪਣੀਆਂ ਰਚਨਾਵਾਂ ਰਾਹੀਂ ਦਾਨਿਸ਼ਵਰਾਂ ਅਤੇ ਉਨ੍ਹਾਂ ਦੀਆਂ ਰਚਨਾਵਾਂ ਬਾਰੇ ਚਾਨਣਾ ਪਾਉਣਗੇ। ਉਹਨਾਂ ਦੱਸਿਆ ਕਿ ਹਰ ਸਮਾਗਮ ਦਾ ਥੀਮ (ਵਿਸ਼ਾ) ਕਿਸੇ ਨਾ ਕਿਸੇ ਦਾਨਿਸ਼ਵਰ ਨਾਲ ਸਬੰਧਤ ਵਿਸ਼ਾ ਹੋਵੇਗਾ। ਮਿਸਾਲ ਵਜੋਂ ਭਾਸ਼ਾ ਵਿਭਾਗ ਵੱਲੋਂ ਗੁਰੂਆਂ ਦੇ ਪ੍ਰਕਾਸ਼ ਦਿਹਾੜਿਆਂ ਮੌਕੇ ਉਨ੍ਹਾਂ ਦੀ ਬਾਣੀ ਦੇ ਵੱਖ-ਵੱਖ ਸਰੋਕਾਰਾਂ ਬਾਰੇ ਗੋਸ਼ਟੀਆਂ, ਲਿਖਾਰੀਆਂ ਤੇ ਢਾਡੀਆਂ ਤੇ ਕਵੀਸ਼ਰਾਂ ਦੇ ਜਨਮ ਦਿਨ ਸਾਹਿਤਕ ਸਮਾਗਮਾਂ ਦੇ ਰੂਪ ’ਚ ਮਨਾਏ ਜਾਣਗੇ। ਇਸ ਤੋਂ ਇਲਾਵਾ ਵਿਭਾਗ ਵੱਲੋਂ ਮਾਂ ਬੋਲੀ, ਹਿੰਦੀ ਤੇ ਸੰਸਕ੍ਰਿਤ ਦਿਵਸ, ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਪੰਜਾਬੀ ਤੇ ਹਿੰਦੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲੇ ਵੀ ਕਰਵਾਏ ਜਾਣਗੇ। ਸਕੂਲੀ ਬੱਚਿਆਂ ਦੇ ਪ੍ਰਸ਼ਨੋਤਰੀ ਮੁਕਾਬਲੇ ਵੀ ਕਰਵਾਏ ਜਾਣਗੇ।

ਸਮਾਗਮਾਂ ਦੀ ਸ਼ੁਰੂਆਤ 17 ਅਪ੍ਰੈਲ ਨੂੰ ਭਾਸ਼ਾ ਭਵਨ ਪਟਿਆਲਾ ਵਿਖੇ ਡਾ. ਦੀਵਾਨ ਸਿੰਘ ਕਾਲੇਪਾਣੀ ਸਬੰਧੀ ਕਰਵਾਏ ਜਾਣ ਵਾਲੇ ਵਿਸ਼ੇਸ਼ ਸਮਾਗਮ ਨਾਲ ਹੋਵੇਗੀ। ਇਸ ਬਾਅਦ ਦੁਪਹਿਰ 2 ਵਜੇ ਸ਼ੁਰੂ ਹੋਣ ਵਾਲੇ ਸਮਾਗਮ ਦੌਰਾਨ ‘ਕਾਲੇਪਾਣੀ ਦਾ ਹੰਸ’ ਵਿਸ਼ੇ ਰਾਹੀਂ ਸ. ਜਸਵੰਤ ਸਿੰਘ ਜ਼ਫ਼ਰ, ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਸ਼ਖ਼ਸੀਅਤ ਤੇ ਰਚਨਾਵਾਂ ਬਾਰੇ ਚਾਨਣਾ ਪਾਉਣਗੇ। ਇਸ ਮੌਕੇ ਡਾ. ਆਤਮਜੀਤ ਆਪਣੇ ਨਾਟਕ ‘ਕਿਸ਼ਤੀਆਂ ਵਿੱਚ ਜਹਾਜ਼’ ਦਾ ਪਾਠ ਕਰਨਗੇ। ਇਸੇ ਮਹੀਨੇ ਦੌਰਾਨ (26 ਅਪ੍ਰੈਲ) ਨੂੰ ਉੱਘੇ ਵਾਰਤਕਕਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਯਾਦ ਵਿੱਚ ਪਟਿਆਲਾ ਤੋਂ ਪ੍ਰੀਤ ਨਗਰ (ਅੰਮ੍ਰਿਤਸਰ) ਤੱਕ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਵੱਲੋਂ ਭਾਸ਼ਾ ਵਿਭਾਗ ਦੀ ਅਗਵਾਈ ’ਚ ਵਿਸ਼ੇਸ਼ ਪ੍ਰੀਤ ਯਾਤਰਾ ਕੱਢੀ ਜਾਵੇਗੀ ਅਤੇ ਪ੍ਰੀਤ ਨਗਰ ਵਿਖੇ ਸ਼ਾਨਦਾਰ ਸਾਹਿਤਕ ਸਮਾਗਮ ਕਰਵਾਇਆ ਜਾਵੇਗਾ।

Share this content:

Post Comment