Loading Now

ਟਰੰਪ ਟੈਰਿਫ ਦੀ ਇਕ ਹੋਰ ਡੋਜ਼

ਟਰੰਪ ਟੈਰਿਫ ਦੀ ਇਕ ਹੋਰ ਡੋਜ਼

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਵਾਈਆਂ ’ਤੇ ਸੌ ਫ਼ੀਸਦੀ ਟੈਰਿਫ ਲਗਾਉਣ ਦਾ ਐਲਾਨ ਕਰ ਕੇ ਇਕ ਵਾਰ ਫਿਰ ਹਲਚਲ ਮਚਾ ਦਿੱਤੀ ਹੈ। ਖ਼ੁਸ਼ੀ ਦੀ ਗੱਲ ਇਹ ਹੈ ਕਿ ਉਨ੍ਹਾਂ ਨੇ ਸਿਰਫ਼ ਪੇਟੈਂਟ ਦਵਾਈਆਂ ’ਤੇ ਹੀ ਟੈਰਿਫ ਲਗਾਇਆ ਹੈ। ਇਸ ਕਾਰਨ ਭਾਰਤੀ ਫਾਰਮਾ ਕੰਪਨੀਆਂ ’ਤੇ ਜ਼ਿਆਦਾ ਅਸਰ ਨਹੀਂ ਪਵੇਗਾ ਕਿਉਂਕਿ ਉਹ ਅਮਰੀਕਾ ਨੂੰ ਮੁੱਖ ਤੌਰ ’ਤੇ ਜੈਨਰਿਕ ਦਵਾਈਆਂ ਦੀ ਹੀ ਸਪਲਾਈ ਕਰਦੀਆਂ ਹਨ। ਇਨ੍ਹਾਂ ਕੰਪਨੀਆਂ ਦੀਆਂ ਅਮਰੀਕਾ ਨੂੰ ਨਿਰਯਾਤ ਕੀਤੀਆਂ ਜਾਣ ਵਾਲੀਆਂ ਦਵਾਈਆਂ ਵਿਚ ਜੈਨਰਿਕ ਦਵਾਈਆਂ ਦਾ ਹਿੱਸਾ 95 ਫ਼ੀਸਦ ਹੈ। ਜਦਕਿ ਪੰਜ ਫ਼ੀਸਦ ਹਿੱਸਾ ਹੀ ਪੇਟੈਂਟ ਦਵਾਈਆਂ ਦਾ ਹੈ। ਇਸ ਲਈ ਅਮਰੀਕੀ ਰਾਸ਼ਟਰਪਤੀ ਦੇ ਫ਼ੈਸਲੇ ਨਾਲ ਭਾਰਤੀ ਹਿੱਤਾਂ ਨੂੰ ਫ਼ਿਲਹਾਲ ਨੁਕਸਾਨ ਨਹੀਂ ਹੋਣ ਜਾ ਰਿਹਾ ਪਰ ਜਿਸ ਤਰ੍ਹਾਂ ਭਾਰਤੀ ਫਾਰਮਾ ਕੰਪਨੀਆਂ ਦੇ ਸ਼ੇਅਰਾਂ ਵਿਚ ਗਿਰਾਵਟ ਆਈ, ਉਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਸ਼ੇਅਰ ਬਾਜ਼ਾਰ ਟਰੰਪ ਦੇ ਫਾਰਮਾ ਟੈਰਿਫ ਦੇ ਦਾਇਰੇ ਨੂੰ ਸਿਰਫ਼ ਪੇਟੈਂਟ ਦਵਾਈਆਂ ਤੱਕ ਸੀਮਤ ਰੱਖਣ ’ਤੇ ਯਕੀਨ ਨਹੀਂ ਕਰ ਰਿਹਾ। ਜੋ ਵੀ ਹੋਵੇ, ਟਰੰਪ ਦੇ ਇਕ ਅਕਤੂਬਰ ਤੋਂ ਪ੍ਰਭਾਵੀ ਹੋਣ ਵਾਲੇ ਦਵਾਈਆਂ ’ਤੇ ਸੌ ਫ਼ੀਸਦੀ ਟੈਰਿਫ ਲਗਾਉਣ ਦੇ ਫ਼ੈਸਲੇ ਨੇ ਭਾਰਤ ਦੀਆਂ ਫਾਰਮਾ ਕੰਪਨੀਆਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਉਹ ਆਪਣੇ ਭਵਿੱਖੀ ਕਦਮਾਂ ਲਈ ਸਾਵਧਾਨ ਰਹਿਣ।

ਉਨ੍ਹਾਂ ਫਾਰਮਾ ਕੰਪਨੀਆਂ ਨੂੰ ਤਾਂ ਸਾਵਧਾਨੀ ਵਰਤਣੀ ਹੀ ਚਾਹੀਦੀ ਹੈ ਜੋ ਜੈਨਰਿਕ ਦੇ ਨਾਲ-ਨਾਲ ਪੇਟੈਂਟ ਦਵਾਈਆਂ ਵੀ ਅਮਰੀਕਾ ਨੂੰ ਵੇਚਦੀਆਂ ਹਨ ਜਾਂ ਵੇਚਣ ਦਾ ਇਰਾਦਾ ਰੱਖਦੀਆਂ ਹਨ। ਭਾਵੇਂ ਟਰੰਪ ਵੱਲੋਂ ਦਵਾਈਆਂ ’ਤੇ ਟੈਰਿਫ ਲਗਾਉਣ ਨਾਲ ਯੂਰਪੀ ਦੇਸ਼ਾਂ ਦੀਆਂ ਉਹ ਕੰਪਨੀਆਂ ਹੀ ਜ਼ਿਆਦਾ ਪ੍ਰਭਾਵਿਤ ਹੋਈਆਂ ਹੋਣ ਜੋ ਉਸ ਨੂੰ ਪੇਟੈਂਟ ਦਵਾਈਆਂ ਦੀ ਸਪਲਾਈ ਕਰਦੀਆਂ ਹਨ ਪਰ ਭਾਰਤ ਇਸ ਗੱਲ ਦੀ ਅਣਦੇਖੀ ਨਹੀਂ ਕਰ ਸਕਦਾ ਕਿ ਇਸ ਤੋਂ ਪਹਿਲਾਂ ਅਮਰੀਕਾ ਨੇ ਭਾਰਤੀ ਵਸਤਾਂ ’ਤੇ 50 ਫ਼ੀਸਦ ਟੈਰਿਫ ਲਗਾ ਰੱਖਿਆ ਹੈ। ਇਸ ਤੋਂ ਇਲਾਵਾ, ਟਰੰਪ ਨੇ ਈਰਾਨ ਦੀ ਚਾਬਹਾਰ ਬੰਦਰਗਾਹ ’ਤੇ ਭਾਰਤ ਨੂੰ ਦਿੱਤੀ ਗਈ ਰਿਆਇਤ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਹਾਲ ਹੀ ਵਿਚ ਐੱਚ-1 ਬੀ ਵੀਜ਼ੇ ਦੀ ਫੀਸ ਵਿਚ ਅਣਕਿਆਸਾ ਵਾਧਾ ਕਰ ਚੁੱਕੇ ਹਨ। ਉਨ੍ਹਾਂ ਦੇ ਇਹ ਤਿੰਨੋ ਹੀ ਕਦਮ ਭਾਰਤੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਹਨ। ਇਸ ਦੀ ਵੀ ਅਣਦੇਖੀ ਨਹੀਂ ਕੀਤੀ ਜਾਣੀ ਚਾਹੀਦੀ ਕਿ ਅਮਰੀਕੀ ਰਾਸ਼ਟਰਪਤੀ ਰੂਸ ਤੋਂ ਤੇਲ ਖ਼ਰੀਦਣ ਕਾਰਨ ਭਾਰਤ ਨੂੰ ਤਾਂ ਨਿਸ਼ਾਨਾ ਬਣਾ ਰਹੇ ਹਨ ਪਰ ਚੀਨ ਅਤੇ ਤੁਰਕੀ ਖ਼ਿਲਾਫ਼ ਕੋਈ ਕਦਮ ਚੁੱਕਣ ਤੋਂ ਇਨਕਾਰ ਕਰ ਰਹੇ ਹਨ।
ਇਹ ਸਹੀ ਹੈ ਕਿ ਭਾਰਤ ਦੇ ਅਡੋਲ ਰਹਿਣ ਅਤੇ ਅਮਰੀਕਾ ਦੇ ਦੋਹਰੇ ਮਾਪਦੰਡਾਂ ਨੂੰ ਬੇਨਕਾਬ ਕਰਨ ਸਦਕਾ ਅਮਰੀਕੀ ਰਾਸ਼ਟਰਪਤੀ ਨੇ ਭਾਰਤ ਪ੍ਰਤੀ ਆਪਣੇ ਕਠੋਰ ਰੁਖ਼ ਨੂੰ ਨਰਮ ਕੀਤਾ ਹੈ ਪਰ ਗੱਲ ਤਦ ਹੀ ਬਣੇਗੀ ਜਦੋਂ ਦੋਹਾਂ ਦੇਸ਼ਾਂ ਵਿਚਕਾਰ ਆਪਸੀ ਵਪਾਰ ਸਮਝੌਤਾ ਹੋ ਜਾਵੇਗਾ। ਭਾਰਤ ਦੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਉਹ ਜਲਦੀ ਤੋਂ ਜਲਦੀ ਇਸ ਸਮਝੌਤੇ ਨੂੰ ਆਖ਼ਰੀ ਰੂਪ ਦੇਵੇ ਅਤੇ ਇਸ ਦੌਰਾਨ ਆਪਣੇ ਹਿੱਤਾਂ ਦੀ ਰੱਖਿਆ ਕਰੇ। ਜੇਕਰ ਅਜਿਹਾ ਹੋ ਜਾਵੇ ਤਾਂ ਵੀ ਭਾਰਤ ਨੂੰ ਸਵਦੇਸ਼ੀ ਅਤੇ ਆਤਮ-ਨਿਰਭਰਤਾ ਦੇ ਰਾਹ ’ਤੇ ਅੱਗੇ ਵਧਣ ਵਿਚ ਕੋਈ ਕਸਰ ਨਹੀਂ ਛੱਡਣੀ ਚਾਹੀਦੀ।

Share this content:

Post Comment